ਅਮਰੀਕਾ ’ਚ ਅਰਬਾਂ ਰੁਪਏ ਦੀ ਧੋਖਾਧੜੀ ਦੇ ਕੇਸ ’ਚ ਅਡਾਨੀ ਸਣੇ 8 ਜਣੇ ਨਾਮਜ਼ਦ, ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਮੂਧੇ-ਮੂੰਹ
ਨਿਊ ਯਾਰਕ : ਅਮਰੀਕਾ ’ਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਸਣੇ 8 ਲੋਕਾਂ ’ਤੇ ਅਰਬਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ। ਅਮਰੀਕੀ ਅਟਾਰਨੀ ਦਫਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੋਲਰ ਐਨਰਜੀ ਨਾਲ ਜੁੜਿਆ ਠੇਕਾ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ (ਕਰੀਬ 2200 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਜਾਂ ਦੇਣ ਦੀ ਯੋਜਨਾ ਬਣਾ ਰਹੇ ਸਨ। ਪੂਰਾ ਮਾਮਲਾ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਤੇ ਇੱਕ ਹੋਰ ਫਰਮ ਨਾਲ ਜੁੜਿਆ ਹੋਇਆ ਹੈ। 24 ਅਕਤੂਬਰ 2024 ਨੂੰ ਨਿਊ ਯਾਰਕ ਦੀ ਫੈਡਰਲ ਕੋਰਟ ਵਿੱਚ ਇਹ ਕੇਸ ਦਰਜ ਹੋਇਆ ਸੀ। ਬੁੱਧਵਾਰ ਇਸ ਦੀ ਸੁਣਵਾਈ ਵਿੱਚ ਗੌਤਮ ਅਡਾਨੀ, ਉਨ੍ਹਾ ਦੇ ਭਤੀਜੇ ਸਾਗਰ ਅਡਾਨੀ, ਵਿਨੀਤ ਐੱਸ ਜੈਨ, ਰਣਜੀਤ ਗੁਪਤਾ, ਸਾਇਰਿਲ ਕੈਬੇਨਿਸ, ਸੌਰਭ ਅਗਰਵਾਲ, ਦੀਪਕ ਮਲਹੋਤਰਾ ਤੇ ਰੂਪੇਸ਼ ਅਗਰਵਾਲ ਨੂੰ ਮੁਲਜ਼ਮ ਬਣਾਇਆ ਗਿਆ। ਇਕ ਰਿਪੋਰਟ ਮੁਤਾਬਕ ਗੌਤਮ ਅਡਾਨੀ ਤੇ ਸਾਗਰ ਖਿਲਾਫ ਗਿ੍ਰਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਸਾਗਰ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਨੂੰ ਸੰਭਾਲਦੇ ਹਨ।
ਅਡਾਨੀ ’ਤੇ ਦੋਸ਼ ਹੈ ਕਿ ਰਿਸ਼ਵਤ ਦੇ ਪੈਸਿਆਂ ਨੂੰ ਜੁਟਾਉਣ ਲਈ ਉਨ੍ਹਾ ਅਮਰੀਕੀ ਨਿਵੇਸ਼ਕਾਂ ਤੇ ਬੈਂਕਾਂ ਨਾਲ ਝੂਠ ਬੋਲਿਆ। ਅਮਰੀਕਾ ਵਿੱਚ ਮਾਮਲਾ ਇਸ ਕਰਕੇ ਦਰਜ ਹੋਇਆ, ਕਿਉਕਿ ਪ੍ਰੋਜੈਕਟ ’ਚ ਅਮਰੀਕਾ ਦੇ ਨਿਵੇਸ਼ਕਾਂ ਦਾ ਪੈਸਾ ਲੱਗਾ ਸੀ ਅਤੇ ਅਮਰੀਕੀ ਕਾਨੂੰਨ ਤਹਿਤ ਉਸ ਪੈਸੇ ਨੂੰ ਰਿਸ਼ਵਤ ਵਜੋਂ ਦੇਣਾ ਅਪਰਾਧ ਹੈ।
ਅਡਾਨੀ ਗਰੁੱਪ ਨੇ ਬਿਆਨ ਵਿਚ ਕਿਹਾ ਹੈ ਕਿ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਡਾਇਰੈਕਟਰਾਂ ਖਿਲਾਫ ਅਮਰੀਕੀ ਨਿਆਂ ਵਿਭਾਗ ਤੇ ਅਮਰੀਕੀ ਸਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਵੱਲੋਂ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਗਰੁੱਪ ਇਨ੍ਹਾਂ ਦਾ ਖੰਡਨ ਕਰਦਾ ਹੈ। ਅਮਰੀਕੀ ਨਿਆਂ ਵਿਭਾਗ ਨੇ ਖੁਦ ਹੀ ਕਿਹਾ ਹੈ ਕਿ ਅਜੇ ਇਹ ਸਿਰਫ ਦੋਸ਼ ਹਨ। ਮੁਲਜ਼ਮਾਂ ਨੂੰ ਉਦੋਂ ਤੱਕ ਬੇਗੁਨਾਹ ਮੰਨਿਆ ਜਾਂਦਾ ਹੈ, ਜਦੋਂ ਤੱਕ ਉਹ ਦੋਸ਼ੀ ਸਾਬਤ ਨਾ ਹੋ ਜਾਣ। ਅਡਾਨੀ ਗਰੁੱਪ ਨੇ ਬੁੱਧਵਾਰ ਹੀ 20 ਸਾਲਾ ਗ੍ਰੀਨ ਬਾਂਡ ਦੀ ਵਿਕਰੀ ਨਾਲ 600 ਮਿਲੀਅਨ ਡਾਲਰ (5064 ਕਰੋੜ ਰੁਪਏ) ਜੁਟਾਉਣ ਦਾ ਐਲਾਨ ਕੀਤਾ ਸੀ। ਇਸ ਦੇ ਕੁਝ ਘੰਟਿਆਂ ਬਾਅਦ ਉਨ੍ਹਾਂ ’ਤੇ ਧੋਖਾਧੜੀ ਦੇ ਦੋਸ਼ ਲਾਏ ਗਏ। ਅਡਾਨੀ ਗਰੁੱਪ ਨੇ ਬਾਂਡ ਦੀ ਪੇਸ਼ਕਸ਼ ਰੋਕ ਦਿੱਤੀ ਹੈ। ਦੋਸ਼ ਲੱਗਣ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੀਰਵਾਰ ਜ਼ਬਰਦਸਤ ਗਿਰਾਵਟ ਆਈ ਅਤੇ ਗੌਤਮ ਅਡਾਨੀ ਦੀ ਕੁਲ ਦੌਲਤ ਇੱਕ ਦਿਨ ’ਚ 12.1 ਬਿਲੀਅਨ ਡਾਲਰ (ਕਰੀਬ 1.02 ਲੱਖ ਕਰੋੜ ਰੁਪਏ) ਘਟ ਕੇ 57.7 ਬਿਲੀਅਨ ਡਾਲਰ (4.87 ਲੱਖ ਕਰੋੜ) ਰੁਪਏ ਰਹਿ ਗਈ। ਇਸ ਦੇ ਨਾਲ ਹੀ ਅਡਾਨੀ ਫੋਰਬਸ ਰੀਅਲ ਟਾਈਮ ਅਰਬਪਤੀਆਂ ਦੀ ਲਿਸਟ ਵਿੱਚ 25ਵੇਂ ਨੰਬਰ ਤੋਂ ਸਿੱਧੇ 22ਵੇਂ ਨੰਬਰ ’ਤੇ ਆ ਗਏ। ਹਾਲਾਂਕਿ ਇਸ ਦੇ ਬਾਅਦ ਵੀ ਮੁਕੇਸ਼ ਅੰਬਾਨੀ ਦੇ ਬਾਅਦ 62 ਸਾਲਾ ਗੌਤਮ ਅਡਾਨੀ ਦੂਜੇ ਸਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ। ਅਡਾਨੀ ਗਰੁੱਪ ਦੇ 10 ਸ਼ੇਅਰਾਂ ਵਿੱਚੋਂ 9 ਵਿੱਚ ਗਿਰਾਵਟ ਆਈ। ਅਡਾਨੀ ਇੰਟਰਪ੍ਰਾਈਜ਼ਿਜ਼ ਸਭ ਤੋਂ ਵੱਧ 23.44 ਫੀਸਦੀ ਡਿੱਗਿਆ, ਜਦਕਿ ਅਡਾਨੀ ਗ੍ਰੀਨ ਐਨਰਜੀ ਦਾ ਸ਼ੇਅਰ 18.95 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਅਡਾਨੀ ਗ੍ਰੀਨ ਐਨਰਜੀ ਲਿਮਟਿਡ ਅਤੇ ਇੱਕ ਹੋਰ ਫਰਮ ਨੇ ਪ੍ਰੋਜੈਕਟ ਕਾਇਮ ਕਰਕੇ ਭਾਰਤ ਸਰਕਾਰ ਨੂੰ 12 ਗੀਗਾਵਾਟ ਸੂਰਜੀ ਊਰਜਾ ਵੇਚਣੀ ਹੈ, ਜੋ ਲੱਖਾਂ ਘਰਾਂ ਅਤੇ ਕਾਰੋਬਾਰਾਂ ਨੂੰ ਰੌਸ਼ਨੀ ਦੇਣ ਲਈ ਕਾਫੀ ਹੈ।
ਅਮਰੀਕੀ ਅਟਾਰਨੀ ਬਿ੍ਰਓਨ ਪੀਸ ਨੇ ਕਿਹਾਬਚਾਅ ਪੱਖ ਨੇ ਇੱਕ ਵਿਸਤਿ੍ਰਤ ਯੋਜਨਾ ਤਿਆਰ ਕੀਤੀ ਅਤੇ ਸਾਡੇ ਵਿੱਤੀ ਬਾਜ਼ਾਰਾਂ ਦੀ ਅਖੰਡਤਾ ਦੀ ਕੀਮਤ ’ਤੇ ਆਪਣੇ ਆਪ ਨੂੰ ਅਮੀਰ ਬਣਾਉਣ ਦੀ ਕੋਸ਼ਿਸ਼ ਕੀਤੀ। ਡਿਪਟੀ ਅਸਿਸਟੈਂਟ ਅਟਾਰਨੀ ਜਨਰਲ ਲੀਜ਼ਾ ਮਿਲਰ ਨੇ ਕਿਹਾ ਕਿ ਅਡਾਨੀ ਅਤੇ ਉਸ ਦੇ ਸਾਥੀਆਂ ਨੇ ਅਮਰੀਕੀ ਨਿਵੇਸ਼ਕਾਂ ਦੇ ਖਰਚੇ ’ਤੇ ਭਿ੍ਰਸ਼ਟਾਚਾਰ ਅਤੇ ਧੋਖਾਧੜੀ ਦੇ ਜ਼ਰੀਏ ਵੱਡੇ ਸਰਕਾਰੀ ਊਰਜਾ ਸਪਲਾਈ ਦੇ ਠੇਕੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਅਮਰੀਕੀ ਸਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਅਡਾਨੀ ਅਤੇ ਦੋ ਹੋਰਨਾਂ ਉੱਤੇ ਅਮਰੀਕੀ ਪ੍ਰਤੀਭੂਤੀਆਂ ਦੇ ਕਾਨੂੰਨਾਂ ਦੀਆਂ ਧੋਖਾਧੜੀ ਵਿਰੋਧੀ ਵਿਵਸਥਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਇਹ ਦੋਵੇਂ ਕੇਸ ਬਰੁਕਲਿਨ ਦੀ ਫੈਡਰਲ ਅਦਾਲਤ ’ਚ ਦਾਇਰ ਕੀਤੇ ਗਏ ਸਨ। ਸਾਗਰ ਅਡਾਨੀ ਦੇ ਵਕੀਲ ਸੀਨ ਹੈਕਰ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬਾਕੀਆਂ ਨੇ ਤੁਰੰਤ ਜਵਾਬ ਨਹੀਂ ਦਿੱਤਾ।