22.5 C
Jalandhar
Friday, November 22, 2024
spot_img

ਡਾਇਰੈਕਟਰ ਪਸ਼ੂ ਪਾਲਣ ਦਫਤਰ ਅੱਗੇ ਵਿਸ਼ਾਲ ਧਰਨਾ

ਮੁਹਾਲੀ (ਗੁਰਜੀਤ ਬਿੱਲਾ)-ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਪੰਜਾਬ ਵੱਲੋਂ ਪਸ਼ੂ ਪਾਲਣ ਵਿਭਾਗ ਵਿਚਲੇ ਕੱਚੇ ਤੇ ਪੱਕੇ ਚੌਥਾ ਦਰਜਾ ਕਰਮਚਾਰੀਆਂ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਫਤਰ ਸੈਕਟਰ 68 ਮੁਹਾਲੀ ਵਿਖੇ ਵਿਸ਼ਾਲ ਧਰਨਾ ਦੇਣ ਉਪਰੰਤ ਰੋਹ ਭਰਪੂਰ ਰੈਲੀ ਕੀਤੀ। ਪਸ਼ੂ ਪਾਲਣ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਚੌਥਾ ਦਰਜਾ ਕਰਮਚਾਰੀ ਸਵੇਰੇ ਤੋਂ ਹੀ ਬੱਸਾਂ, ਟੈਂਪੂਆਂ ਅਤੇ ਹੋਰ ਵਾਹਨਾਂ ਰਾਹੀਂ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਵਿਭਾਗ ਦੇ ਮੁਲਾਜ਼ਮਾਂ ਵਲੋਂ ਲਗਾਤਾਰ ਉਠਾਈਆਂ ਜਾ ਰਹੀਆਂ ਮੰਗਾਂ ਪੂਰੀਆਂ ਨਾ ਹੋਣ ’ਤੇ ਰੋਸ ਵਜੋਂ ਧਰਨਾ ਦਿੱਤਾ ਗਿਆ। ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ, ਪਸ਼ੂ ਪਾਲਣ ਵਿਭਾਗ ਦੇ ਆਗੂਆਂ ਜਗਦੀਸ਼ ਸਿੰਘ ਬਰਨਾਲਾ, ਬਸੰਤ ਸਿੰਘ, ਗੁਰਮੇਲ ਸਿੰਘ, ਰਾਮ ਸਿੰਘ ਬਠਿੰਡਾ, ਗੌਤਮ ਭਾਰਦਵਾਜ, ਇੰਦਰਪਾਲ ਸਿੰਘ ਵਾਲੀਆ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਮਾਧੋ ਰਾਹੀ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਪੰਜਾਬ ਸਰਕਾਰ ’ਤੇ ਦੋਸ਼ ਲਾਏ ਕਿ ਉਹ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਮੰਗਾਂ ਤੇ ਕੱਚੇ ਕਰਮੀਆਂ ਨੂੰ ਪੱਕਾ ਕਰਨ ਤੇ 2004 ਦੀ ਪੈਨਸ਼ਨ ਬਹਾਲੀ ਲਈ ਗੰਭੀਰ ਨਹੀਂ ਹੈ, ਇਸ ਤਰ੍ਹਾਂ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਵੀ ਵਿਭਾਗੀ ਮੰਨੀਆਂ ਮੰਗਾਂ ਲਾਗੂ ਕਰਨ ਲਈ ਸੰਜੀਦਾ ਨਹੀਂ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਪਸ਼ੂ ਫਾਰਮਾਂ ਵਿੱਚ 2013 ਤੋਂ ਠੇਕੇਦਾਰੀ ਪ੍ਰਣਾਲੀ ਰਾਹੀਂ ਰੱਖੇ ਆਊਟਸੋਰਸ ਕਰਮੀਆਂ ਦਾ ਠੇਕੇਦਾਰਾਂ ਦੁਆਰਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਘੱਟੋ ਘੱਟ ਉਜਰਤਾਂ ਕਿਰਤ ਕਾਨੂੰਨ ਮੁਤਾਬਕ ਨਹੀਂ ਦਿੱਤੀਆਂ ਜਾ ਰਹੀਆਂ ਤੇ ਕੋਈ ਵੀ ਸਹੂਲਤ ਨਾ ਦੇ ਕੇ ਲੁੱਟ ਖਸੁੱਟ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੀ ਜਾ ਰਹੀ ਹੈ । ਇਨ੍ਹਾਂ ਆਗੂਆਂ ਕਿਹਾ ਕਿ ਵਿਭਾਗੀ ਮੰਗਾਂ ਸੰਬੰਧੀ ਪਸ਼ੂ ਪਾਲਣ ਮੰਤਰੀ ਤੇ ਪ੍ਰਮੁੱਖ ਸਕੱਤਰ ਨਾਲ 24 ਜੂਨ ਨੂੰ ਮੀਟਿੰਗ ’ਚ ਵਿਭਾਗ ਦੇ ਚੌਥਾ ਦਰਜਾ ਕਰਮਚਾਰੀ ਜੋ ਪਸ਼ੂ ਹਸਪਤਾਲਾਂ / ਡਿਸਪੈਸਰੀਆਂ ਆਦਿ ਥਾਵਾਂ ਵਿੱਚ ਕੰਮ ਕਰਦੇ ਹਨ ਤੇ ਵਿੱਦਿਅਕ ਯੋਗਤਾ ਤੇ ਵਿਭਾਗੀ ਕੰਮਾਂ ਦੀ ਯੋਗਤਾ ਰੱਖਦੇ ਹਨ, ਨੂੰ ਤਰੱਕੀਆਂ ਦੇਣ, ਸੀਨੀਆਰਤਾ ਸੂਚੀਆਂ ਬਣਾੳਣ, ਚੌਥਾ ਦਰਜਾ ਕਰਮਚਾਰੀਆਂ ਦੀਆਂ ਪ੍ਰਵਾਨਤ 1183 ਅਸਾਮੀਆਂ ’ਤੇ ਨਵੀਂ ਭਰਤੀ ਕਰਨ, ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਕੇ ਸਾਰੇ ਕੱਚੇ ਕਰਮੀਆਂ ਨੂੰ ਵਿਭਾਗ ਵਿੱਚ ਖਪਾਉਣਾ ਅਤੇ 2020 ਤੇ 2022 ਦੀਆਂ ਘੱਟੋ ਘੱਟ ਉਜਰਤਾਂ ਦੇ ਵਾਧੇ ਦਾ ਬਕਾਇਆ ਦੇਣ ਤੇ ਗਰਮ ਤੇ ਠੰਢੀਆਂ ਵਰਦੀਆਂ ਦੇਣਾ ਸਮੇਤ ਡੇਢ ਦਰਜਨ ਮੰਗਾਂ ਸ਼ਾਮਲ ਸਨ। ਪਰੰਤੂ ਡਾਇਰੈਕਟੋਰੇਟ ਦਫਤਰ ਵੱਲੋਂ ਕੋਈ ਫੈਸਲਾ ਲਾਗੂ ਨਹੀਂ ਕੀਤਾ ਗਿਆ ਤੇ 18 ਜੁਲਾਈ ਨੂੰ ਡਾਇਰੈਕਟਰ ਨਾਲ ਹੋਈ ਗੱਲਬਾਤ ਦੌਰਾਨ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਤੋਂ ਆਨਾਕਾਨੀ ਕਰਨ ’ਤੇ ਯੂਨੀਅਨ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਦੇ ਨਾਂਅ ਯਾਦ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਹੋਰ ਜੋ ਆਗੂ ਹਾਜ਼ਰ ਸਨ ਉਨ੍ਹਾਂ ਵਿੱਚ ਨਿਰਮਲ ਸਿੰਘ, ਇਕਬਾਲ ਸਿੰਘ, ਜਸਪਾਲ ਸਿੰਘ ਭੱਟਮਾਜਰਾ, ਰਾਮ ਲਾਲ ਰਾਮਾ, ਪ੍ਰਕਾਸ਼ ਸਿੰਘ ਲੁਬਾਣਾ, ਜ਼ਿਲਾ ਮੁਹਾਲੀ ਦੇ ਪ੍ਰਧਾਨ ਬਹਾਦਰ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਸ਼ੇਸ਼ ਸਨ।

Related Articles

LEAVE A REPLY

Please enter your comment!
Please enter your name here

Latest Articles