ਦੁਨੀਆ ਬਦਲ ਰਹੀ ਹੈ। ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਅਮਰੀਕਾ ਨੇ ਸਮਝ ਲਿਆ ਸੀ ਕਿ ਹੁਣ ਉਸ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ ਰਿਹਾ। ਇਸ ਲਈ ਉਹ ਬੀਤੇ ਤਿੰਨ ਦਹਾਕੇ ਵਿਕਾਸਸ਼ੀਲ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਨੂੰ ਪੈਰਾਂ ਹੇਠ ਰੋਲਦਾ ਆਪਣੀਆਂ ਤਿਜੌਰੀਆਂ ਭਰਦਾ ਰਿਹਾ। ਉਸ ਦਾ ਸਭ ਤੋਂ ਵੱਡਾ ਹਥਿਆਰ ਡਾਲਰ ਸੀ। ਹੁਣ ਡਾਲਰ ਦੀ ਬਾਦਸ਼ਾਹਤ ਮੁੱਕ ਰਹੀ ਹੈ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਏ ਬ੍ਰੇਟਨ ਵੁਡਜ਼ ਸਮਝੌਤੇ ਅਧੀਨ ਡਾਲਰ ਕੌਮਾਂਤਰੀ ਕਰੰਸੀ ਬਣ ਗਿਆ ਸੀ। ਉਸ ਸਮੇਂ ਤੈਅ ਹੋਇਆ ਕਿ ਅਮਰੀਕਾ ਆਪਣੇ ਭੰਡਾਰ ਵਿੱਚ ਪਏ ਸੋਨੇ ਦੇ ਇੱਕ ਔਂਸ ਪਿੱਛੇ 35 ਡਾਲਰ ਛਾਪ ਸਕੇਗਾ। ਇਸ ਮੁਤਾਬਕ ਬਾਕੀ ਦੁਨੀਆ ਦੀਆਂ ਕਰੰਸੀਆਂ ਦੀ ਕੀਮਤ ਡਾਲਰ ਨਾਲ ਨਿਰਧਾਰਤ ਹੋਵੇਗੀ । ਇਸ ਦਾ ਅਰਥ ਸੀ ਕਿ ਜਦੋਂ ਵੀ ਕੋਈ ਦੇਸ਼ ਚਾਹੇਗਾ, ਉਹ ਆਪਣੇ ਖ਼ਜ਼ਾਨੇ ਵਿੱਚ ਪਏ ਡਾਲਰ ਅਮਰੀਕਾ ਨੂੰ ਵਾਪਸ ਕਰਕੇ ਉਸ ਤੋਂ 35 ਡਾਲਰ ਦੇ ਇੱਕ ਔਂਸ ਸੋਨੇ ਮੁਤਾਬਕ ਸੋਨਾ ਵਸੂਲ ਸਕੇਗਾ। ਵੀਅਤਨਾਮ ਯੁੱਧ ਦੌਰਾਨ ਜਦੋਂ ਅਮਰੀਕਾ ਦੀ ਅਰਥ-ਵਿਵਸਥਾ ਚੌਪਟ ਹੋਣ ਲੱਗੀ ਤਾਂ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ ਨੂੰ ਡਾਲਰ ਮੋੜਨੇ ਸ਼ੁਰੂ ਕਰ ਦਿੱਤੇ ਸਨ। ਇਸ ਹਾਲਤ ਵਿੱਚੋਂ ਨਿਕਲਣ ਲਈ 1971 ਵਿੱਚ ਅਮਰੀਕਾ ਨੇ ਗੋਲਡ ਕਰੰਸੀ ਭੰਗ ਕਰਕੇ ਫੀਅਟ ਕਰੰਸੀ ਚਾਲੂ ਕਰ ਦਿੱਤੀ। ਫੀਅਟ ਕਰੰਸੀ ਚਾਲੂ ਹੋਣ ਤੋਂ ਬਾਅਦ ਹੁਣ ਉਸ ਉੱਤੇ ਸੋਨੇ ਦੀ ਪਾਬੰਦੀ ਨਾ ਰਹੀ ਤੇ ਉਸ ਨੇ ਖੁਦ ਡਾਲਰ ਦੀ ਕੀਮਤ ਤੈਅ ਕਰਨੀ ਸ਼ੁਰੂ ਕਰ ਦਿੱਤੀ। ਅਮਰੀਕਾ ਨੇ ਇੱਕ ਹੋਰ ਦਾਅ ਖੇਡਿਆ ਕਿ ਆਪਣੇ ਬਗਲ ਬੱਚੇ ਸਾਊਦੀ ਅਰਬ ਤੋਂ ਇਹ ਐਲਾਨ ਕਰਵਾ ਦਿੱਤਾ ਕਿ ਅੱਗੇ ਤੋਂ ਉਹ ਤੇ ਉਸ ਦੇ ਸਾਥੀ ਖਾੜੀ ਦੇਸ਼ ਤੇਲ ਦੀ ਵਿਕਰੀ ਡਾਲਰ ਵਿੱਚ ਕਰਨਗੇ। ਇਸ ਤੋਂ ਬਾਅਦ ਸਾਰੇ ਦੇਸ਼ਾਂ ਲਈ ਆਪਣੇ ਖ਼ਜ਼ਾਨੇ ਵਿੱਚ ਡਾਲਰ ਰੱਖਣੇ ਮਜਬੂਰੀ ਬਣ ਗਈ ਸੀ। ਇਸ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਅਮਰੀਕਾ ਨੇ ਧੜਾਧੜ ਡਾਲਰ ਛਾਪ ਕੇ ਪੂਰੀ ਦੁਨੀਆ ਵਿੱਚ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ। ਆਖਰ ਪਾਪ ਦੀ ਕਮਾਈ ਦਾ ਇੱਕ ਦਿਨ ਭਾਂਡਾ ਭੱਜਣਾ ਹੀ ਸੀ।
ਪਿਛਲੇ ਕੁਝ ਸਮੇਂ ਤੋਂ ਇਹ ਚਰਚਾ ਛਿੜ ਪਈ ਸੀ ਕਿ ਅਮਰੀਕਾ ਨੇ ਡਾਲਰ ਨੂੰ ਆਪਣੇ ਦੇਸ਼ ਦੇ ਹਿੱਤ ਪਾਲਣ ਦਾ ਹਥਿਆਰ ਬਣਾ ਲਿਆ ਹੈ। ਜਿਹੜੇ ਦੇਸ਼ ਅਮਰੀਕਾ ਮੁਤਾਬਕ ਵਿਹਾਰ ਨਹੀਂ ਕਰਦੇ, ਉਨ੍ਹਾਂ ਨੂੰ ਉਹ ਡਾਲਰ ਦੇ ਭੁਗਤਾਨ ਦੀ ਵਿਸ਼ਵ ਵਿਵਸਥਾ ਤੋਂ ਬਾਹਰ ਕਰ ਦਿੰਦਾ ਹੈ। ਇਹੋ ਨਹੀਂ, ਉਹ ਇਨ੍ਹਾਂ ਦੇਸ਼ਾਂ ਦੇ ਡਾਲਰ ਵਿੱਚ ਕੀਤੇ ਗਏ ਨਿਵੇਸ਼ ਨੂੰ ਵੀ ਹੜੱਪ ਲੈਂਦਾ ਹੈ। ਇਸ ਹਥਿਆਰ ਦੀ ਉਹ ਈਰਾਨ, ਵੈਨਜ਼ੂਏਲਾ ਤੇ ਅਫ਼ਗਾਨਿਸਤਾਨ ਵਿੱਚ ਵਰਤੋਂ ਕਰ ਚੁੱਕਾ ਸੀ।
ਯੁੱਧ ਮਨੁੱਖਤਾ ਲਈ ਤਬਾਹੀ ਲੈ ਕੇ ਆਉਂਦੇ ਹਨ, ਪਰ ਕਈ ਵਾਰ ਇਨ੍ਹਾਂ ਦੇ ਸਿੱਟੇ ਭਵਿੱਖ ਲਈ ਇੱਕ ਨਵੀਂ ਦਿਸ਼ਾ ਦਾ ਸਬੱਬ ਬਣ ਜਾਂਦੇ ਹਨ। ਰੂਸ-ਯੂਕਰੇਨ ਯੁੱਧ ਤੋਂ ਬਾਅਦ ਅਮਰੀਕਾ ਦੀ ਅਗਵਾਈ ਵਿੱਚ ਪੱਛਮੀ ਦੇਸ਼ਾਂ ਨੇ ਰੂਸ ਵਿਰੁੱਧ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਦੇ ਨਾਲ ਹੀ ਅਮਰੀਕਾ ਨੇ ਰੂਸ ਦੀ ਵਿਦੇਸ਼ੀ ਮੁਦਰਾ ਵਿੱਚ ਰੱਖੀ ਗਈ 300 ਬਿਲੀਅਨ ਡਾਲਰ ਦੀ ਰਕਮ ਵੀ ਜ਼ਬਤ ਕਰ ਲਈ ਸੀ। ਇਸ ਦੇ ਸਿੱਟੇ ਵਜੋਂ ਰੂਸ ਨੇ ਡਾਲਰ ਵਿੱਚ ਕਾਰੋਬਾਰ ਕਰਨਾ ਬੰਦ ਕਰ ਦਿੱਤਾ ਸੀ। ਇਸ ਘਟਨਾ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਇਹ ਸੰਦੇਸ਼ ਦੇ ਦਿੱਤਾ ਕਿ ਹੁਣ ਡਾਲਰ ਤੋਂ ਖਹਿੜਾ ਛੁਡਾਉਣ ਦਾ ਸਮਾਂ ਆ ਗਿਆ ਹੈ।
ਇਸ ਸੰਬੰਧੀ ਮਾਰਚ ਮਹੀਨੇ ਵਿੱਚ ਚੀਨ ਦੇ ਰਾਸ਼ਟਰਪਤੀ ਨੇ ਰੂਸ ਦੀ ਯਾਤਰਾ ਕੀਤੀ ਸੀ। ਇਸ ਮੌਕੇ ਰੂਸ ਨੇ ਐਲਾਨ ਕਰ ਦਿੱਤਾ ਕਿ ਉਹ ਏਸ਼ੀਆ, ਅਫ਼ਰੀਕਾ ਤੇ ਲਤੀਨੀ ਅਮਰੀਕਾ ਦੇ ਦੇਸ਼ਾਂ ਨਾਲ ਆਪਣਾ ਸਾਰਾ ਕਾਰੋਬਾਰ ਚੀਨ ਦੀ ਮੁਦਰਾ ਯੁਆਨ ਵਿੱਚ ਕਰੇਗਾ। ਇਸ ਐਲਾਨ ਤੋਂ ਬਾਅਦ ਦੁਨੀਆ ਦੀ ਤਸਵੀਰ ਹੀ ਬਦਲ ਗਈ ਹੈ। ਸਾਊਦੀ ਅਰਬ, ਦੁਬਈ ਤੇ ਬ੍ਰਾਜ਼ੀਲ ਵੀ ਯੂਆਨ ਦੀ ਵਰਤੋਂ ਲਈ ਸਹਿਮਤ ਹੋ ਗਏ ਹਨ। ਸਾਊਦੀ ਅਰਬ ਹੁਣ ਡਾਲਰ ਦੀ ਥਾਂ ਯੂਆਨ ਵਿੱਚ ਭੁਗਤਾਨ ਲਈ ਰਾਜ਼ੀ ਹੋ ਗਿਆ ਹੈ।
ਇਸੇ ਦੌਰਾਨ ਵੱਖ-ਵੱਖ ਦੇਸ਼ਾਂ ਦੀ ਸ਼ਮੂਲੀਅਤ ਵਾਲੇ ਤਿੰਨ ਸੰਗਠਨ ਡਾਲਰ ਨੂੰ ਤਿਲਾਂਜਲੀ ਦੇਣ ਲਈ ਆਪਣੀ ਸਾਂਝੀ ਕਰੰਸੀ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਵਿੱਚ ਜੁਟ ਗਏ ਹਨ। ਇਹ ਸੰਗਠਨ ਹਨ: ਬਿ੍ਰਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ), ਸ਼ਿੰਘਾਈ ਸਹਿਯੋਗ ਸੰਗਠਨ (ਰੂਸ, ਚੀਨ, ਭਾਰਤ, ਕਜ਼ਾਕਸਤਾਨ, �ਿਗਿਜ਼ਸਤਾਨ, ਪਾਕਿਸਤਾਨ, ਉਜ਼ਬੇਕਿਸਤਾਨ ਤੇ ਤਾਜ਼ਿਕਸਤਾਨ) ਤੇ ਯੂਰੇਸ਼ੀਅਨ ਇਕਨਾਮਿਕ ਯੂਨੀਅਨ (ਰੂਸ, ਬੇਲਾਰੂਸ, ਕਜ਼ਾਕਿਸਤਾਨ, �ਿਗਿਜ਼ਸਤਾਨ ਤੇ ਅਰਮੇਨੀਆ)।
ਪਿਛਲੇ ਦਿਨੀਂ ਦਿੱਲੀ ਵਿੱਚ ਸ਼ਿੰਘਾਈ ਸਹਿਯੋਗ ਸੰਗਠਨ ਦੀ ਹੋਈ ਸਿਖਰ ਬੈਠਕ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਗਈ ਸੀ ਕਿ ਸੰਗਠਨ ਇੱਕ ਨਵੀਂ ਵਿਸ਼ਵ ਵਿਵਸਥਾ ਤਿਆਰ ਕਰਨ ਵੱਲ ਵਧ ਰਿਹਾ ਹੈ। ਆਮ ਤੌਰ ’ਤੇ ਅਜਿਹੇ ਸੰਗਠਨਾਂ ਵਿੱਚ ਫੈਸਲੇ ਆਮ ਸਹਿਮਤੀ ਨਾਲ ਹੰੁਦੇ ਹਨ। ਇਹ ਪਹਿਲੀ ਵਾਰ ਸੀ, ਜਦੋਂ ਸੰਗਠਨ ਵਿੱਚ ਸ਼ਾਮਲ ਦੇਸ਼ਾਂ ਨੇ ਭਾਰਤ ਦੀ ਰਾਏ ਨੂੰ ਦਰਕਿਨਾਰ ਕਰਦੇ ਹੋਏ ਐਲਾਨਨਾਮਾ ਜਾਰੀ ਕੀਤਾ। ਇਸ ਮੀਟਿੰਗ ਵਿੱਚ ਸ਼ਾਮਲ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਡਾਲਰ ਦੀ ਅਜਾਰੇਦਾਰੀ ਤੋੜਨ, ਵਿਕਾਸ ਕੋਸ਼ ਦੀ ਸਥਾਪਨਾ, ਸਾਂਝਾ ਨਿਵੇਸ਼ ਕੋਸ਼ ਬਣਾਉਣ, ਬੈਲਟ ਐਂਡ ਰੋਡ ਇੰਨੀਸ਼ੇਟਿਵ ਤਹਿਤ ਬੰਦਰਗਾਹਾਂ ਬਣਾਉਣ ਤੇ ਬਹੁਧਰੁਵੀ ਵਿਸ਼ਵ ਵਿਵਸਥਾ ਬਣਾਉਣ ਦਾ ਸੰਕਲਪ ਲਿਆ।
ਰੂਸ ਦੇ ਕੀਨੀਆ ਵਿਚਲੇ ਰਾਜਦੂਤ ਨੇ 4 ਜੁਲਾਈ ਨੂੰ ਬਿਆਨ ਦਿੱਤਾ ਹੈ ਕਿ ਬਿ੍ਰਕਸ ਦੇਸ਼ ਆਪਦੀ ਮੁਦਰਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾ ਨੇ ਇਹ ਵੀ ਕਿਹਾ ਕਿ ਬਿ੍ਰਕਸ ਦੀ ਕਰੰਸੀ ਸੋਨੇ ’ਤੇ ਅਧਾਰਤ ਹੋਵੇਗੀ। ਬਿ੍ਰਕਸ ਦਾ ਅਗਲਾ ਸਿਖਰ ਸੰਮੇਲਨ 22 ਤੋਂ 24 ਅਗਸਤ ਨੂੰ ਦੱਖਣੀ ਅਫ਼ਰੀਕਾ ਵਿੱਚ ਹੋ ਰਿਹਾ ਹੈ। ਇਸ ਵਿੱਚ ਨਵੇਂ ਮੈਂਬਰ ਲੈਣ ਤੇ ਕਰੰਸੀ ਸੰਬੰਧੀ ਫੈਸਲੇ ਲਏ ਜਾਣਗੇ।
ਇਨ੍ਹਾਂ ਦੋਵਾਂ ਮੁੱਦਿਆਂ ਬਾਰੇ ਭਾਰਤ ਸਹਿਮਤ ਨਹੀਂ ਹੈ। ਜੇਕਰ ਬਾਕੀ ਦੇਸ਼ ਭਾਰਤ ਦੀ ਅਸਹਿਮਤੀ ਨੂੰ ਨਜ਼ਰਅੰਦਾਜ਼ ਕਰਦਿਆਂ ਅੱਗੇ ਵਧ ਜਾਂਦੇ ਹਨ, ਤਾਂ ਇਨ੍ਹਾਂ ਸੰਗਠਨਾਂ ਵਿੱਚ ਭਾਰਤ ਦੀ ਹੈਸੀਅਤ ਦਰਸ਼ਕ ਵਾਲੀ ਰਹਿ ਜਾਵੇਗੀ।
ਨਵੀਂ ਦਿੱਲੀ ਵਿੱਚ ਹੋਏ ਸ਼ਿੰਘਾਈ ਸਹਿਯੋਗ ਸੰਗਠਨ ਦੇ ਸੰਮੇਲਨ ਤੋਂ ਹੀ ਪਤਾ ਲੱਗ ਗਿਆ ਸੀ ਕਿ ਭਾਰਤ ਨੇ ਅਮਰੀਕੀ ਅਗਵਾਈ ਵਾਲੇ ਧੜੇ ਨਾਲ ਜੁੜਨ ਦਾ ਮਨ ਬਣਾ ਲਿਆ ਹੈ। ਅਸਲ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਅਮਰੀਕਾ ਭਾਰਤ ਨੂੰ ਇੱਕ ਔਜ਼ਾਰ ਵਜੋਂ ਵਰਤਣਾ ਚਾਹੁੰਦਾ ਹੈ। ਦੇਸ਼ ਵਿੱਚ ਘੱਟਗਿਣਤੀਆਂ ’ਤੇ ਹੋ ਰਹੇ ਹਮਲਿਆਂ ਦੇ ਬਾਵਜੂਦ ਅਮਰੀਕਾ ਤੇ ਫ਼ਰਾਂਸ ਵੱਲੋਂ ਮੋਦੀ ਦੀ ਆਓ ਭਗਤ ਲਈ ਜਿਸ ਤਰ੍ਹਾਂ ਪਲਕਾਂ ਵਿਛਾਈਆਂ ਗਈਆਂ, ਉਹ ਇਸੇ ਨੀਤੀ ਦਾ ਨਤੀਜਾ ਸੀ।
ਭਾਰਤੀ ਹਾਕਮ ਇਹ ਭੁੱਲ ਗਏ ਹਨ ਕਿ ਜਦੋਂ ਡਾਲਰ ਦੀ ਹਕੂਮਤ ਖ਼ਤਮ ਹੋ ਜਾਵੇਗੀ, ਉਦੋਂ ਅਮਰੀਕਾ ਕੋਲ ਉੱਠਣ ਜੋਗੀ ਤਾਕਤ ਵੀ ਨਹੀਂ ਰਹੇਗੀ। ਸੋਨਾ ਅਧਾਰਤ ਨਵੀਂ ਕਰੰਸੀ ਸ਼ੁਰੂ ਹੋਣ ਨਾਲ ਡਾਲਰ ਦੀ ਕੀਮਤ ਹੇਠਾਂ ਚਲੀ ਜਾਵੇਗੀ। ਫਿਰ ਉਸ ਲਈ ਬਾਕੀ ਦੇਸ਼ਾਂ ਵਿੱਚ ਸਥਾਪਤ 750 ਸੈਨਿਕ ਅੱਡਿਆਂ ਨੂੰ ਜਾਰੀ ਰੱਖਣਾ ਸੰਭਵ ਨਹੀਂ ਹੋਵੇਗਾ। ਅਮਰੀਕੀ ਅਰਥ-ਵਿਵਸਥਾ ਮਹਿੰਗਾਈ, ਵਿਆਜ ਦਰਾਂ ਵਧਾਉਣ ਦੇ ਪ੍ਰਭਾਵਾਂ ਅਤੇ ਬੈਂਕਿੰਗ ਸੰਕਟ ਨਾਲ ਹੁਣੇ ਤੋਂ ਜੂਝਣ ਲੱਗੀ ਹੈ। ਡਾਲਰ ਦੀ ਹਕੂਮਤ ਖ਼ਤਮ ਹੋਣ ਤੋਂ ਬਾਅਦ ਅਮਰੀਕੀ ਹਾਲਤ ਹੋਰ ਨਿਘਾਰ ਵੱਲ ਜਾਵੇਗੀ। ਇਸ ਹਾਲਤ ਵਿੱਚ ਉਸ ਦੇ ਭਾਈਵਾਲ ਵੀ ਨਹੀਂ ਬਚ ਸਕਣਗੇ।
ਅੱਜ ਦੁਨੀਆ ਹੀ ਦੋ ਧੜਿਆਂ ਵਿੱਚ ਵੰਡ ਹੋ ਚੁੱਕੀ ਹੈ। ਉਹ ਦਿਨ ਬੀਤ ਗਏ, ਜਦੋਂ ਦੋਹੀਂ ਹੱਥੀਂ ਲੱਡੂ ਹੁੰਦੇ ਸਨ। ਹੁਣ ਤਾਂ ਫੈਸਲਾ ਕਰਨਾ ਪਵੇਗਾ ਕਿ ਭਾਰਤ ਨੇ ਨਵੀਂ ਉੱਭਰ ਰਹੀ ਵਿਸ਼ਵ ਵਿਵਸਥਾ ਦਾ ਹਿੱਸਾ ਬਣਨਾ ਹੈ ਜਾਂ ਪੁਰਾਣੇ ਲੋਟੂ ਢਾਂਚੇ ਨੂੰ ਬਚਾਉਣ ਲਈ ਖੁਦਕੁਸ਼ੀ ਦਾ ਰਾਹ ਅਪਣਾਉਣਾ ਹੈ।
-ਚੰਦ ਫਤਿਹਪੁਰੀ