ਐੱਨ ਆਈ ਏ ਵੱਲੋਂ ਪੰਜਾਬ ਦੇ ਸ਼ਹਿਰਾਂ ’ਚ ਛਾਪੇਮਾਰੀ

0
226

ਜਲੰਧਰ (ਸੁਰਿੰਦਰ ਕੁਮਾਰ)
ਰਾਸ਼ਟਰੀ ਜਾਂਚ ਏਜੰਸੀ ਨੇ ਮੰਗਲਵਾਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਛਾਪੇਮਾਰੀ ਕੀਤੀ, ਜਿਨ੍ਹਾਂ ’ਚ ਧੂਰਕੋਟ, ਬਰਨਾਲਾ ਦੇ ਪਿੰਡ ਪੰਧੇਰ, ਜਲੰਧਰ ’ਚ ਕਿਸ਼ਨਗੜ੍ਹ ਅਤੇ ਗੋਰਾਇਆ ਦੇ ਕੋਲ ਪੈਂਦੇ ਪਿੰਡ ਡੱਲੇਵਾਲ ’ਚ ਐੱਨ ਆਈ ਨੇ ਅੱਤਵਾਦੀ ਅਤੇ ਵਿਦੇਸ਼ ’ਚ ਬੈਠੇ ਗੈਂਗਸਟਰਾਂ ਨਾਲ ਕੁਨੈਕਸ਼ਨ ਨੂੰ ਲੈ ਕੇ ਛਾਪੇਮਾਰੀ ਕੀਤੀ। ਕਿਸ਼ਨਗੜ੍ਹ ਦੇ ਨਾਲ ਲੱਗਦੇ ਪਿੰਡ ਦੌਲਤਪੁਰ ’ਚ ਸਾਬਕਾ ਸਰਪੰਚ ਮਲਕੀਤ ਸਿੰਘ ਦੌਲਤਪੁਰ, ਜੋ ਅਕਾਲੀ ਦਲ ਦਾ ਆਗੂ ਹੈ, ਦੇ ਘਰ ਛਾਪੇਮਾਰੀ ਕੀਤੀ। ਟੀਮ ਤੜਕੇ 3 ਵਜੇ ਹੀ ਮਲਕੀਤ ਦੇ ਘਰ ਪਹੁੰਚ ਗਈ। ਉਸ ਸਮੇਂ ਪਰਵਾਰ ਸੁੱਤਾ ਪਿਆ ਸੀ। ਸਾਰਿਆਂ ਨੂੰ ਉਠਾ ਕੇ ਪੁੱਛਗਿੱਛ ਕੀਤੀ ਗਈ।
ਇਸੇ ਤਰ੍ਹਾਂ ਐੱਨ ਆਈ ਏ ਦੀ ਟੀਮ ਵੱਲੋਂ ਖਾਲਸਾ ਏਡ ਦੇ ਪਟਿਆਲਾ ਸਥਿਤ ਦਫਤਰ ’ਚ ਜਾਂਚ ਕੀਤੀ ਗਈ। ਇਹ ਜਾਂਚ ਕਰੀਬ 5 ਘੰਟੇ ਤੱਕ ਚੱਲੀ। ਇਸ ਦੌਰਾਨ ਐੱਨ ਆਈ ਏ ਦੀ ਟੀਮ ਨਾਲ ਪੰਜਾਬ ਪੁਲਸ ਵੀ ਮੌਜੂਦ ਸੀ। ਦਫਤਰ ਇੰਚਾਰਜ ਅਮਰਪ੍ਰੀਤ ਸਿੰਘ ਦੇ ਘਰ ਦੀ ਵੀ ਜਾਂਚ ਕੀਤੀ ਗਈ। ਏਡ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਐੱਨ ਆਈ ਏ ਟੀਮ ਸਵੇਰੇ ਕਰੀਬ 5 ਵਜੇ ਇਥੇ ਪੁੱਜੀ ਤੇ ਸਾਢੇ 10 ਵਜੇ ਤੱਕ ਪੁੱਛ-ਪੜਤਾਲ ਕਰਦੀ ਰਹੀ। ਖਾਲਸਾ ਏਡ ਯੂ ਕੇ ਅਧਾਰਤ ਐੱਨ ਜੀ ਓ ਹੈ, ਜੋ ਦੁਨੀਆ ਭਰ ’ਚ ਹੜ੍ਹ, ਭੁਚਾਲ ਤੇ ਜੰਗ ਵਰਗੀਆਂ ਕੁਦਰਤੀ ਤੇ ਮਨੁੱਖ ਨਿਰਮਤ ਆਫਤ ਪੀੜਤਾਂ ਨੂੰ ਰਾਹਤ ਮੁਹੱਈਆ ਕਰਵਾਉਂਦੀ ਹੈ। ਸੰਸਥਾ ਦੀ ਸਥਾਪਨਾ ਰਵਿੰਦਰ (ਰਵੀ) ਸਿੰਘ ਨੇ 1999 ’ਚ ਕੋਸੋਵੋ ’ਚ ਸ਼ਰਨਾਰਥੀਆਂ ਦੀ ਦੁਰਦਸ਼ਾ ਤੋਂ ਪ੍ਰਭਾਵਤ ਹੋ ਕੇ ਕੀਤੀ ਸੀ। ਗੋਰਾਇਆ ਦੇ ਪਿੰਡ ਡੱਲੇਵਾਲ ’ਚ ਲਵਸ਼ਿੰਦਰ ਸਿੰਘ ਦੇ ਘਰ ਐੱਨ ਆਈ ਏ ਟੀਮ ਪਹੁੰਚੀ। ਲਵਸ਼ਿੰਦਰ ਸਿੰਘ ਸਾਬਕਾ ਫੈਡਰੇਸ਼ਨ ਨੇਤਾ ਵੀ ਰਿਹਾ ਹੈ।

LEAVE A REPLY

Please enter your comment!
Please enter your name here