27.9 C
Jalandhar
Sunday, September 8, 2024
spot_img

ਚੋਣਾਂ ਬਣੀਆਂ ਕਰੋੜਪਤੀਆਂ ਦੀ ਗੇਮ

ਚੋਣਾਂ ’ਤੇ ਨਜ਼ਰ ਰੱਖਣ ਵਾਲੀਆਂ ਜਥੇਬੰਦੀਆਂ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ ਡੀ ਆਰ) ਅਤੇ ਨੈਸ਼ਨਲ ਇਲੈਕਸ਼ਨ ਵਾਚ (ਐੱਨ ਈ ਡਬਲਿਊ) ਨੇ ਵਿਧਾਇਕਾਂ ਵੱਲੋਂ ਜਮ੍ਹਾਂ ਕਰਾਏ ਹਲਫਨਾਮਿਆਂ ਦਾ ਅਧਿਐਨ ਕਰਕੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਇਸ ਮੁਤਾਬਕ ਦੇਸ਼ ਦੇ ਕੁੱਲ 4033 ਵਿਧਾਇਕਾਂ ਵਿੱਚੋਂ 4001 ਵਿਧਾਇਕਾਂ ਦੀ ਸੰਪਤੀ 54545 ਕਰੋੜ ਬਣਦੀ ਹੈ। ਇਹ ਨਾਗਾਲੈਂਡ, ਮਿਜ਼ੋਰਮ ਤੇ ਸਿੱਕਮ ਦੇ ਕੁੱਲ ਸਾਲਾਨਾ ਬਜਟ 48806 ਕਰੋੜ ਨਾਲੋਂ ਵੀ ਵੱਧ ਹੈ। 2023-24 ਲਈ ਨਾਗਾਲੈਂਡ ਦਾ ਬਜਟ 23086 ਕਰੋੜ, ਮਿਜ਼ੋਰਮ ਦਾ 14210 ਕਰੋੜ ਤੇ ਸਿੱਕਮ ਦਾ 11510 ਕਰੋੜ ਦਾ ਹੈ। ਅਧਿਐਨ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੇਸ਼ ਦੇ ਹਰ ਵਿਧਾਇਕ ਕੋਲ ਔਸਤਨ ਸੰਪਤੀ 13 ਕਰੋੜ 63 ਲੱਖ ਰੁਪਏ ਹੈ। ਭਾਜਪਾ ਦੇ 1356 ਵਿਧਾਇਕਾਂ ਕੋਲ ਔਸਤਨ 11 ਕਰੋੜ 97 ਲੱਖ, ਕਾਂਗਰਸ ਦੇ 719 ਵਿਧਾਇਕਾਂ ਕੋਲ 21 ਕਰੋੜ 97 ਲੱਖ, ਤਿ੍ਰਣਮੂਲ ਕਾਂਗਰਸ ਦੇ 227 ਵਿਧਾਇਕ ਕੋਲ 3 ਕਰੋੜ 51 ਲੱਖ, ਆਮ ਆਦਮੀ ਪਾਰਟੀ ਦੇ 161 ਵਿਧਾਇਕ ਕੋਲ 10 ਕਰੋੜ 20 ਲੱਖ, ਆਂਧਰਾ ਪ੍ਰਦੇਸ਼ ਦੀ ਪਾਰਟੀ ਵਾਈ ਐੱਸ ਆਰ ਸੀ ਪੀ ਦੇ 146 ਵਿਧਾਇਕਾਂ ਕੋਲ 23 ਕਰੋੜ 14 ਲੱਖ ਦੀ ਸੰਪਤੀ ਹੈ। ਵਾਈ ਐੱਸ ਆਰ ਸੀ ਪੀ ਦੇ ਵਿਧਾਇਕਾਂ ਸਭ ਤੋਂ ਵੱਧ ਮਾਲਾਮਾਲ ਹਨ। ਪਾਰਟੀ ਦੇ ਹਿਸਾਬ ਨਾਲ ਭਾਜਪਾ ਦੇ ਵਿਧਾਇਕਾਂ ਦੀ ਕੁੱਲ ਸੰਪਤੀ 16234 ਕਰੋੜ, ਕਾਂਗਰਸ ਦੇ ਵਿਧਾਇਕਾਂ ਦੀ 15798 ਕਰੋੜ, ਵਾਈ ਐੱਸ ਆਰ ਸੀ ਪੀ ਦੇ ਵਿਧਾਇਕਾਂ ਦੀ 3379 ਕਰੋੜ, ਡੀ ਐੱਮ ਕੇ ਦੇ ਵਿਧਾਇਕਾਂ ਦੀ 1663 ਕਰੋੜ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਕੁੱਲ ਸੰਪਤੀ 1642 ਕਰੋੜ ਬਣਦੀ ਹੈ। ਕਰਨਾਟਕ ਦੇ ਵਿਧਾਇਕਾਂ ਕੋਲ ਸਭ ਤੋਂ ਵੱਧ ਸੰਪਤੀ ਹੈ। ਇਹ 21 ਰਾਜਾਂ ਦੇ ਵਿਧਾਇਕਾਂ ਦੀ ਕੁੱਲ ਸੰਪਤੀ ਨਾਲੋਂ ਵੀ ਵੱਧ ਹੈ। 21 ਰਾਜਾਂ ਦੇ ਵਿਧਾਇਕਾਂ ਦੀ ਸੰਪਤੀ 13976 ਕਰੋੜ ਬਣਦੀ ਹੈ, ਜਦਕਿ ਕਰਨਾਟਕ ਦੇ ਵਿਧਾਇਕਾਂ ਦੀ 14359 ਕਰੋੜ ਹੈ। ਰਾਜਾਂ ਮੁਤਾਬਕ ਮਹਾਰਾਸ਼ਟਰ ਦੇ 288 ਵਿੱਚੋਂ 284 ਵਿਧਾਇਕਾਂ ਕੋਲ 6679 ਕਰੋੜ ਰੁਪਏ ਦੀ ਸੰਪਤੀ ਹੈ। ਆਂਧਰਾ ਦੇ 175 ਵਿਧਾਇਕਾਂ ਵਿੱਚੋਂ 174 ਕੋਲ 4914 ਕਰੋੜ ਰੁਪਏ ਦੀ ਸੰਪਤੀ ਹੈ। ਯੂ ਪੀ ਦੇ ਕੁੱਲ 403 ਵਿਧਾਇਕਾਂ ਦੀ ਸੰਪਤੀ 3255 ਕਰੋੜ, ਗੁਜਰਾਤ ਦੇ 182 ਵਿਧਾਇਕਾਂ ਦੀ 2987 ਕਰੋੜ, ਤਾਮਿਲਨਾਡੂ ਦੇ 224 ਵਿਧਾਇਕਾਂ ਦੀ 2767 ਕਰੋੜ ਅਤੇ ਮੱਧ ਪ੍ਰਦੇਸ਼ ਦੇ 230 ਵਿਧਾਇਕਾਂ ਦੀ ਸੰਪਤੀ 2476 ਕਰੋੜ ਰੁਪਏ ਹੈ। ਵਿਧਾਇਕਾਂ ਦੇ ਇਹ ਹਲਫਨਾਮੇ ਦਰਸਾਉਦੇ ਹਨ ਕਿ ਚੋਣਾਂ ਕਰੋੜਪਤੀਆਂ ਦੀ ਹੀ ਗੇਮ ਬਣ ਕੇ ਰਹਿ ਗਈਆਂ ਹਨ।

Related Articles

LEAVE A REPLY

Please enter your comment!
Please enter your name here

Latest Articles