ਵੈਨਕੂਵਰ : ਸਰੀ ਪੁਲਸ ਨੇ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਨਸ਼ਿਆਂ ਦੀ ਰਿਕਾਰਡ ਖੇਪ, ਮਾਰੂ ਅਸਲਾ ਤੇ ਚੋਰੀ ਦੇ ਤਿੰਨ ਵਾਹਨਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ। ਏਨਾ ਨਸ਼ਾ ਫੜਿਆ ਜਾਣਾ ਹੁਣ ਤੱਕ ਦਾ ਰਿਕਾਰਡ ਹੈ। ਪੁਲਸ ਦੀ ਤਰਜਮਾਨ ਸਰਬਜੀਤ ਸੰਘਾ ਨੇ ਦੱਸਿਆ ਕਿ ਨਸ਼ੇ ਵਜੋਂ 36 ਕਿੱਲੋ ਫੈਂਟਾਨਿਲ, 23 ਕਿਲੋ ਐੱਮ ਡੀ ਐੱਮ ਏ, 23 ਕਿੱਲੋ ਮੈਥਾਫੈਟਮਾਈਨ, 24 ਕਿੱਲੋ ਕੋਕੀਨ, 16 ਕਿੱਲੋ ਬੈਂਜੋਡਾਇਪਾਈਨ, 1900 ਕੈਮੀਕਲ ਗੋਲੀਆਂ ਸਮੇਤ 11 ਕਿੱਲੋ ਹੋਰ ਤੇਜ਼ ਕੈਮੀਕਲ ਸ਼ਾਮਲ ਹਨ, ਜਿਨ੍ਹਾਂ ਤੋਂ ਕਈ ਗੁਣਾ ਹੋਰ ਨਸ਼ਾ ਬਣਾਇਆ ਜਾਣਾ ਸੀ। ਤਿੰਨਾਂ ਤੋਂ 1 ਲੱਖ 19 ਹਜ਼ਾਰ ਡਾਲਰ ਨਕਦੀ, ਕਈ ਕਾਰਤੂਸਾਂ ਸਮੇਤ 6 ਮਾਰੂ ਹਥਿਆਰ ਅਤੇ ਚੋਰੀ ਦੀਆਂ ਤਿੰਨ ਕਾਰਾਂ ਵੀ ਮਿਲੀਆਂ ਹਨ। ਬੀਬੀ ਸੰਘਾ ਨੇ ਕਿਹਾ ਕਿ ਫੜੇ ਗਏ ਸਾਮਾਨ ਦੀ ਬਾਜ਼ਾਰੀ ਕੀਮਤ ਸਾਢੇ 6 ਕਰੋੜ ਡਾਲਰ (ਕਰੀਬ 400 ਕਰੋੜ ਰੁਪਏ) ਬਣਦੀ ਹੈ। ਅਸਲੇ, ਨਕਦੀ ਅਤੇ ਕਾਰਾਂ ਦੀ ਕੀਮਤ ਇਸ ਤੋਂ ਵੱਖਰੀ ਹੈ।
ਪੁਲਸ ਨੇ ਫੜੇ ਤਿੰਨਾਂ ਲੋਕਾਂ ਦੀ ਪਛਾਣ ਤਾਂ ਜਾਰੀ ਨਹੀਂ ਕੀਤੀ, ਪਰ ਇਹ ਦੱਸਿਆ ਕਿ ਤਿੰਨੇ 24 ਤੋਂ 47 ਸਾਲ ਦੀ ਉਮਰ ਦੇ ਹਨ। ਬੀਬੀ ਸੰਘਾ ਨੇ ਦਾਅਵਾ ਕੀਤਾ ਕਿ ਨਸ਼ਿਆਂ ਦੀ ਖੇਪ ਫੜ ਕੇ ਇਸ ਨੂੰ ਲੱਖਾਂ ਨਸ਼ੇੜੀਆਂ ਤੱਕ ਪੁੱਜਣ ਤੋਂ ਰੋਕ ਲਿਆ ਗਿਆ ਹੈ ਤੇ ਇਸ ਦੀ ਓਵਰਡੋਜ਼ ਕਾਰਨ ਮਰਨ ਵਾਲੇ ਸੈਂਕੜੇ ਲੋਕਾਂ ਦੀ ਜਾਨ ਬਚਾ ਲਈ ਗਈ ਹੈ। ਬੀਬੀ ਸੰਘਾ ਨੇ ਮੰਨਿਆ ਕਿ ਇਸ ਗਰੋਹ ਦਾ ਪਿਛਲੇ ਮਹੀਨੇ ਫੜੀ ਗਈ ਨਸ਼ਾ ਲੈਬ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਹੋਣ ਦੇ ਸਬੂਤ ਨਹੀਂ ਮਿਲੇ। ਉਸ ਨੇ ਕਿਹਾ ਕਿ ਗਰੋਹ ਦੇ ਅੱਡੇ ਸਰੀ, ਰਿਚਮੰਡ, ਵੈਨਕੂਵਰ ਤੇ ਕੁਇਟਲਮ ਸ਼ਹਿਰਾਂ ’ਚ ਸਨ।