ਰੋਪੜ (ਬਿੰਦਰਾ) ਰੋਪੜ ਪੁਲਸ ਨੇ ਨਸ਼ਾ ਸਮੱਗਲਰਾਂ ਦੇ ਇਕ ਗਰੋਹ ਦੇ 4 ਮੈਂਬਰਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਐੱਸ ਐੱਸ ਪੀ ਵਿਵੇਕਸੀਲ ਸੋਨੀ ਨੇ ਦੱਸਿਆ ਕਿ ਡਾ. ਨਵਨੀਤ ਸਿੰਘ ਮਾਹਲ ਐੱਸ ਪੀ ਡਿਟੈਕਟਿਵ, ਤਲਵਿੰਦਰ ਸਿੰਘ ਗਿੱਲ ਡੀ ਐੱਸ ਪੀ ਡਿਟੈਕਟਿਵ ਰੋਪੜ, ਅਜੈ ਸਿੰਘ ਡੀ ਐੱਸ ਪੀ ਅਨੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ ਆਈ ਏ ਪੁਲਸ ਪਾਰਟੀ ਵੱਲੋਂ ਭਗੌੜੇ ਅੰਤਰਰਾਜੀ ਸਮੱਗਲਰ ਸੋਹਣ ਲਾਲ ਉਰਫ ਕਾਲਾ ਵਾਸੀ ਪਿੰਡ ਧਾਂਦੀਆ, ਥਾਣਾ ਬੰਗਾ ਅਤੇ ਤਿੰਨ ਹੋਰਨਾਂ ਪਾਸੋਂ ਇਕ ਕਿਲੋਗ੍ਰਾਮ ਹੈਰੋਇਨ, 143 ਗ੍ਰਾਮ ਸੋਨੇ ਦੇ ਗਹਿਣੇ, 1 ਲੱਖ ਰੁਪਏ ਡਰੱਗ ਮਨੀ ਅਤੇ ਇਕ ਫਾਰਨੂਚਰ ਬਰਾਮਦ ਕੀਤੀ ਹੈ। 22 ਜੂਨ ਨੂੰ ਸੀ ਆਈ ਏ ਸਟਾਫ ਰੋਪੜ ਵੱਲੋਂ ਗੌਰਵ ਕੁਮਾਰ ਉਰਫ ਹੈਪੀ ਉਰਫ ਬਿੱਲਾ ਵਾਸੀ ਘਨੌਲੀ (ਰੋਪੜ) ਨੂੰ 300 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ, ਜਿਸ ਤੋਂ ਪੁੱਛਗਿੱਛ ’ਚ ਉਸ ਦੇ ਸਾਥੀਆਂ ਦਾ ਪਤਾ ਚੱਲਿਆ। ਪੁਲਸ ਨੇ ਉਸ ਦੇ ਸਾਥੀ ਸਮੱਗਲਰਾਂ ਸੰਦੀਪ ਸਿੰਘ ਉਰਫ ਸੰਦੀਪ ਨਾਲਾਗੜ੍ਹ, ਸੁਖਪ੍ਰੀਤ ਸਿੰਘ ਉਰਫ ਹਨੀ ਵਾਸੀ ਪਿੰਡ ਮੱਖਣ, ਥਾਣਾ ਜੰਡਿਆਲਾ ਨੂੰ ਨਾਮਜ਼ਦ ਕੀਤਾ। ਹਨੀ ਨੂੰ 26 ਜੂਨ ਨੂੰ ਗਿ੍ਰਫਤਾਰ ਕੀਤਾ ਗਿਆ। 29 ਜੁਲਾਈ ਨੂੰ ਸੀ ਆਈ ਏ ਪਾਰਟੀ ਨੇ ਸੰਦੀਪ ਸਿੰਘ ਨੂੰ ਸਮਗਲਿੰਗ ਲਈ ਵਰਤੀ ਜਾਂਦੀ ਬੋਲੈਰੋ ਸਮੇਤ ਪਿੰਡ ਰਿਤਿਗਤ ਥਾਣਾ ਨਾਲਾਗੜ੍ਹ ਤੋਂ ਗਿ੍ਰਫਤਾਰ ਕੀਤਾ। ਫਿਰ ਜੋਤ ਹੋਟਲ ਬੁੰਗਾ ਸਾਹਿਬ (ਰੋਪੜ) ਵਿਖੇ ਖੜੀ ਫਾਰਚੂਨਰ ਵਿਚ 4 ਸਵਾਰਾਂ ਸੋਹਣ ਲਾਲ ਕਾਲਾ ਵਾਸੀ ਧਾਂਦੀਆ (ਨਵਾਂ ਸ਼ਹਿਰ), ਬਲਜੀਤ ਸਿੰਘ ਬੀਤਾ ਵਾਸੀ ਚੀਚਾ, ਵੀਰ ਸਿੰਘ ਵਾਸੀ ਅਟਾਰੀ ਅਤੇ ਇਕ ਮਹਿਲਾ ਪੂਨਮ ਉਰਫ ਮੋਨਾ ਘਨੌਲੀ ਨੂੰ ਗਿ੍ਰਫਤਾਰ ਕਰ ਲਿਆ। ਐੱਸ ਪੀ ਅਨੁਸਾਰ ਮੁੱਖ ਸਮੱਗਲਰ ਸੋਹਣ ਲਾਲ ਕਾਲਾ ਵਿਰੁੱਧ 8 ਮੁਕੱਦਮੇ ਪਹਿਲਾਂ ਹੀ ਦਰਜ ਹਨ।





