27.5 C
Jalandhar
Friday, October 18, 2024
spot_img

ਅਸੀਂ ਵੀ ਗੁਨਾਹਗਾਰ ਹਾਂ

ਜੁਲਾਈ ਦੇ ਅੱਧ ਵਿੱਚ ਜਦੋਂ ਦੋ ਕੁੱਕੀ ਔਰਤਾਂ ਦਾ ਨਗਨ ਵੀਡੀਓ ਵਾਇਰਲ ਹੋਇਆ ਤਾਂ ਸਾਰੇ ਦੇਸ਼ ਵਿੱਚ ਹਾਹਾਕਾਰ ਮਚ ਗਈ। ਮਨੀਪੁਰ ਤਾਂ 3 ਮਈ ਤੋਂ ਹੀ ਸੜ ਰਿਹਾ ਸੀ। ਡੇਢ ਸੈਂਕੜੇ ਤੋਂ ਵੱਧ ਵਿਅਕਤੀ ਜਾਨਾਂ ਗਵਾ ਚੁੱਕੇ ਸਨ ਤੇ ਜ਼ਖ਼ਮੀਆਂ ਨਾਲ ਹਸਪਤਾਲ ਭਰ ਗਏ ਸਨ। ਹਜ਼ਾਰਾਂ ਲੋਕਾਂ ਦੇ ਘਰ ਸਾੜ ਕੇ ਉਨ੍ਹਾਂ ਨੂੰ ਕੈਂਪਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਕਰ ਦਿੱਤਾ ਗਿਆ ਸੀ। ਹਾਕਮ ਤਾਂ ਗੂੰਗੇ-ਬਹਿਰੇ ਹੁੰਦੇ ਹਨ, ਪਰ ਅਸੀਂ ਵੀ ਮੂੰਹ ਨਾ ਖੋਲ੍ਹਿਆ। ਦੋ ਔਰਤਾਂ ਦੀ ਬੇਪਤੀ ਤੋਂ ਬਾਅਦ ਸਾਡੀ ਨੀਂਦ ਉਦੋਂ ਖੁੱਲ੍ਹੀ, ਜਦੋਂ ਉਸ ਭਿਆਨਕ ਘਟਨਾ ਤੋਂ ਮੂੰਹ ਮੋੜਨਾ ਔਖਾ ਹੋ ਗਿਆ।
ਅਸਲ ਵਿੱਚ ਨਗਨ ਔਰਤਾਂ ਦਾ ਵੀਡਿਓ ਆਉਣ ਤੋਂ ਬਾਅਦ ਸਾਡੇ ਲਈ ਬੋਲਣਾ ਸੌਖਾ ਹੋ ਗਿਆ ਹੈ। ਖ਼ਬਰਾਂ ਤਾਂ ਹੋਰ ਵੀ ਦਿਲ ਕੰਬਾਊ ਆ ਰਹੀਆਂ ਸਨ, ਜਿਨ੍ਹਾਂ ਨੂੰ ਅਸੀਂ ਤਵੱਜੋ ਨਾ ਦਿੱਤੀ। ਜੇਕਰ ਉਸ ਸਮੇਂ ਅਸੀਂ ਚੁੱਪ ਨਾ ਰਹਿੰਦੇ ਤਾਂ ਸ਼ਾਇਦ ਦੋ ਔਰਤਾਂ ਬੇਪਤੀ ਤੋਂ ਬਚ ਜਾਂਦੀਆਂ।
ਇਨ੍ਹਾਂ ਔਰਤਾਂ ਦੇ ਵੀਡੀਓ ਤੋਂ ਡੇਢ ਮਹੀਨਾ ਪਹਿਲਾਂ 4 ਜੂਨ ਨੂੰ ਪੱਛਮੀ ਇੰਫਾਲ ਵਿੱਚੋਂ ਇੱਕ ਖ਼ਬਰ ਆਈ ਸੀ। ਇਹ ਖ਼ਬਰ ਘਟਨਾ ਤੋਂ ਤਿੰਨ ਦਿਨ ਬਾਅਦ ਅਖ਼ਬਾਰਾਂ ’ਚ ਛਪੀ ਸੀ।
ਅਸਾਮ ਰਾਈਫਲ ਦੇ ਰਾਹਤ ਕੈਂਪ ਵਿੱਚ ਇੱਕ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ 7 ਸਾਲਾ ਤੌਨਸਿੰਗ ਹਾਂਗਸਿੰਗ ਨੂੰ ਲਿਆਂਦਾ ਗਿਆ ਸੀ। ਉਸ ਨੂੰ ਆਕਸੀਜਨ ਲੱਗੀ ਹੋਈ ਸੀ। ਬੱਚੇ ਦੀ ਜਾਨ ਬਚਾਉਣ ਲਈ ਵੱਡੇ ਹਸਪਤਾਲ ਵਿੱਚ ਲਿਜਾਣ ਦਾ ਫ਼ੈਸਲਾ ਕੀਤਾ ਗਿਆ। ਬੱਚੇ ਦਾ ਪਿਤਾ ਕੁੱਕੀ ਤੇ ਮਾਂ ਮੀਨਾ ਹਾਂਗਸਿੰਗ ਮੈਤੇਈ ਕਬੀਲੇ ਦੀ ਸੀ।
ਫੈਸਲਾ ਕੀਤਾ ਗਿਆ ਕਿ ਬੱਚੇ ਨਾਲ ਮਾਂ ਤੇ ਉਸ ਦੀ ਗੁਆਂਢਣ ਲੀਡੀਆ ਲੌਰੇਮਬਾਨ, ਜੋ ਮੈਤੇਈ ਕਬੀਲੇ ਦੀ ਸੀ, ਜਾਣਗੀਆਂ। ਇਹ ਸੋਚਿਆ ਗਿਆ ਕਿ ਬੱਚੇ ਨਾਲ ਮੈਤੇਈ ਔਰਤਾਂ ਕਾਰਨ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਕੁੱਕੀ ਪਿਤਾ ਨੂੰ ਨਾਲ ਜਾਣੋ ਰੋਕ ਦਿੱਤਾ ਗਿਆ ਸੀ। ਐਂਬੂਲੈਂਸ ਨੂੰ ਮੈਤੇਈ ਇਲਾਕੇ ਵਿੱਚ ਮੈਤੇਈ ਔਰਤਾਂ ਦੀ ਭੀੜ ਨੇ ਰੋਕ ਲਿਆ। ਉਨ੍ਹਾਂ ਐਂਬੂਲੈਂਸ ਦੇ ਡਰਾਈਵਰ ਤੇ ਨਰਸ ਨੂੰ ਬਾਹਰ ਕੱਢ ਕੇ ਐਂਬੂਲੈਂਸ ਨੂੰ ਅੱਗ ਲਾ ਕੇ ਬੱਚੇ ਸਮੇਤ ਦੋਹਾਂ ਮੈਤੇਈ ਔਰਤਾਂ ਨੂੰ ਸਾੜ ਦਿੱਤਾ।
ਮੈਤੇਈ ਔਰਤਾਂ ਦੀ ਭੀੜ ਲਈ ਏਨਾ ਹੀ ਕਾਫ਼ੀ ਸੀ ਕਿ ਐਂਬੂਲੈਂਸ ਕੁੱਕੀ ਇਲਾਕੇ ’ਚੋਂ ਆ ਰਹੀ ਸੀ। ਉਨ੍ਹਾਂ ਦਾ ਮੈਤੇਈ ਹੋਣਾ ਵੀ ਭੀੜ ਦਾ ਦਿਲ ਨਾ ਪਿਘਲਾ ਸਕਿਆ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੋਵੇ ਕਿ ਮੈਤੇਈ ਮੀਨਾ ਇੱਕ ਕੁੱਕੀ ਦੀ ਪਤਨੀ ਤੇ 7 ਸਾਲਾ ਬੱਚਾ ਇੱਕ ਕੁੱਕੀ ਦਾ ਪੁੱਤਰ ਸੀ। ਮਨੀਪੁਰ ਵਿੱਚ ਦੰਗਿਆਂ ਦੀ ਭਿਆਨਕਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੋ ਦੇਸ਼ਾਂ ਦੇ ਯੁੱਧ ਵਿੱਚ ਵੀ ਐਂਬੂਲੈਂਸ ਉੱਤੇ ਹਮਲਾ ਨਹੀਂ ਕੀਤਾ ਜਾਂਦਾ।
ਇਹ ਹੋਰ ਵੀ ਦੁਖਦਾਈ ਗੱਲ ਹੈ ਕਿ ਐਂਬੂਲੈਂਸ ਨਾਲ ਅਸਾਮ ਰਾਈਫਲ ਦੇ ਹਥਿਆਰਬੰਦ ਜਵਾਨ ਵੀ ਸਨ। ਉਨ੍ਹਾਂ ਨੇ ਨਾ ਮੈਤੇਈ ਔਰਤਾਂ ਦੀ ਭੀੜ ਨੂੰ ਰੋਕਣ ਦੀ ਕੋਈ ਕੋਸ਼ਿਸ਼ ਕੀਤੀ, ਗੋਲੀ ਚਲਾਉਣਾ ਤਾਂ ਦੂਰ ਹਵਾ ਵਿੱਚ ਫਾਇਰ ਵੀ ਨਾ ਕੀਤੇ, ਕਿਉਂਕਿ ਉਪਰਲਿਆਂ ਨੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਸਨ। ਅਸਲ ਵਿੱਚ ਤੌਨਸਿੰਗ, ਮੀਨਾ ਤੇ ਲੀਡੀਆ ਦੀ ਹੱਤਿਆ ਲਈ ਸਿਰਫ਼ ਮੈਤੇਈ ਔਰਤਾਂ ਦੀ ਭੀੜ ਹੀ ਨਹੀਂ, ਮਨੀਪੁਰ ਦੀ ਸਰਕਾਰ ਵੀ ਓਨੀ ਹੀ ਜ਼ਿੰਮੇਵਾਰ ਹੈ।
ਦੋ ਔਰਤਾਂ ਦੇ ਨਗਨ ਵੀਡੀਓ ਤੋਂ ਡੇਢ ਮਹੀਨਾ ਪਹਿਲਾਂ ਵਾਪਰੇ ਇਸ ਹੱਤਿਆ ਕਾਂਡ ਦੀ ਕਿਸੇ ਵੀ ਸਿਆਸੀ ਆਗੂ ਨੇ ਨਿੰਦਾ ਨਹੀਂ ਕੀਤੀ। ਇਹ ਖ਼ਬਰ ਦਿਲ ਦਹਿਲਾ ਦੇਣ ਵਾਲੀ ਸੀ, ਪ੍ਰੰਤੂ ਸਾਰੇ ਦੇਸ਼ ਵਿੱਚ ਇਸ ਵਿਰੁੱਧ ਇੱਕ ਪੱਤਾ ਵੀ ਨਾ ਹਿੱਲਿਆ। ਸੱਤ ਸਾਲਾ ਤੌਨਸਿੰਗ ਹਾਂਗਸਿੰਗ ਦੋ ਸੰਸ�ਿਤੀਆਂ ਮੈਤੇਈ ਤੇ ਕੁੱਕੀ ਦਾ ਸੰਗਮ ਸੀ। ਉਸ ਨੇ ਉਹ ਭਾਰਤੀ ਬਣਨਾ ਸੀ, ਜਿਸ ਦੀ ਭਾਰਤ ਬਣਨ ਲਈ ਭਾਰਤ ਨੂੰ ਲੋੜ ਹੈ।
ਇਨ੍ਹੀਂ ਦਿਨੀਂ ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਦੇ 21 ਸਾਂਸਦਾਂ ਦਾ ਵਫ਼ਦ ਮਨੀਪੁਰ ਹੋ ਕੇ ਆਇਆ ਹੈ। ਉਨ੍ਹਾਂ ਦੀ ਦੋ ਦਿਨਾ ਯਾਤਰਾ ਵਿੱਚੋਂ ਜੇਕਰ ਯਾਤਰਾ ਦੇ ਸਮੇਂ ਤੇ ਗਵਰਨਰ ਨਾਲ ਮਿਲਣੀ ਦੇ ਵਕਤ ਨੂੰ ਕੱਢ ਲਿਆ ਜਾਵੇ ਤਾਂ ਪੀੜਤਾਂ ਨੂੰ ਮਿਲਣ ਲਈ ਸਿਰਫ਼ ਇੱਕ ਦਿਨ ਬਚਦਾ ਹੈ। ਤਿੰਨ ਮਹੀਨੇ ਤੋਂ ਸੜ ਰਹੇ ਮਨੀਪੁਰ ਦੀ ਹਕੀਕਤ ਜਾਣਨਾ ਏਨੇ ਸਮੇਂ ਵਿੱਚ ਸੰਭਵ ਨਹੀਂ। ਤੌਨਸਿੰਗ ਦੇ ਪਰਵਾਰ ਵਰਗੇ ਕਿੰਨੇ ਲੋਕ ਹੋਣਗੇ, ਜਿਹੜੇ ਇਸ ਉਡੀਕ ਵਿੱਚ ਹਨ ਕਿ ਕੋਈ ਉਨ੍ਹਾਂ ਦਾ ਦਰਦ ਵੰਡਾਉਣ ਆਵੇਗਾ। ਜਿਹੜੇ ਵੀ ਸਿਆਸੀ ਦਲਾਂ ਦੇ ਸਾਂਸਦ ਮਨੀਪੁਰ ਗਏ ਸਨ, ਉਹ ਸ਼ਲਾਘਾ ਦੇ ਹੱਕਦਾਰ ਹਨ, ਪਰ ਉਨ੍ਹਾਂ ਦੀ ਜ਼ਿੰਮੇਵਾਰੀ ਇਥੇ ਹੀ ਖ਼ਤਮ ਨਹੀਂ ਹੁੰਦੀ, ਸਗੋਂ ਇੱਥੋਂ ਸ਼ੁਰੂ ਹੁੰਦੀ ਹੈ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles