ਜਲੰਧਰ, (ਕੇਸਰ)-ਮੁਲਕ ਦੀ ਆਜ਼ਾਦੀ ਲਈ ਲੜੇ ਸੰਗਰਾਮ ਅੰਦਰ ਵਿਲੱਖਣ ਇਨਕਲਾਬੀ ਪਹਿਚਾਣ ਰੱਖਦੀ ਗ਼ਦਰ ਪਾਰਟੀ ਦੇ ਅਨਮੋਲ ਹੀਰੇ, ਜੋ ਅਗਸਤ ਮਹੀਨੇ ਸ਼ਹਾਦਤ ਦਾ ਜਾਮ ਪੀ ਗਏ, ਉਹਨਾਂ ਅਤੇ ਅਮਰੀਕੀ ਹਕੂਮਤ ਵੱਲੋਂ 6 ਅਤੇ 9 ਅਗਸਤ 1945 ਨੂੰ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉਪਰ ਪ੍ਰਮਾਣੂ ਬੰਬ ਧਮਾਕੇ ਕਰਕੇ ਲੱਖਾਂ ਲੋਕਾਂ ਨੂੰ ਪਲਾਂ ਛਿਣਾਂ ਵਿੱਚ ਮੌਤ ਦੀ ਗੋਦ ਵਿੱਚ ਸੁਲਾਉਣ ਅਤੇ ਅਪੰਗ ਕਰਨ ਦੇ ਘਿਨੌਣੇ ਹਮਲੇ ਦੇ ਸ਼ਿਕਾਰ ਲੋਕਾਂ ਨੂੰ ਸਿਜਦਾ ਕਰਦਿਆਂ 9 ਅਗਸਤ (ਬੁੱਧਵਾਰ) ਸਵੇਰੇ 10:30 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਚਾਰ-ਚਰਚਾ ਕੀਤੀ ਜਾਏਗੀ, ਜੋ ਤਾਜ਼ਾ ਫ਼ਿਰਕੂ ਫਾਸ਼ੀ ਹੱਲਿਆਂ ਦੇ ਦੌਰ ਅੰਦਰ ਗ਼ਦਰੀ ਸ਼ਹੀਦਾਂ ਦੇ ਉਦੇਸ਼ਾਂ ਦੀ ਪ੍ਰਸੰਗਕਤਾ ਉੱਪਰ ਕੇਂਦਰਤ ਹੋਏਗੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 9 ਅਗਸਤ 1915 ਨੂੰ ਅੰਮਿ੍ਰਤਸਰ ਜ਼ਿਲ੍ਹੇ ਨਾਲ ਸੰਬੰਧਤ ਆਤਮਾ ਸਿੰਘ ਠੱਠੀਖਾਰਾ, ਕਾਲਾ ਸਿੰਘ ਜਗਤਪੁਰ, ਚੰਨਣ ਸਿੰਘ ਬੂੜਚੰਦ ਅਤੇ ਹਰਨਾਮ ਸਿੰਘ ਠੱਠੀਖਾਰਾ ਨੂੰ ਵੱਲਾ ਪੁਲ ਸਾਜ਼ਿਸ਼ ਕੇਸ, 12 ਅਗਸਤ 1915 ਨੂੰ ਗ਼ਦਰੀ ਬੰਤਾ ਸਿੰਘ ਸੰਘਵਾਲ (ਜਲੰਧਰ), ਬੂਟਾ ਸਿੰਘ ਅਕਾਲਗੜ੍ਹ (ਲੁਧਿਆਣਾ) ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਫਾਂਸੀ ਲਾਏ ਜਾਣ, ਅਜ਼ਾਦੀ ਵਾਲੇ ਦਿਨ ਤੋਂ ਪਹਿਲਾਂ ਚਾਚਾ ਅਜੀਤ ਸਿੰਘ ਦਾ ਵਿਛੋੜਾ, 17 ਅਗਸਤ 1909 ਨੂੰ ਲੰਡਨ ’ਚ ਫਾਂਸੀ ਲਗਾਏ ਮਦਨ ਲਾਲ ਢੀਂਗਰਾ, ਰਾਮ ਕਿਸ਼ਨ ਵਿਸ਼ਵਾਸ਼ ਨੂੰ 4 ਅਗਸਤ 1931 ਨੂੰ ਅਲੀਪੁਰ ਜੇਲ੍ਹ (ਬੰਗਾਲ), ਪਿੰਡ ਪਿੱਥੋ ਬਠਿੰਡਾ ਦੇ ਕੂਕਾ ਲਹਿਰ ਦੇ ਯੋਧਿਆਂ ਨੂੰ 5 ਅਗਸਤ 1871 ਨੂੰ ਰਾਏਕੋਟ (ਲੁਧਿਆਣਾ) ਦੀ ਜੇਲ੍ਹ ਵਿੱਚ, ਬੱਬਰ ਕਰਤਾਰ ਸਿੰਘ ਕਿਰਤੀ ਚੱਕ ਕਲਾਂ (ਜਲੰਧਰ), ਬੱਬਰ ਅਕਾਲੀ ਦਲੇਰ ਸਿੰਘ ਮੰਢਾਲੀ (ਜਲੰਧਰ) ਨੂੰ ਫਾਂਸੀ, ਖ਼ੁਦੀ ਰਾਮ ਬੋਸ ਨੂੰ 11 ਅਗਸਤ 1908 ਨੂੰ ਫਾਂਸੀ, ਕਰਨੈਲ ਸਿੰਘ ਈਸੜੂ 15 ਅਗਸਤ 1955 ਨੂੰ ਸ਼ਹੀਦੀ, 21 ਅਗਸਤ 1922 ਨੂੰ ਗੁਰੂ ਕੇ ਬਾਗ਼ ਦਾ ਮੋਰਚਾ, 23 ਅਗਸਤ 2002 ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਜਗੀਰ ਸਿੰਘ ਜੋਗਾ ਦਾ ਵਿਛੋੜਾ, ਇਹਨਾਂ ਇਤਿਹਾਸਕ ਘਟਨਾਵਾਂ, ਸ਼ਹਾਦਤਾਂ ਅਤੇ ਵਿਛੜੀਆਂ ਸ਼ਖਸ਼ੀਅਤਾਂ ਦੀ ਭੂਮਿਕਾ ਤੋਂ ਸਬਕ ਗ੍ਰਹਿਣ ਕਰਨ ਅਤੇ ਮੁਲਕ ਅੰਦਰ ਤਿੱਖੇ ਹੋਏ ਫ਼ਿਰਕੂ ਫਾਸ਼ੀ ਹੱਲਿਆਂ ਉਪਰ ਗੰਭੀਰਤਾ ਨਾਲ ਚਰਚਾ ਕਰੇਗੀ ਵਿਚਾਰ-ਗੋਸ਼ਟੀ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ ਪੱਖੀ ਸੰਸਥਾਵਾਂ ਅਤੇ ਇਨਸਾਫ਼ਪਸੰਦ ਵਿਅਕਤੀਆਂ ਨੂੰ ਇਸ ਵਿਚਾਰ-ਚਰਚਾ ’ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।





