ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਹਰ ਵਿਅਕਤੀ ਦੀ ਸੁਰੱਖਿਆ ਨਾ ਪੁਲਸ, ਨਾ ਫੌਜ ਤੇ ਨਾ ਸਮਾਜ ਕਰ ਸਕਦਾ ਹੈ। ਸੁਰੱਖਿਆ ਲਈ ਮਾਹੌਲ ਬਣਾਉਣਾ ਪੈਂਦਾ ਹੈ। ਇਸ ਲਈ ਅਮਨ ਕਮੇਟੀ ਤੇ ਪ੍ਰਸ਼ਾਸਨ ਦੇ ਲੋਕ ਲੱਗੇ ਹੋਏ ਹਨ। ਫਸਾਦੀਆਂ ਦੇ ਮਨਾਂ ਵਿਚ ਭੈਅ ਬਣਾਉਣਾ ਪੈਂਦਾ ਹੈ। ਪੁਲਸ ਨੇ ਫਲੈਗ ਮਾਰਚ ਵੀ ਕੀਤਾ ਹੈ।
ਉਨ੍ਹਾ ਕਿਹਾ ਕਿ ਨੂਹ ਜ਼ਿਲੇ੍ਹ ਵਿਚ ਹਿੰਸਾ ਕਰਨ ਵਾਲੇ ਲੋਕਾਂ ਤੋਂ ਹੀ ਜਾਇਦਾਦ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਹਿੰਸਾ ਲਈ ਜ਼ਿੰਮੇਵਾਰ ਹਰ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਨੂਹ ਦੀ ਫਿਰਕੂ ਹਿੰਸਾ ਤੋਂ ਬਾਅਦ ਯੂ ਪੀ ਦੇ ਸਹਾਰਨਪੁਰ, ਸ਼ਾਮਲੀ ਤੇ ਮੁਜ਼ੱਫਰਨਗਰ ਜ਼ਿਲ੍ਹਿਆਂ ਵਿਚ ਅਲਰਟ ਜਾਰੀ ਕੀਤਾ ਗਿਆ ਹੈ।
ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ਼ਿਵਪਾਲ ਸਿੰਘ ਯਾਦਵ ਨੇ ਹਰਿਆਣਾ ਅਤੇ ਮਨੀਪੁਰ ’ਚ ਹਿੰਸਾ ਦੀਆਂ ਘਟਨਾਵਾਂ ਲਈ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਹੈ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ, ਉਹ ਸਾਜ਼ਿਸ਼ਾਂ ਘੜਦੀ ਹੈ ਤੇ ਦੰਗੇ ਕਰਵਾਉਂਦੀ ਹੈ। ਯਾਦਵ ਨੇ ਭਾਜਪਾ ’ਤੇ ਦੋਹਾਂ ਸੂਬਿਆਂ ’ਚ ਹੋਈ ਹਿੰਸਾ ’ਤੇ ਹੋਛੀ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਉਨ੍ਹਾ ਕਿਹਾਭਾਜਪਾ ਦੇ ਲੋਕ ਸਿਰਫ ਹੋਛੀ ਸਿਆਸਤ ਕਰਦੇ ਹਨ, ਜਦ ਵੀ ਚੋਣਾਂ ਆਉਂਦੀਆਂ ਹਨ ਤਾਂ ਉਹ ਸਾਜ਼ਿਸ਼ ਕਰਕੇ ਦੰਗੇ ਕਰਵਾਉਂਦੇ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐੱਚ ਪੀ) ਅਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਹਰਿਆਣਾ ਦੇ ਨੂਹ ਅਤੇ ਗੁਰੂਗ੍ਰਾਮ ’ਚ ਫਿਰਕੂ ਹਿੰਸਾ ਖਿਲਾਫ ਬੁੱਧਵਾਰ ਕੌਮੀ ਰਾਜਧਾਨੀ ’ਚ ਕਈ ਥਾਵਾਂ ’ਤੇ ਪ੍ਰਦਰਸ਼ਨ ਕੀਤੇ, ਜਿਸ ਕਾਰਨ ਕਈ ਹਿੱਸਿਆਂ ’ਚ ਟ੍ਰੈਫਿਕ ਜਾਮ ਹੋ ਗਿਆ। ਸ਼ਹਿਰ ਦੇ ਗੁਆਂਢੀ ਸੂਬੇ ਹਰਿਆਣਾ ’ਚ ਹਿੰਸਾ ਦੇ ਮੱਦੇਨਜ਼ਰ ਪੁਲਸ ਨੇ ਦਿੱਲੀ ਦੀਆਂ ਕਈ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਹੈ। ਬਜਰੰਗ ਦਲ ਅਤੇ ਵੀ ਐੱਚ ਪੀ ਦੇ ਵਿਰੋਧ ਨੇ ਵਿਕਾਸ ਮਾਰਗ ਨੂੰ ਰੋਕ ਦਿੱਤਾ, ਜੋ ਪੂਰਬੀ ਦਿੱਲੀ ਨੂੰ ਸ਼ਹਿਰ ਦੇ ਕੇਂਦਰੀ ਹਿੱਸਿਆਂ ਨਾਲ ਜੋੜਦਾ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਕਿ ਬਜਰੰਗ ਦਲ ਦੇ ਕਾਰਕੁਨ ਦੀ ਦਿੱਲੀ ਦੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ, ਜਿਸ ਨਾਲ ਹਰਿਆਣਾ ’ਚ ਫਿਰਕੂ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ। ਵਿਸ਼ਵ ਹਿੰਦੂ ਪ੍ਰੀਸ਼ਦ ਦੀ ਜ਼ਿਲ੍ਹਾ ਇਕਾਈ ਦੇ ਉਪ ਪ੍ਰਧਾਨ ਸੁਰਿੰਦਰ ਤੰਵਰ ਨੇ ਦੱਸਿਆ ਕਿ ਸੋਮਵਾਰ ਨੂੰ ਨੂਹ ’ਚ ਹਿੰਸਾ ਦੌਰਾਨ ਬਜਰੰਗ ਦਲ ਦੇ ਕਾਰਕੁਨ ਪ੍ਰਦੀਪ ਸ਼ਰਮਾ ’ਤੇ ਦੰਗਾਕਾਰੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਪ੍ਰਦੀਪ ਦਾ ਦਿੱਲੀ ਦੇ ਸਫਦਰਜੰਗ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ।
ਇਸੇ ਦੌਰਾਨ ਹਰਿਆਣਾ ਦੇ ਡੀ ਜੀ ਪੀ ਪੀ ਕੇ ਅਗਰਵਾਲ ਨੇ ਦਾਅਵਾ ਕੀਤਾ ਹੈ ਕਿ ਹਿੰਸਾ ਪ੍ਰਭਾਵਤ ਇਲਾਕਿਆਂ ’ਚ ਸਥਿਤੀ ਕਾਬੂ ਹੇਠ ਹੈ ਤੇ ਸਾਰੇ ਮਾਮਲਿਆਂ ਦੀ ਜਾਂਚ ਲਈ ਐੱਸ ਆਈ ਟੀ ਬਣਾਈ ਜਾਵੇਗੀ। ਉਨ੍ਹਾ ਕਿਹਾ ਕਿ ਇਸ ਮਾਮਲੇ ’ਚ ਮੋਨੂੰ ਮਾਨੇਸਰ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਹਿੰਸਾ ਸੰਬੰਧੀ ਨੂਹ ’ਚ 41 ਕੇਸ ਦਰਜ ਕੀਤੇ ਗਏ ਹਨ।
ਸੁਪਰੀਮ ਕੋਰਟ ਨੇ ਕੇਂਦਰ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤਾ ਹੈ ਕਿ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ’ਚ ਕੋਈ ਵੀ ਨਫਰਤੀ ਭਾਸ਼ਣ ਜਾਂ ਹਿੰਸਾ ਨਾ ਹੋਵੇ। ਉਸ ਨੇ ਵਾਧੂ ਫੋਰਸ ਤਾਇਨਾਤ ਕਰਨ ਤੇ ਸੰਵੇਦਨਸ਼ੀਲ ਖੇਤਰਾਂ ’ਚ ਸੀ ਸੀ ਟੀ ਵੀ ਕੈਮਰੇ ਲਗਾਉਣ ਦੇ ਆਦੇਸ਼ ਦਿੱਤੇ ਹਨ।


