23.9 C
Jalandhar
Sunday, October 1, 2023
spot_img

ਗਰੰਟੀਆਂ ਫੇਲ੍ਹ

ਸੰਗਰੂਰ/ਧੂਰੀ (ਪ੍ਰਵੀਨ ਸਿੰਘ, ਸੁਖਦੇਵ ਧੂਰੀ) -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਐਤਵਾਰ ਵੱਡਾ ਝਟਕਾ ਲੱਗਿਆ, ਜਦੋਂ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੱਥੋਂ 5822 ਵੋਟਾਂ ਨਾਲ ਹਾਰ ਗਿਆ | ਮਾਨ ਨੂੰ 253154, ਘਰਾਚੋਂ ਨੂੰ 247332, ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 79668, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 46298 ਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਨੂੰ 44428 ਵੋਟਾਂ ਮਿਲੀਆਂ | ਪਹਿਲੇ ਦੋ ਨੂੰ ਛੱਡ ਕੇ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ | ਇਹ ਹਾਰ ਭਗਵੰਤ ਮਾਨ ਲਈ ਨਿੱਜੀ ਤੌਰ ‘ਤੇ ਨਮੋਸ਼ੀ ਵਾਲੀ ਹੈ, ਕਿਉਂਕਿ ਸੰਗਰੂਰ ਤੋਂ ਉਹ ਦੋ ਵਾਰ ਲੋਕ ਸਭਾ ਦੇ ਮੈਂਬਰ ਬਣੇ ਤੇ ਮੁੱਖ ਮੰਤਰੀ ਬਣਨ ‘ਤੇ ਉਨ੍ਹਾ ਵੱਲੋਂ ਸੀਟ ਛੱਡਣ ਕਾਰਨ ਇਥੇ ਜ਼ਿਮਨੀ ਚੋਣ ਕਰਾਈ ਗਈ |
ਭਗਵੰਤ ਸਿੰਘ ਮਾਨ ਵੱਲੋਂ ਦੋ ਵਾਰ ਵੋਟਾਂ ਦੀ ਵੱਡੀ ਲੀਡ ਨਾਲ ਸੰਗਰੂਰ ਪਾਰਲੀਮੈਂਟ ਹਲਕੇ ਵਿਚੋਂ ਜਿੱਤ ਹਾਸਲ ਕਰਨਾ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਧੂਰੀ ਤੋਂ ਜਿੱਤਣਾ ਤੇ ਆਮ ਆਦਮੀ ਪਾਰਟੀ ਦੀਆਂ 92ਵੇਂ ਸੀਟਾਂ ਪੰਜਾਬ ਭਰ ‘ਚ ਆਉਣਾ ਇੱਕ ਅਚੰਭਾ ਲੱਗਦਾ ਸੀ | ਲੋਕ ਇਹ ਆਸ ਰੱਖਦੇ ਸਨ ਕਿ ਸ਼ਾਇਦ ਰਵਾਇਤੀ ਪਾਰਟੀਆਂ ਤੋਂ ਹਟ ਕੇ ਇਹ ਪਾਰਟੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਕਰੇਗੀ, ਕਿਉਂਕਿ ਭਗਵੰਤ ਮਾਨ ਹਮੇਸ਼ਾ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਸਨ, ਪਰ ਸਰਕਾਰ ਲੋਕਾਂ ਦੀਆਂ ਆਸਾਂ, ਉਮੀਦਾਂ ‘ਤੇ ਖਰਾ ਨਹੀਂ ਉਤਰੀ, ਨਤੀਜੇ ਵਜੋਂ ਇਸ ਦੇ ਉਮੀਦਵਾਰ ਗੁਰਮੇਲ ਸਿੰਘ ਹਾਰ ਗਏ | ਜੇਕਰ ਏਨੀ ਜਲਦੀ ਆਮ ਆਦਮੀ ਪਾਰਟੀ ਤੋਂ ਲੋਕ ਅੱਕ ਜਾਣ ਤਾਂ ਇਸ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿੱਲੀ ਮਾਡਲ ਪੂਰੀ ਤਰ੍ਹਾਂ ਫੇਲ੍ਹ ਹੈ | ਮੰਤਰੀਆਂ ਤੇ ਵਿਧਾਇਕਾਂ ਨੇ ਪਾਰਲੀਮੈਂਟ ਹਲਕਾ ਸੰਗਰੂਰ ਦੇ ਪਿੰਡ, ਸ਼ਹਿਰ ਤੇ ਗਲੀਆਂ ਤੱਕ ਪਹੁੰਚ ਕੀਤੀ, ਪਰ ਫਿਰ ਵੀ ਉਹਨਾਂ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ |
ਅਸ਼ੋਕ ਮੋਹਨ ਰਿਟਾਇਰਡ ਡੀ ਐੱਸ ਪੀ ਦਾ ਕਹਿਣਾ ਹੈ ਕਿ ਲੋਕਾਂ ਨੇ ਜਿਸ ਆਸਾਂ ਤੇ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਤਿੰਨ ਮਹੀਨੇ ਪਹਿਲਾਂ ਸੱਤਾ ‘ਤੇ ਬਿਠਾਇਆ ਸੀ, ਇਹਨਾਂ ਦੀ ਸਰਕਾਰ ਉਹਨਾਂ ਆਸਾਂ ‘ਤੇ ਖਰੀ ਨਹੀਂ ਉਤਰੀ, ਜਿਸ ਕਾਰਨ ਲੋਕਾਂ ਨੇ ਆਪ ਸਰਕਾਰ ਵਿਰੁੱਧ ਆਪਣਾ ਰੋਸ਼ ਜ਼ਾਹਰ ਕਰਦਿਆਂ ਫਤਵਾ ਦੇ ਦਿੱਤਾ | ਵਿਜੈ ਗੁਪਤਾ ਇੰਡਸਟਰੀ ਚੈਂਬਰ ਦੇ ਆਗੂ ਦਾ ਕਹਿਣਾ ਹੈ ਕਿ ਦਿੱਲੀ ਤੋਂ ਆਈ ਲੀਡਰਸ਼ਿਪ ਦੀ ਵਿਚਾਰਧਾਰਾ ਪੰਜਾਬੀਆਂ ਦੇ ਹਿੱਤ ਵਿੱਚ ਨਹੀਂ ਸੀ, ਇਸ ਲਈ ਪੰਜਾਬ ਦੇ ਲੋਕਾਂ ਨੇ ਜਲਦੀ ਪਰਖਦਿਆਂ ਆਪ ਸਰਕਾਰ ਨੂੰ ਸਬਕ ਸਿੱਖਾ ਦਿੱਤਾ ਤੇ ਜ਼ਿਮਨੀ ਚੋਣ ਵਿੱਚ ਹਰਾ ਕੇ ਉਸੇ ਰਸਤੇ ਮੋੜ ਦਿੱਤਾ | ਸੁਰਜੀਤ ਸਿੰਘ ਸਾਬਕਾ ਸਰਪੰਚ ਖੇੜੀ ਜੱਟਾਂ ਦਾ ਕਹਿਣਾ ਹੈ ਕਿ ਧੂਰੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਨੂੰ ਇਸ ਲਈ ਵੋਟ ਜਿੱਤੀ ਸੀ ਕਿ ਇਹ ਰਵਾਇਤੀ ਪਾਰਟੀਆਂ ਤੋਂ ਹਟ ਕੇ ਪਾਰਟੀ ਹੈ ਅਤੇ ਪੰਜਾਬ ਦਾ ਸਰਬਪੱਖੀ ਵਿਕਾਸ ਕਰਾਏਗੀ, ਅਜਿਹਾ ਕੁਝ 3 ਮਹੀਨਿਆਂ ਦੀ ਸਰਕਾਰ ਅੰਦਰ ਨਹੀਂ ਹੋਇਆ, ਜਿਸ ਕਾਰਨ ਲੋਕਾਂ ਨੇ ਵੀ ਮੋੜਵਾਂ ਜਵਾਬ ਦੇ ਦਿੱਤਾ |

Related Articles

LEAVE A REPLY

Please enter your comment!
Please enter your name here

Latest Articles