ਮੋਗਾ (ਅਮਰਜੀਤ ਬੱਬਰੀ)- ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਨੇ ਮੋਗਾ ਪੁਲਸ ਨਾਲ ਮਿਲ ਕੇ ਗੋਪੀ ਡੱਲੇਵਾਲੀਆ ਗੈਂਗ ਦੇ ਤਿੰਨ ਸ਼ੂਟਰਾਂ ਨੂੰ ਗਿ੍ਰਫਤਾਰ ਕਰਕੇ ਸੰਤੋਖ ਸਿੰਘ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਹੈ।
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਜਾਣ ਵਾਲੇ ਨਿਰਮਲ ਸਿੰਘ ਉਰਫ ਨਿੰਮਾ, ਅਪਰੈਲ ਸਿੰਘ ਉਰਫ ਸ਼ੇਰਾ ਅਤੇ ਜਸਕਰਨ ਸਿੰਘ ਉਰਫ ਕਰਨ ਹਨ। ਇਨ੍ਹਾਂ ਤੋਂ 10 ਜ਼ਿੰਦਾ ਕਾਰਤੂਸਾਂ ਸਮੇਤ ਤਿੰਨ .32 ਕੈਲੀਬਰ ਪਿਸਤੌਲ ਤੇ ਅਪਰਾਧ ’ਚ ਵਰਤੀ ਹੁੰਡਈ ਵਰਨਾ ਕਾਰ ਵੀ ਬਰਾਮਦ ਕੀਤੀ ਗਈ ਹੈ।
ਚਾਰ ਹਮਲਾਵਰਾਂ ਨੇ 16 ਜੁਲਾਈ 2023 ਨੂੰ ਮੋਗਾ ’ਚ ਸੰਤੋਖ ਸਿੰਘ ਦੇ ਘਰ ’ਚ ਦਾਖਲ ਹੋ ਕੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਯਾਦਵ ਨੇ ਦੱਸਿਆ ਕਿ ਏ ਡੀ ਜੀ ਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏ ਆਈ ਜੀ ਏ ਜੀ ਟੀ ਐੱਫ ਸੰਦੀਪ ਗੋਇਲ ਦੀ ਅਗਵਾਈ ’ਚ ਏ ਜੀ ਟੀ ਐੱਫ ਦੀ ਟੀਮ ਨੇ ਮੋਗਾ ਪੁਲਸ ਨਾਲ ਮਿਲ ਕੇ ਤਿੰਨਾਂ ਸ਼ੂਟਰਾਂ ਨੂੰ ਜਲੰਧਰ ਦੇ ਮਹਿਤਪੁਰ ਇਲਾਕੇ ਤੋਂ ਗਿ੍ਰਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਡੱਲੇਵਾਲੀਆ ਅਤੇ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਇਸ ਘਿਨਾਉਣੇ ਕਤਲ ਦੇ ਮਾਸਟਰਮਾਈਂਡ ਹਨ। ਗੋਪੀ ਡੱਲੇਵਾਲੀਆ ਭਗੌੜਾ ਹੈ।