ਨਵੀਂ ਦਿੱਲੀ : ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਐਤਵਾਰ ਦਾਅਵਾ ਕੀਤਾ ਕਿ ਸਰਕਾਰ ਖਿਲਾਫ ਦਿੱਤੇ ਬੇਭਰੋਸਗੀ ਮਤੇ ਨੂੰ ਸਪੀਕਰ ਵੱਲੋਂ ਸਵੀਕਾਰ ਕੀਤੇ ਜਾਣ ਮਗਰੋਂ ਸੰਸਦ ’ਚ ਪਾਸ ਸਾਰੇ ਬਿੱਲ ‘ਸੰਵਿਧਾਨਕ ਤੌਰ ’ਤੇ ਸ਼ੱਕੀ’ ਹਨ। ਉਨ੍ਹਾ ਕਿਹਾ ਕਿ ਜਦੋਂ ਤੱਕ ਬੇਭਰੋਸਗੀ ਮਤੇ ਨੂੰ ਲੈ ਕੇ ਕੋਈ ਨਤੀਜਾ ਨਹੀਂ ਨਿਕਲਦਾ, ਉਦੋਂ ਤੱਕ ਇਨ੍ਹਾਂ ਬਿੱਲਾਂ ਨੂੰ ਅਮਲ ’ਚ ਨਹੀਂ ਲਿਆਂਦਾ ਜਾਣਾ ਚਾਹੀਦਾ। ਉਨ੍ਹਾ ਕਿਹਾ ਕਿ ਬੇਭਰੋਸਗੀ ਮਤੇ ’ਤੇ ਬਹਿਸ ਲਈ ਦਸ ਦਿਨਾਂ ਦੇ ਅਰਸੇ ਨੂੰ ਧੜਾਧੜ ਬਿੱਲ ਲਿਆਉਣ ਲਈ ਨਹੀਂ ਵਰਤਿਆ ਜਾ ਸਕਦਾ। ਤਿਵਾੜੀ ਨੇ ਕਿਹਾ ਕਿ ਇੱਕ ਵਾਰ ਲੋਕ ਸਭਾ ’ਚ ਬੇਭਰੋਸਗੀ ਮਤਾ ਪੇਸ਼ ਹੋਣ ਤੋਂ ਬਾਅਦ ਸਦਨ ਦੇ ਸਾਹਮਣੇ ਲਿਆਂਦਾ ਗਿਆ ਕੋਈ ਵੀ ਕਾਨੂੰਨ ਜਾਂ ਭੌਤਿਕ ਕਾਰੋਬਾਰ ਨੈਤਿਕਤਾ, ਮਰਿਆਦਾ ਅਤੇ ਸੰਸਦੀ ਕਨਵੈਨਸ਼ਨਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਉਨ੍ਹਾ ਦਾਅਵਾ ਕੀਤਾ ਕਿ ਲੋਕ ਸਭਾ ਜਾਂ ਰਾਜ ਸਭਾ ’ਚ ਬੇਭਰੋਸਗੀ ਮਤਾ ਦਾਖਲ ਹੋਣ ਤੋਂ ਬਾਅਦ ਪਾਸ ਕੀਤੇ ਗਏ ਸਾਰੇ ਬਿੱਲਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਉਹ ਕਾਨੂੰਨੀ ਤੌਰ ’ਤੇ ਪਾਸ ਹੋਏ ਹਨ ਜਾਂ ਨਹੀਂ।




