30.5 C
Jalandhar
Tuesday, August 16, 2022
spot_img

ਵ੍ਹਾਈਟ ਪੇਪਰ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸ਼ਨੀਵਾਰ ਪੰਜਾਬ ਵਿਧਾਨ ਸਭਾ ਵਿਚ ਸੂਬੇ ਦੀ ਮਾਲੀ ਹਾਲਤ ਬਾਰੇ ਪੇਸ਼ ਕੀਤੇ ਗਏ ਵ੍ਹਾਈਟ ਪੇਪਰ ਮੁਤਾਬਕ ਪੰਜਾਬ ਸਿਰ ਇਸ ਵੇਲੇ 2 ਲੱਖ 63 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ | 1980-81 ਵਿਚ 1009 ਕਰੋੜ ਰੁਪਏ ਦਾ ਕਰਜ਼ਾ ਸੀ, ਜਿਹੜਾ 2011-12 ਵਿਚ 83009 ਕਰੋੜ ਹੋ ਗਿਆ ਸੀ | ਅਗਲੇ 10 ਸਾਲਾਂ ਵਿਚ ਇਸ ‘ਚ ਜ਼ਬਰਦਸਤ ਵਾਧਾ ਹੋਇਆ, ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਰਹੀਆਂ | ਇਨ੍ਹਾਂ ਦੋਹਾਂ ਮੁੱਖ ਮੰਤਰੀਆਂ ਨੇ ਮਾਲੀ ਹਾਲਤ ਸੁਧਾਰਨ ਦੀ ਥਾਂ ਵੋਟਾਂ ਖਾਤਰ ‘ਮੁਫਤ ਤੇ ਸਸਤਾ’ ਵਾਲਾ ਫਾਰਮੂਲਾ ਅਪਣਾਇਆ | ਇਹ ਨਹੀਂ ਸੋਚਿਆ ਕਿ ਉਨ੍ਹਾਂ ਦੀਆਂ ਅਜਿਹੀਆਂ ਸਕੀਮਾਂ ਨਾਲ ਸੂਬੇ ਦੀ ਅਗਲੀ ਪੀੜ੍ਹੀ ਨੂੰ ਕਿੰਨੀ ਕੀਮਤ ਚੁਕਾਉਣੀ ਪਵੇਗੀ | ਉਪਰੋਕਤ ਕਰਜ਼ਾ ਤਾਂ ਸਰਕਾਰ ਦੇ ਸਿਰ ਵੱਜਦਾ ਹੈ | ਇਸ ਤੋਂ ਇਲਾਵਾ ਸਰਕਾਰੀ ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰਨਾਂ ਅਦਾਰਿਆਂ ਸਿਰ ਵੀ 55 ਹਜ਼ਾਰ ਕਰੋੜ ਰੁਪਏ ਚੜ੍ਹੇ ਹੋਏ ਹਨ, ਜਿਨ੍ਹਾਂ ਵਿਚ ਸਰਕਾਰ ਗਰੰਟਰ ਹੈ | ਦੋਹਾਂ ਕਰਜ਼ਿਆਂ ਨੂੰ ਜੋੜ ਲਈਏ ਤਾਂ ਇਹ 3 ਲੱਖ 18 ਹਜ਼ਾਰ ਕਰੋੜ ਰੁਪਏ ਤੋਂ ਟੱਪ ਜਾਂਦਾ ਹੈ | ਵ੍ਹਾਈਟ ਪੇਪਰ ਮੁਤਾਬਕ ਸੂਬੇ ਨੂੰ ਜਿੰਨੀ ਆਮਦਨ ਹੁੰਦੀ ਹੈ, ਉਸ ਦਾ 93.49 ਫੀਸਦੀ ਮੁਲਾਜ਼ਮਾਂ ਦੀਆਂ ਤਨਖਾਹਾਂ, ਪੈਨਸ਼ਨਾਂ, ਉਜਰਤਾਂ, ਸੇਵਾਮੁਕਤੀ ਲਾਭ, ਸਬਸਿਡੀਆਂ ‘ਤੇ ਵਿਆਜ ਆਦਿ ‘ਤੇ ਚਲਾ ਜਾਂਦਾ ਹੈ | ਵਿਕਾਸ ਕੰਮਾਂ ਲਈ ਸਿਰਫ ਸਾਢੇ 6 ਫੀਸਦੀ ਪੈਸੇ ਹੀ ਬਚਦੇ ਹਨ | ਇਨ੍ਹਾਂ ਪ੍ਰਸਥਿਤੀਆਂ ਵਿਚ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣਾ ਪਲੇਠਾ ਬੱਜਟ ਪੇਸ਼ ਕਰਨਾ ਹੈ | ਸਰਕਾਰ ਇਹ ਦਾਅਵਾ ਕਰਦੀ ਆ ਰਹੀ ਹੈ ਕਿ ਬੱਜਟ ਲੋਕ-ਪੱਖੀ ਹੋਵੇਗਾ | ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਗਰੰਟੀਆਂ ਨੂੰ ਅਮਲ ਵਿਚ ਲਿਆਂਦਾ ਜਾਵੇਗਾ | ਇਹ ਗੱਲ ਸਹਿਜੇ ਹੀ ਸਮਝ ਵਿਚ ਆਉਣ ਵਾਲੀ ਹੈ ਕਿ ਜਦ ਖਜ਼ਾਨੇ ਵਿਚ ਕੁਝ ਆ ਹੀ ਨਹੀਂ ਰਿਹਾ ਤਾਂ ਗਰੰਟੀਆਂ ਕਿਵੇਂ ਲਾਗੂ ਹੋਣਗੀਆਂ, ਜਿਹੜੀਆਂ ਕਿ ਬਿਨਾਂ ਸੋਚੇ-ਸਮਝੇ ਦਿੱਤੀਆਂ ਗਈਆਂ | ਬਾਦਲ-ਕੈਪਟਨ ਵਾਲੀਆਂ ਛੋਟਾਂ ਲਾਗੂ ਕਰਨ ਨਾਲ ਹੀ ਖਜ਼ਾਨੇ ਦੇ ਪਸੀਨੇ ਛੁੱਟ ਰਹੇ ਹਨ ਤਾਂ ਭਗਵੰਤ ਮਾਨ ਪੈਸੇ ਕਿੱਥੋਂ ਲਿਆਉਣਗੇ, ਆਪਣੀਆਂ ਇਨ੍ਹਾਂ ਤੋਂ ਵੱਖਰੀਆਂ ਗਰੰਟੀਆਂ ਲਾਗੂ ਕਰਨ ਲਈ | ਚੰਗਾ ਹੋਵੇਗਾ ਕਿ ਮੁਫਤ ਦੇਣ ਨਾਲੋਂ ਨੌਜਵਾਨਾਂ ਲਈ ਨੌਕਰੀਆਂ ਤੇ ਕੰਮਾਂ ਦਾ ਪ੍ਰਬੰਧ ਕੀਤਾ ਜਾਵੇ, ਆਟਾ-ਦਾਲ ਉਹ ਆਪ ਹੀ ਖਰੀਦ ਲੈਣਗੇ ਤੇ ਬਿਜਲੀ ਦੇ ਬਿੱਲ ਵੀ ਦੇ ਲੈਣਗੇ | ਵਾ੍ਹਈਟ ਪੇਪਰ ਲਿਆਉਣ ਵਾਲੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੱਖਾਂ ਕਰੋੜਾਂ ਦਾ ਕਰਜ਼ਾ ਬਾਦਲ-ਕੈਪਟਨ ਦੀਆਂ ਘਟੀਆ ਨੀਤੀਆਂ ਦਾ ਨਤੀਜਾ ਹੈ ਤੇ ਜੇ ਉਸ ਨੇ ਵੀ ਗਰੰਟੀਆਂ ਲਾਗੂ ਕਰਨ ਲਈ ਖਜ਼ਾਨਾ ਲੁਟਾਇਆ ਤਾਂ ਸੂਬੇ ਦਾ ਬੇੜਾ ਗਰਕ ਕਰਨ ਵਾਲਿਆਂ ਵਿਚ ਬਾਦਲ-ਕੈਪਟਨ ਤੋਂ ਬਾਅਦ ਅਗਲਾ ਨਾਂਅ ਭਗਵੰਤ ਮਾਨ ਦਾ ਲਿਆ ਜਾਵੇਗਾ |

Related Articles

LEAVE A REPLY

Please enter your comment!
Please enter your name here

Latest Articles