30.5 C
Jalandhar
Tuesday, August 16, 2022
spot_img

ਅਣਐਲਾਨੀ ਐਮਰਜੈਂਸੀ ਖਿਲਾਫ਼ ਪੰਜਾਬ ਭਰ ‘ਚ ਮੁਜ਼ਾਹਰੇ

ਨਵਾਂ ਸ਼ਹਿਰ/ਬਹਿਰਾਮ (ਅਵਤਾਰ ਕਲੇਰ)
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਮੋਦੀ ਸਰਕਾਰ ਦੀ ਅਣਐਲਾਨੀ ਐਮਰਜੈਂਸੀ ਵਿਰੁੱਧ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਗਈ ਅਤੇ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸੁਤੰਤਰ ਕੁਮਾਰ, ਮੁਕੰਦ ਲਾਲ, ਸੀ ਪੀ ਆਈ (ਐੱਮ ਐੱਲ) ਐੱਨ ਡੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਅਵਤਾਰ ਸਿੰਘ ਤਾਰੀ, ਆਰ ਐੱਮ ਪੀ ਆਈ ਦੇ ਕੁਲਦੀਪ ਸਿੰਘ ਦੌੜਕਾ, ਹਰਪਾਲ ਸਿੰਘ ਜਗਤਪੁਰ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਕਿਹਾ ਕਿ 47 ਸਾਲ ਪਹਿਲਾਂ 25-26 ਜੂਨ 1975 ਦੀ ਦਰਮਿਆਨੀ ਰਾਤ ਨੂੰ ਇੰਦਰਾ ਗਾਂਧੀ ਸਰਕਾਰ ਵਲੋਂ ਦੇਸ਼ ਵਿਚ ਐਮਰਜੈਂਸੀ ਲਾਈ ਗਈ ਸੀ, ਜਿਸ ਨਾਲ ਮਨੁੱਖੀ ਅਧਿਕਾਰ, ਜਮਹੂਰੀ ਹੱਕ ਕੁਚਲ ਦਿੱਤੇ ਗਏ ਸਨ | ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ਨੂੰ ਜੇਲ੍ਹੀਂ ਤਾੜ ਦਿੱਤਾ ਗਿਆ ਸੀ | 40 ਹਜ਼ਾਰ ਲੋਕਾਂ ਨੂੰ 19 ਮਹੀਨੇ ਜੇਲ੍ਹਾਂ ਵਿਚ ਬੰਦ ਰੱਖਿਆ ਗਿਆ | ਦੇਸ਼ ਵਿਚ ਐਮਰਜੈਂਸੀ ਦਾ ਤਿੱਖਾ ਵਿਰੋਧ ਵੀ ਹੋਇਆ ਸੀ, ਪਰ ਆਰ ਐੱਸ ਐੱਸ ਦੇ ਕਾਰਕੁਨ ਸੰਜੇ ਗਾਂਧੀ ਦਾ 20 ਸੂਤਰੀ ਪ੍ਰੋਗਰਾਮ ਲਾਗੂ ਕਰਨ ਦਾ ਵਾਅਦਾ ਕਰਕੇ ਮੁਆਫੀ ਮੰਗ ਕੇ ਬਾਹਰ ਆਏ ਸਨ | ਆਗੂਆਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਵਿਚ ਅਣਐਲਾਨੀ ਐਮਰਜੈਂਸੀ ਲਾਈ ਹੋਈ ਹੈ | ਨਾਗਰਿਕਾਂ ਦੀਆਂ ਭਾਵਨਾਵਾਂ ਦੀ ਜ਼ਰਾ ਜਿੰਨੀ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ | ਮੋਦੀ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ਉੱਤੇ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਗਿਆ ਹੈ | ਨਾ ਕੋਈ ਅਪੀਲ-ਨਾ ਕੋਈ ਦਲੀਲ | ਹੱਕ-ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਜਬਰ ਦਾ ਸਹਾਰਾ ਲਿਆ ਜਾ ਰਿਹਾ ਹੈ | ਦੇਸ਼ ਦੇ ਫੈਡਰਲ ਢਾਂਚੇ ਨੂੰ ਤਬਾਹ ਕੀਤਾ ਜਾ ਰਿਹਾ ਹੈ | ਡੈਮਾਂ ਦੀ ਸੁਰੱਖਿਆ ਦੇ ਨਾਂਅ ਉੱਤੇ ਭਾਖੜਾ ਡੈਮ ਉੱਤੇ ਕੇਂਦਰੀ ਜਕੜ ਨੂੰ ਹੋਰ ਪੱਕਾ ਕਰਨ ਦਾ ਇਰਾਦਾ ਹੈ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਕੰਟਰੋਲ ਵਿਚ ਕੀਤਾ ਜਾ ਰਿਹਾ | ਵਿਰੋਧੀਆਂ ਵਿਚ ਭੈਅ ਦਾ ਮਹੌਲ ਸਿਰਜਣ ਲਈ ਘਰਾਂ ਨੂੰ ਬੁਲਡੋਜ਼ਰਾਂ ਨਾਲ ਤਹਿਸ-ਨਹਿਸ ਕੀਤਾ ਜਾ ਰਿਹਾ ਹੈ | ਭਾਜਪਾ ਦੀ ਮੋਦੀ ਸਰਕਾਰ ਅਤੇ ਸੂਬਾ ਸਰਕਾਰਾਂ ਆਪ ਹੀ ਜੱਜ ਬਣੀ ਬੈਠੀਆਂ ਹਨ | ਇਸ ਸਮੇਂ ਦੇਸ਼ ਵਿਚ ਆਰਥਕ ਸੰਕਟ ਬਹੁਤ ਗੰਭੀਰ ਹੋ ਚੁੱਕਾ ਹੈ, ਹਾਕਮ ਦੇਸ਼ ਨੂੰ ਇਸ ਸੰਕਟ ਵਿਚੋਂ ਕੱਢਣ ਤੋਂ ਅਸਮਰੱਥ ਹਨ | ਹਕੂਮਤ ਦੇਸ਼ ਭਗਤੀ ਅਤੇ ਧਾਰਮਕ ਭਾਵਨਾਵਾਂ ਦੀ ਆੜ ਵਿਚ ਸਾਮਰਾਜ ਪੱਖੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਦੇਸ਼ ਉੱਤੇ ਲਾਗੂ ਕਰ ਰਹੇ ਹਨ | ਕਾਰਪੋਰੇਟ ਪੱਖੀ ਅਤੇ ਮਜ਼ਦੂਰ ਵਿਰੋਧੀ ਚਾਰ ਕਿਰਤ ਕੋਡ ਲਿਆਂਦੇ ਜਾ ਰਹੇ ਹਨ | ਜਨਤਕ ਸੰਪਤੀਆਂ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਕੋਲ ਵੇਚਿਆ ਜਾ ਰਿਹਾ ਹੈ | ਜਨਤਾ ਉੱਤੇ ਆਏ ਦਿਨ ਟੈਕਸਾਂ ਦਾ ਬੋਝ ਲੱਦਿਆ ਜਾ ਰਿਹਾ ਹੈ | ਮੋਦੀ ਸਰਕਾਰ ਘੱਟ ਗਿਣਤੀਆਂ ਨੂੰ ਨਿਸ਼ਾਨੇ ਉੱਤੇ ਲੈ ਰਹੀ ਹੈ | ਭਾਜਪਾ, ਆਰ ਐੱਸ ਐੱਸ ਅਤੇ ਹੋਰ ਹਿੰਦੂਤਵੀ ਜਥੇਬੰਦੀਆਂ ਅੱਗ ਉਗਲ ਰਹੀਆਂ ਹਨ |
ਆਗੂਆਂ ਨੇ ਕਿਹਾ ਕਿ ਅਜਿਹੇ ਹਾਲਤਾਂ ਵਿਚ ਚੁੱਪ ਰਹਿਣ ਦੀ ਕੀਮਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਰਨੀ ਪਵੇਗੀ | ਸਾਨੂੰ ਮੋਦੀ ਸਰਕਾਰ ਦੇ ਅਜਿਹੇ ਲੋਕ ਵਿਰੋਧੀ ਕਦਮਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ | ਮਤੇ ਪਾਸ ਕਰਕੇ ਸਾਰੇ ਰਾਜਸੀ ਕੈਦੀ, ਸਜ਼ਾ ਪੂਰੀ ਕਰ ਚੁੱਕੇ ਕੈਦੀ, ਬੁੱਧੀਜੀਵੀ ਰਿਹਾ ਕਰਨ, ਯੂ ਏ ਪੀ ਏ ਰੱਦ ਕਰਨ, ਅਗਨੀਪੱਥ ਯੋਜਨਾ ਰੱਦ ਕਰਨ, ਭਾਖੜਾ ਡੈਮ ਦਾ ਪ੍ਰਬੰਧ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਹਵਾਲੇ ਕਰਨ ਦੀ ਮੰਗ ਕੀਤੀ ਗਈ | ਬਾਅਦ ਵਿਚ ਸ਼ਹਿਰ ਅੰਦਰ ਮੁਜ਼ਾਹਰਾ ਵੀ ਕੀਤਾ ਗਿਆ |
ਮੋਗਾ (ਅਮਰਜੀਤ ਬੱਬਰੀ) : ਐਤਵਾਰ ‘ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ’ ਮੋਗਾ ਵਿਖੇ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਦੇ ਸੱਦੇ ‘ਤੇ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਅਤੇ ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ ਵੱਲੋਂ ਕਨਵੈਨਸ਼ਨ ਕੀਤੀ ਗਈ ਅਤੇ ਬਾਅਦ ਵਿਚ ਮੋਗਾ ਦੇ ਬਜ਼ਾਰ ਵਿੱਚ ਮੁਜ਼ਾਹਰਾ ਵੀ ਕੀਤਾ ਗਿਆ | ਇਹ ਪ੍ਰੋਗਰਾਮ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ, ਜਗਸੀਰ ਸਿੰਘ ਖੋਸਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਕੀਤਾ ਗਿਆ |
ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੀ ਪੀ ਆਈ ਦੇ ਸੀਨੀਅਰ ਆਗੂ ਜਗਰੂਪ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਈ ਗਈ ਅਣਐਲਾਨੀ ਐਮਰਜੈਂਸੀ ਨੇ 1975 ਵਿੱਚ ਕਾਂਗਰਸ ਸਰਕਾਰ ਵਲੋਂ ਐਲਾਨੀਆ ਤੌਰ ‘ਤੇ ਲਾਈ ਐਮਰਜੈਂਸੀ ਨੂੰ ਪਛਾੜ ਦਿੱਤਾ ਹੈ | ਕੇਂਦਰ ਸਰਕਾਰ ਜਿਸ ਬਹੁਗਿਣਤੀ (ਹਿੰਦੂ) ਨੂੰ ਗੁੰਮਰਾਹ ਕਰਕੇ ਪਿਛਲੇ ਅੱਠ ਸਾਲਾਂ ਤੋਂ ਸੱਤਾ ਉਪਰ ਕਾਬਜ਼ ਹੈ, ਉਸੇ ਬਹੁਗਿਣਤੀ ਭਾਈਚਾਰੇ ਨੂੰ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਕਾਰਨ ਨੁਕਸਾਨ ਵੀ ਵਧੇਰੇ ਭੁਗਤਣਾ ਪੈ ਰਿਹਾ ਹੈ, ਕਿਉਂਕਿ ਦੇਸ਼ ਅੰਦਰ ਜਿੰਨੀ ਜਿਸ ਭਾਈਚਾਰੇ ਦੀ ਅਬਾਦੀ ਹੈ, ਉਸੇ ਪ੍ਰਤੀਸ਼ਤ ਅਨੁਸਾਰ ਕੇਂਦਰ ਸਰਕਾਰ ਦੇ ਲੋਕ-ਮਾਰੂ ਫੈਸਲਿਆਂ ਦਾ ਉਸ ਭਾਈਚਾਰੇ ਨੂੰ ਨੁਕਸਾਨ ਵੀ ਉਠਾਉਣਾ ਪੈਂਦਾ ਹੈ | ਉਨ੍ਹਾ ਬਹੁਗਿਣਤੀ ਭਾਈਚਾਰੇ (ਹਿੰਦੂਆਂ) ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਨੂੰ ਇਸ ਫਾਸ਼ੀਵਾਦੀ ਦੀ ਸਰਕਾਰ ਵਿਰੁੱਧ ਬਾਕੀਆਂ ਨਾਲੋਂ ਵਧੇਰੇ ਭੂਮਿਕਾ ਅਦਾ ਕਰਨੀ ਚਾਹੀਦੀ ਹੈ, ਤਾਂ ਕਿ ਦੇਸ਼ ਭਾਈਚਾਰਕ ਤੌਰ ‘ਤੇ ਵੀ ਮਜ਼ਬੂਤ ਰੱਖਿਆ ਜਾ ਸਕੇ ਅਤੇ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫਤਵਿਆਂ ਨੂੰ ਭਾਂਜ ਵੀ ਦਿੱਤੀ ਜਾ ਸਕੇ |
ਨੌਜਵਾਨ ਆਗੂ ਕਰਮਜੀਤ ਸਿੰਘ ਮਾਣੂੰਕੇ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਪੱਖੀ ਲੇਖਕਾਂ, ਬੁੱਧੀਜੀਵੀਆਂ ਅਤੇ ਲੋਕ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ, ਗੋਬਿੰਦ ਪਨਸਾਰੇ, ਡਾ. ਕੁਲਬਰਗੀ, ਗੌਰੀ ਲੰਕੇਸ਼ ਬੁੱਧੀਜੀਵੀਆਂ ਤੋਂ ਜਿਉਣ ਦਾ ਹੱਕ ਖੋਹ ਲਿਆ ਗਿਆ ਹੈ ਅਤੇ ਸਰਕਾਰ ਪੱਖੀ ਬੰਬ ਧਮਾਕਿਆਂ ਤੱਕ ਦੇ ਦੋਸ਼ੀ ਸਰੇਆਮ ਖੁੱਲ੍ਹੇ ਘੁੰਮ ਰਹੇ ਹਨ |
ਸੀ ਪੀ ਆਈ ਆਗੂ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਪਾਰਲੀਮੈਂਟ ਵੱਲੋਂ ਪਾਸ ਮਤੇ ਕਿ 1947 ਤੋਂ ਧਾਰਮਕ ਸਥਾਨਾਂ ਦੀ ਜੋ ਸਥਿਤੀ ਹੈ, ਉਹ ਹੀ ਮੰਨੀ ਜਾਵੇਗੀ, ਦੀ ਉਲੰਘਣਾ ਕਰਦਿਆਂ ਬਾਬਰੀ ਮਸਜਿਦ ਢਾਹੁਣ ਤੋਂ ਸ਼ੁਰੂ ਕਰਕੇ ਹੁਣ ਹੋਰ ਮਸਜਿਦਾਂ, ਇਤਿਹਾਸਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਹੁਣ ਦੇਸ਼ ਦੀ ਸੁਰੱਖਿਆ ਲਈ ਅਤਿ ਮਹੱਤਵਪੂਰਨ ਅਦਾਰੇ ਫੌਜ ਸੰਬੰਧੀ ਵੀ ਅਗਨੀਪੱਥ ਯੋਜਨਾ ਵਰਗਾ ਨਾਦਰਸ਼ਾਹੀ ਫੁਰਮਾਨ ਠੋਸ ਦਿੱਤਾ ਗਿਆ ਹੈ | ਉਨ੍ਹਾ ਕਿਹਾ ਕਿ ‘ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ’ ਕੇਂਦਰ ਦੇ ਲੋਕ ਵਿਰੋਧੀ ਫੈਸਲਿਆਂ ਵਿਰੁੱਧ ਲੋਕਾਂ ਨੂੰ ਚੇਤਨ ਅਤੇ ਲਾਮਬੰਦ ਕਰਦਾ ਰਹੇਗਾ |
ਇਸ ਕਨਵੈਨਸ਼ਨ ਨੂੰ ਜਗਜੀਤ ਸਿੰਘ ਧੂੜਕੋਟ, ਗੁਰਚਰਨ ਸਿੰਘ ਦਾਤੇਵਾਲ, ਨੌਜਵਾਨ ਆਗੂ ਰਜਿੰਦਰ ਸਿੰਘ ਕੋਟਲਾ, ਪਰਮਜੀਤ ਸਿੰਘ ਵਿੱਕੀ, ਮਜ਼ਦੂਰ ਆਗੂ ਮੰਗਾ ਸਿੰਘ ਵੈਰੋਕੇ, ਅਮਰਜੀਤ ਕੌਰ ਮਹਿਣਾ, ਜਰਨੈਲ ਸਿੰਘ, ਪੋਹਲਾ ਸਿੰਘ ਬਰਾੜ, ਭੁਪਿੰਦਰ ਸਿੰਘ ਸੇਖੋਂ, ਗੁਰਮੀਤ ਸਿੰਘ ਪੁਰਾਣੇ ਵਾਲਾ ਆਦਿ ਨੇ ਵੀ ਸੰਬੋਧਨ ਕੀਤਾ |
ਕਰਤਾਰਪੁਰ (ਹਰਮੇਸ਼ ਦੱਤ) : ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ 26 ਜੂਨ 1975 ਨੂੰ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਦੇ ਦਿਨ ਮੌਕੇ ਐਤਵਾਰ ਮੋਦੀ ਦੀ ਅਗਵਾਈ ਵਾਲੀ ਆਰ ਐੱਸ ਐੱਸ-ਭਾਜਪਾ ਦੀ ਫਾਸ਼ੀਵਾਦੀ ਸਰਕਾਰ ਦੁਆਰਾ ਦੇਸ਼ ਅੰਦਰ ਮੜ੍ਹੀ ਅਣ-ਐਲਾਨੀ ਐਮਰਜੈਂਸੀ ਖਿਲਾਫ ਡਾਕਟਰ ਅੰਬੇਡਕਰ ਚੌਕ ਵਿਖੇ ਰੈਲੀ ਕਰਨ ਉਪਰੰਤ ਜੀ ਟੀ ਰੋਡ ਉੱਪਰ ਮੁਜ਼ਾਹਰਾ ਕੀਤਾ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ |
ਇਸ ਮੌਕੇ ਫਰੰਟ ਵਿੱਚ ਸ਼ਾਮਲ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਹਾਇਕ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਦੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲ ਕੇ ਬੋਲਣ, ਲਿਖਣ, ਅਖਬਾਰਾਂ, ਚੈਨਲਾਂ, ਰੋਸ ਪ੍ਰਦਰਸ਼ਨ ਕਰਨ ਅਤੇ ਸਿਆਸੀ ਗਤੀਵਿਧੀਆਂ ਕਰਨ ‘ਤੇ ਰੋਕ ਲਾ ਦਿੱਤੀ ਸੀ, ਜਿਹੜਾ ਇਸ ਦੇ ਖਿਲਾਫ ਗਿਆ, ਉਸ ਨੂੰ ਜੇਲ੍ਹਾਂ ‘ਚ ਬੰਦ ਕਰ ਦਿੱਤਾ ਗਿਆ | ਐਮਰਜੈਂਸੀ ਲੱਗਣ ਤੋਂ ਪਹਿਲਾਂ ਲੋਕਾਂ ਦਾ ਖਾਸਕਰ ਨੌਜਵਾਨਾਂ ਦਾ ਬੇਰੁਜ਼ਗਾਰੀ ਅਤੇ ਭਿ੍ਸ਼ਟਾਚਾਰ ਖਿਲਾਫ ਬਹੁਤ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਸਨ | ਲੋਕਾਂ ਦੀ ਆਵਾਜ਼ ਕੁਚਲਣ ਲਈ 26 ਜੂਨ 1975 ਨੂੰ ਐਮਰਜੈਂਸੀ ਲਗਾਈ ਗਈ | ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਵਿੱਚ ਬੇਰੁਜ਼ਗਾਰੀ (ਅਗਨੀਪੱਥ ਯੋਜਨਾ) ਖਿਲਾਫ ਨੌਜਵਾਨਾਂ ਦੇ ਵੱਡੇ ਵੱਡੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ | ਕਿਸਾਨ, ਮਜ਼ਦੂਰ, ਮੁਲਾਜ਼ਮ, ਘੱਟ ਗਿਣਤੀਆਂ ਸਭ ਸੜਕਾਂ ਤੇ ਉੱਤਰੇ ਹੋਏ ਹਨ ਤੇ ਫਾਸ਼ੀਵਾਦੀ ਮੋਦੀ ਸਰਕਾਰ ਵੱਲੋਂ ਉਹਨਾਂ ਦੇ ਹੱਕ ਕੁਚਲੇ ਜਾ ਰਹੇ ਹਨ | ਇਹ ਇੱਕ ਅਣ-ਐਲਾਨੀ ਐਮਰਜੈਂਸੀ ਹੈ | ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਦੇ ਘਰਾਂ, ਦੁਕਾਨਾਂ ਉੱਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ, ਕਿਸਾਨਾਂ, ਮਜ਼ਦੂਰਾਂ ਨੂੰ ਕਾਰਪੋਰੇਟ ਪੱਖੀ ਨੀਤੀਆਂ ਲਿਆ ਕਿ ਕੁਚਲਿਆ ਜਾ ਰਿਹਾ ਹੈ | ਦਲਿਤਾਂ ਉੱਪਰ ਹਮਲੇ ਵਧ ਰਹੇ ਹਨ | ਹਰ ਵਰਗ ਦੇ ਲੋਕਾਂ ਦੀ ਆਵਾਜ਼ ਦਬਾਉਣ ਲਈ ਕਦੇ ਨਾਗਰਿਕਤਾ ਸੋਧ ਕਾਨੂੰਨ, ਖੇਤੀਬਾੜੀ ਕਾਨੂੰਨ, ਮਜ਼ਦੂਰ ਵਿਰੋਧੀ ਕਾਨੂੰਨ ਲੇਬਰ ਕਾਨੂੰਨ ਸੋਧ ਐਕਟ ਲੈ ਕੇ ਆ ਰਹੇ ਹਨ | ਇਸ ਸਮੇਂ ਮਤਾ ਪਾਸ ਕਰਕੇ ਇਲਾਹਾਬਾਦ ਪੁਲਸ ਵਲੋਂ ਕੁੱਲ ਹਿੰਦ ਕਿਸਾਨ-ਮਜ਼ਦੂਰ ਸਭਾ ਦੇ ਜਨਰਲ ਸਕੱਤਰ ਡਾ. ਆਸ਼ੀਸ਼ ਮਿੱਤਲ ਸਮੇਤ 500 ਲੋਕਾਂ ਖਿਲਾਫ ਝੂਠਾ ਕੇਸ ਦਰਜ ਕਰਨ ਤੇ ਸਮਾਜਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਗਿ੍ਫਤਾਰ ਕਰਨ ਦੀ ਤਿੱਖੇ ਸਬਦਾਂ ਵਿੱਚ ਨਿੰਦਾ ਕਰਦਿਆਂ ਜੇਲ੍ਹਾਂ ਵਿੱਚ ਬੰਦ ਸਾਰੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਅਤੇ ਝੂਠੇ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਬਲਵਿੰਦਰ ਕੌਰ ਦਿਆਲਪੁਰ, ਗੁਰਪ੍ਰੀਤ ਸਿੰਘ ਚੀਦਾ ਅਤੇ ਵੀਰ ਕੁਮਾਰ ਨੇ ਵੀ ਸੰਬੋਧਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles