ਪਟਿਆਲਾ : ਇੱਥੇ ਭਾਰਤ ਛੱਡੋ ਅੰਦੋਲਨ ਨੂੰ ਸਮਰਪਤ ਮੁਲਾਜ਼ਮਾਂ, ਮਜ਼ਦੂਰਾਂ, ਮਿਹਨਤਕਸ਼ ਲੋਕਾਂ ਅਤੇ ਬੇਰੁਜ਼ਗਾਰ ਗਰੀਬਾਂ ਦੀਆਂ ਮੰਗਾਂ ਅਤੇ ਦੁੱਭਰ ਹੁੰਦੀਆਂ ਜਾ ਰਹੀਆਂ ਜੀਵਨ ਹਾਲਤਾਂ ਦੇ ਸੰਬੰਧ ਵਿੱਚ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਐਕਸ਼ਨ ਦਾ ਸੱਦਾ 10 ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਭਵਿੱਖ ਦੇ ਵੱਡੇ ਸੰਘਰਸ਼ ਦੀ ਤਿਆਰੀ ਵਜੋਂ ਦਿੱਤਾ ਗਿਆ, ਜਿਹੜਾ ਸੰਘਰਸ਼ ਮੋਦੀ ਹਟਾਓ, ਦੇਸ਼ ਬਚਾਓ ਦੇ ਨਾਅਰੇ ਨਾਲ ਕੌਮੀ ਪੱਧਰ ਦੀ ਹੜਤਾਲ ਕਰਨਾ ਹੋਵੇਗਾ, ਤਾਂ ਕਿ ਮੋਦੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਦੇਸ਼ ਵਿਰੋਧੀ ਉਦਾਰੀਕਰਨ, ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ ਸਨਅਤੀ ਅਤੇ ਆਰਥਕ ਨੀਤੀਆਂ ਨੂੰ ਰੋਕਿਆ ਜਾ ਸਕੇ। ਪਟਿਆਲਾ ਵਿਖੇ ਕੀਤੀ ਗਈ ਰੋਸ ਰੈਲੀ ਦੀ ਅਗਵਾਈ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਸੀ ਟੀ ਯੂ ਪੰਜਾਬ ਦੇ ਆਗੂ ਹਰੀ ਸਿੰਘ ਦੌਣ ਕਲਾਂ, ਕਲਾਸ ਫੋਰਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਟਰੇਡ ਯੂਨੀਅਨ ਕੌਂਸਲ ਪਟਿਆਲਾ ਦੇ ਪ੍ਰਧਾਨ ਉਤਮ ਸਿੰਘ ਬਾਗੜੀ ਅਤੇ ਆਂਗਣਵਾੜੀ ਵਰਕਰਾਂ ਦੀ ਸੂਬਾਈ ਆਗੂ ਸੁਨੀਤਾ ਰਾਣੀ ਕਰ ਰਹੇ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਆਗੂਆਂ ਨਿਰਮਲ ਸਿੰਘ ਧਾਲੀਵਾਲ, ਹਰੀ ਸਿੰਘ ਦੌਣ ਕਲਾਂ, ਦਰਸ਼ਨ ਸਿੰਘ ਲੁਬਾਣਾ ਅਤੇ ਉਤਮ ਸਿੰਘ ਬਾਗੜੀ ਨੇ ਕਿਹਾ ਕਿ ਮੋਦੀ ਸਰਕਾਰ ਜ਼ਾਹਰਾ ਤੌਰ ’ਤੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ। ਦੇਸ਼ ਦੇ ਪਬਲਿਕ ਸੈਕਟਰ, ਕੁਦਰਤੀ ਸੋਮਿਆਂ ਅਤੇ ਕੌਮੀ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਵੇਚ- ਵੱਟ ਕੇ ਦੇਸੀ ਅਤੇ ਬਦੇਸ਼ੀ ਕਾਰਪੋਰੇਟਾਂ ਦੀ ਧਨ-ਦੌਲਤ ਵਿੱਚ ਅਥਾਹ ਵਾਧਾ ਕਰ ਦਿੱਤਾ ਗਿਆ ਹੈ। ਦੇਸ਼ ਦੇ ਆਮ ਲੋਕ ਗਰੀਬੀ ਅਤੇ ਗੁਰਬਤ ਵਿੱਚ ਜ਼ਿੰਦਗੀ ਬਸਰ ਕਰ ਰਹੇ ਹਨ। ਦੇਸ਼ ਦੇ ਬੇਰੁਜ਼ਗਾਰ ਨੌਜਵਾਨ ਭਾਰੀ ਗਿਣਤੀ ਵਿੱਚ ਵਿਦੇਸ਼ਾਂ ਵੱਲ ਨੂੰ ਘਰ ਦਾ ਸਭ ਕੁਝ ਵੇਚ-ਵੱਟ ਕੇ ਰੁਜ਼ਗਾਰ ਦੀ ਭਾਲ ਵਿੱਚ ਕੂਚ ਕਰ ਰਹੇ ਹਨ। ਲੋਕਾਂ ਦਾ ਆਪਣੀਆਂ ਸਮੱਸਿਆਵਾ ਤੋਂ ਧਿਆਨ ਲਾਂਭੇ ਕਰਨ ਲਈ ਮੋਦੀ ਸਰਕਾਰ ਦੇਸ਼ ਵਿੱਚ ਆਰ ਐੱਸ ਐੱਸ ਦੇ ਇਸ਼ਾਰਿਆਂ ’ਤੇ ਚਲਦੀ ਹੋਈ ਫਿਰਕੂ ਨਫਰਤ ਫੈਲਾ ਰਹੀ ਹੈ। ਘੱਟ ਗਿਣਤੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਮੁੱਦਿਆਂ ਦੀ ਬਜਾਏ ਫਿਰਕੂ ਧਰੁਵੀਕਰਨ ਦੀ ਨੀਤੀ ਅਪਣਾ ਕੇ ਸੱਤਾ ’ਤੇ ਮੁੜ ਕਾਬਜ਼ ਹੋਣ ਦੀ ਗੰਦੀ ਖੇਡ ਖੇਡੀ ਜਾ ਰਹੀ ਹੈ। ਆਗੂਆਂ ਆਪਣੇ ਸੰਬੋਧਨ ਰਾਹੀਂ ਇਕੱਠੇ ਹੋਏ ਕਿਰਤੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਾਡੀਆਂ ਜੀਵਨ ਲੋੜਾਂ ਦੀਆਂ ਮੰਗਾਂ ਨੂੰ ਅਜਿਹਾ ਫਿਰਕੂ ਮਾਹੌਲ ਸਿਰਜ ਕੇ ਦਰਕਿਨਾਰ ਕਰਨ ਦੀ ਸੋਚੀ-ਸਮਝੀ ਚਾਲ ਚੱਲੀ ਜਾ ਰਹੀ ਹੈ, ਜਦ ਕਿ ਮਜ਼ਦੂਰ ਜਮਾਤ ਦੀਆਂ ਮੰਗਾਂ ਹਨ-ਘੱਟੋ-ਘੱਟ ਉਜਰਤ 26000 ਰੁਪਏ ਪ੍ਰਤੀ ਮਹੀਨਾ, ਚਾਰੇ ਲੇਬਰ ਕੋਡਜ਼ ਰੱਦ ਕਰਨਾ, ਕੰਟਰੈਕਟ/ ਆਊਟ ਸੋਰਸ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਸਰਕਾਰੀ, ਅਰਧ-ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਰੋਕਣਾ, ਆਂਗਣਵਾੜੀ, ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ ਅਤੇ ਹਰ ਕਿਸਮ ਦੇ ਸਕੀਮ ਵਰਕਰਾਂ ਨੂੰ ਪੱਕੇ ਕਰਨਾ, ਨਰੇਗਾ ਤਹਿਤ ਕੰਮ 200 ਦਿਨਾਂ ਲਈ ਦੇਣਾ, ਨਰੇਗਾ ਸ਼ਹਿਰਾਂ ਵਿੱਚ ਵੀ ਲਾਗੂ ਕਰਨਾ ਅਤੇ ਦਿਹਾੜੀ 700 ਰੁਪਏ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਭੱਠਾ ਵਰਕਰਾਂ ਦੇ ਮਸਲੇ ਹੱਲ ਕਰਨਾ, ਪੱਲੇਦਾਰਾਂ ਦੀਆਂ ਲਟਕਦੀਆਂ ਮੰਗਾਂ ਪੂਰੀਆਂ ਕਰਨ, ਸਨਅਤੀ ਵਰਕਰਾਂ ਦੇ ਮਸਲੇ ਹੱਲ ਕਰਨਾ, ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਖਤਮ ਕੀਤੀਆਂ ਪੋਸਟਾਂ ਬਹਾਲ ਕਰਕੇ ਪੱਕੀ ਭਰਤੀ ਕਰਕੇ ਭਰਨਾ, ਘਰੇਲੂ ਕੰਮਕਾਜੀ ਔਰਤਾਂ ਲਈ ਵੈੱਲਫੇਅਰ ਬੋਰਡ ਦਾ ਗਠਨ ਕਰਕੇ ਉਹਨਾਂ ਦੀ ਆਰਥਕ ਹਾਲਤ ਬਿਹਤਰ ਬਣਾਉਣਾ, ਉਸਾਰੀ ਕਿਰਤੀਆਂ ਨੂੰ ਮਿਲਣ ਵਾਲੇ ਲਾਭ ਸਮੇਂ ਸਿਰ ਮਿਲਣਾ ਯਕੀਨੀ ਬਣਾਉਣਾ ਆਦਿ। ਨੇਤਾਵਾਂ ਨੇ ਇਕੱਤਰ ਹੋਏ ਮਜ਼ਦੂਰਾਂ ਨੂੰ ਵਿਸ਼ਾਲ ਲਾਮਬੰਦੀ ਕਰਨ ਦਾ ਸੱਦਾ ਦਿੰਦਿਆ ਸੁਚੇਤ ਕੀਤਾ ਕਿ ਜੇਕਰ ਮੋਦੀ ਦੀ ਹਰ ਇੱਕ ਮਜ਼ਦੂਰ ਵਿਰੋਧੀ ਨੀਤੀ ਦਾ ਵਿਰੋਧ ਨਾ ਕੀਤਾ ਗਿਆ ਤਾਂ ਸਾਡੀਆਂ ਮੰਗਾਂ ਨੂੰ ਵੀ ਕੁਚਲਿਆ ਜਾਵੇਗਾ, ਤਾਨਾਸ਼ਾਹੀ ਸਿਖਰ ਤੱਕ ਵਧੇਗੀ ਅਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਸਾਜ਼ਿਸ਼ਾਂ ਨੂੰ ਵੀ ਅੰਜਾਮ ਦਿੱਤਾ ਜਾਵੇਗਾ। ਜੇਕਰ ਅਸੀਂ ਲੋਕਾਂ ਦੇ ਆਰਥਕ ਮੁੱਦਿਆਂ ਦੀ ਅਤੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਦੀ ਲੜਾਈ ਨੂੰ ਲੋਕ ਲਹਿਰ ਵਿੱਚ ਬਦਲਣ ਵਿੱਚ ਕਾਮਯਾਬ ਹੋਵੇਗਾ ਤਾਂ ਹੀ ਦੇਸ਼ ਵਿੱਚ ਮੋਦੀ ਰਾਜ ਖਤਮ ਹੋ ਸਕੇਗਾ ਅਤੇ ਲੋਕ-ਪੱਖੀ ਤਬਦੀਲੀ ਆਵੇਗੀ। ਜਿਨ੍ਹਾਂ ਹੋਰ ਨੇਤਾਵਾਂ ਨੇ ਇਕੱਠ ਨੂੰ ਸੰਬੋਧਨ ਕੀਤਾ, ਉਹਨਾਂ ਵਿੱਚ ਰਮੇਸ਼ ਕੁਮਾਰ, ਅਮਰਜੀਤ ਘਨੌਰ, ਸੁਨੀਤਾ ਰਾਣੀ, ਹਰਭਜਨ ਸਿੰਘ ਪਿਲਖਣੀ, ਕਰਮ ਚੰਦ ਗਾਂਧੀ, ਬਲਜੀਤ ਕੁਮਾਰ, ਸੰਤੋਖ ਸਿੰਘ ਬੋਪਾਰਾਏ, ਗੁਰਵਿੰਦਰ ਸਿੰਘ ਗੋਲਡੀ, ਜਗਮੋਹਨ ਨੌਲੱਖਾ, ਮਾਧੋ ਲਾਲ, ਰਾਮ ਕਿਸ਼ਨ ਅਤੇ ਸੁਖਦੇਵ ਰਾਮ ਸੁੱਖੀ ਸ਼ਾਮਲ ਸਨ।
ਅੰਮਿ੍ਰਤਸਰ, (ਜਸਬੀਰ ਸਿੰਘ ਪੱਟੀ)-ਕੇਂਦਰ ਸਰਕਾਰ ਦੀਆਂ ਮਜ਼ਦੂਰ, ਕਿਸਾਨ ਅਤੇ ਲੋਕ-ਵਿਰੋਧੀ ਨੀਤੀਆਂਖਿਲਾਫ ਕੇਂਦਰੀ ਅਤੇ ਸੂਬਾਈ ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਬੁਲਾਰਿਆਂ ਵਿੱਚ ਮੁੱਖ ਤੌਰ ’ਤੇ ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ ਨਿਜ਼ਾਮਪੁਰਾ, ਜਗਤਾਰ ਸਿੰਘ ਕਰਮਪੁਰਾ, ਕੁਲਵੰਤ ਸਿੰਘ ਬਾਵਾ, ਜਤਿੰਦਰ ਸਿੰਘ ਛੀਨਾ, ਮਾਸਟਰ ਅਮਰੀਕ ਸਿੰਘ ਸੰਗਤਪੁਰਾ, ਅਮਰ ਸਿੰਘ ਜੰਡਿਆਲਾ ਗੁਰੂ, ਸਤਨਾਮ ਸਿੰਘ ਝੰਡੇਰ, ਸ਼ਮਸ਼ੇਰ ਸਿੰਘ ਹੇਰ, ਬਲਕਾਰ ਸਿੰਘ ਦੁਧਾਲਾ, ਬਾਬਾ ਅਰਜਨ ਸਿੰਘ, ਡਾ. ਭੁਪਿੰਦਰ ਸਿੰਘ ਕੰਗ, ਵਿਜੇ ਕੁਮਾਰ, ਬ੍ਰਹਮ ਦੇਵ ਸ਼ਰਮਾ, ਹਰਭਜਨ ਸਿੰਘ ਟਰਪਈ, ਕੁਲਵੰਤ ਸਿੰਘ ਮੱਲੂਨੰਗਲ, ਕਿ੍ਰਪਾਲ ਸਿੰਘ, ਅਕਵਿੰਦਰ ਕੌਰ, ਕੁਲਵੰਤ ਕੌਰ, ਪਰਮਜੀਤ ਕੌਰ, ਸ਼ੌਕਤ ਮਸੀਹ, ਮੰਗਲ ਸਿੰਘ ਧਰਮਕੋਟ, ਅੰਗਰੇਜ਼ ਸਿੰਘ ਚਾਟੀਵਿੰਡ, ਨਿਸ਼ਾਨ ਸਿੰਘ ਸਾਂਘਣਾ, ਅਵਤਾਰ ਸਿੰਘ ਜੱਸਲ, ਬਲਦੇਵ ਸਿੰਘ ਵੇਰਕਾ, ਕੁਲਵੰਤ ਰਾਏ ਬਾਵਾ, ਅਜੇ ਕੁਮਾਰ ਮਲਹੋਤਰਾ, ਪ੍ਰਭਜੀਤ ਸਿੰਘ ਉਪਲ, ਗਗਨਦੀਪ ਸਿੰਘ ਖਾਲਸਾ, ਨਰਿੰਦਰ ਬੱਲ, ਬਲਦੇਵ ਸਿੰਘ ਮਾਨਾਂਵਾਲਾ, ਰਕੇਸ਼ ਕੁਮਾਰ ਛੇਹਰਟਾ ਤੇ ਭੁਪਿੰਦਰ ਸਿੰਘ ਤੀਰਥਪੁਰਾ ਆਦਿ ਸ਼ਾਮਲ ਸਨ।





