ਨਵੀਂ ਦਿੱਲੀ : ਲੋਕ ਸਭਾ ਵਿਚ ਬੇਵਿਸਾਹੀ ਮਤੇ ’ਤੇ ਬਹਿਸ ਦੇ ਦੂਜੇ ਦਿਨ ਬੁੱਧਵਾਰ ਬੋਲਦਿਆਂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਮਨੀਪੁਰ ਵਿਚ ਭਾਰਤ ਮਾਤਾ ਦੀ ਹੱਤਿਆ ਦਾ ਦੋਸ਼ ਲਾਇਆ। ਲੋਕ ਸਭਾ ਦੀ ਮੈਂਬਰੀ ਬਹਾਲ ਹੋਣ ਦੇ ਬਾਅਦ ਆਪਣੀ ਪਹਿਲੀ ਤਕਰੀਰ ’ਚ ਰਾਹੁਲ ਨੇ ਕਿਹਾ-ਤੁਸੀਂ ਦੇਸ਼ਧ੍ਰੋਹੀ ਹੋ, ਕੌਮਪ੍ਰਸਤ ਨਹੀਂ। ਇਸ ਕਰਕੇ ਪ੍ਰਧਾਨ ਮੰਤਰੀ ਮਨੀਪੁਰ ਨਹੀਂ ਜਾਂਦੇ। ਤੁਸੀਂ ਮਨੀਪੁਰ ’ਚ ਭਾਰਤ ਮਾਤਾ ਦੀ ਹੱਤਿਆ ਕੀਤੀ ਹੈ। ਤੁਸੀਂ ਭਾਰਤ ਮਾਤਾ ਦੇ ਰਾਖੇ ਨਹੀਂ, ਤੁਸੀਂ ਭਾਰਤ ਮਾਤਾ ਦੇ ਹੱਤਿਆਰੇ ਹੋ।
ਉਨ੍ਹਾ ਕਿਹਾ-ਪ੍ਰਧਾਨ ਮੰਤਰੀ ਮਨੀਪੁਰ ਸ਼ਾਇਦ ਇਸ ਕਰਕੇ ਨਹੀਂ ਜਾਂਦੇ ਕਿਉਕਿ ਉਹ ਮਨੀਪੁਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ। ਭਾਜਪਾ ਨੇ ਮਨੀਪੁਰ ਨੂੰ ਦੋ ਭਾਈਚਾਰਿਆਂ ’ਚ ਵੰਡ ਦਿੱਤਾ ਹੈ। ਇਸ ਦੀ ਸਿਆਸਤ ਨੇ ਮਨੀਪੁਰ ’ਚ ਭਾਰਤ ਦੀ ਹੱਤਿਆ ਕਰ ਦਿੱਤੀ ਹੈ। ਇਸੇ ਦਰਮਿਆਨ ਸਾਬਕਾ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਟੋਕਦਿਆਂ ਕਿਹਾ ਕਿ ਰਾਹੁਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਕਿਉਕਿ ਕਾਂਗਰਸ 60 ਸਾਲ ਸੱਤਾ ਵਿਚ ਰਹੀ ਤੇ ਉਸੇ ਕਰਕੇ ਉੱਤਰ-ਪੂਰਬੀ ਭਾਰਤ ’ਚ ਮਿਲੀਟੈਂਸੀ ਰਹੀ। ਆਪੋਜ਼ੀਸ਼ਨ ਪਾਰਟੀਆਂ ਦੇ ਮੈਂਬਰਾਂ ਨੇ ਰਿਜੀਜੂ ਵਿਰੁੱਧ ਸਪੀਕਰ ਓਮ ਬਿਰਲਾ ਕੋਲ ਪ੍ਰੋਟੈੱਸਟ ਕੀਤਾ ਕਿ ਜਦ ਕੋਈ ਮੈਂਬਰ ਬੋਲ ਰਿਹਾ ਹੈ ਤਾਂ ਰਿਜੀਜੂ ਦਾ ਮਾਈਕ ਕਿਵੇਂ ਸਵਿੱਚ ਆਨ ਕਰ ਦਿੱਤਾ ਗਿਆ।
ਰਾਹੁਲ ਨੇ ਅੱਗੇ ਕਿਹਾ-ਭਾਰਤ ਇਕ ਆਵਾਜ਼ ਹੈ, ਉਸ ਆਵਾਜ਼ ਦੀ ਹੱਤਿਆ ਤੁਸੀਂ ਮਨੀਪੁਰ ’ਚ ਕੀਤੀ ਹੈ। ਜਦੋਂ ਤੱਕ ਹਿੰਸਾ ਬੰਦ ਨਹੀਂ ਹੋਵੇਗੀ, ਉਦੋਂ ਤੱਕ ਤੁਸੀਂ ਹਰ ਰੋਜ਼ ਮੇਰੀ ਮਾਂ ਦੀ ਹੱਤਿਆ ਕਰ ਰਹੇ ਹੋ। ਇਕ ਮੇਰੀ ਮਾਂ ਇਸ ਸਦਨ ’ਚ ਮੇਰੇ ਨਾਲ ਬੈਠੀ ਹੈ ਤੇ ਦੂਜੀ ਮਾਂ (ਭਾਰਤ ਮਾਤਾ) ਦੀ ਹੱਤਿਆ ਤੁਸੀਂ ਮਨੀਪੁਰ ’ਚ ਕਰ ਰਹੇ ਹੋ। ਹਿੰਦੁਸਤਾਨ ਦੀ ਫੌਜ ਮਨੀਪੁਰ ’ਚ ਇਕ ਦਿਨ ’ਚ ਅਮਨ ਬਹਾਲ ਕਰ ਸਕਦੀ ਹੈ, ਪਰ ਤੁਸੀਂ ਫੌਜ ਦੀ ਵਰਤੋਂ ਨਹੀਂ ਕਰ ਰਹੇ, ਕਿਉਕਿ ਤੁਸੀਂ ਮਨੀਪੁਰ ’ਚ ਹਿੰਦੁਸਤਾਨ ਨੂੰ ਮਾਰਨਾ ਚਾਹੁੰਦੇ ਹੋ।
ਰਾਹੁਲ ਨੇ ਕਿਹਾ-ਮੋਦੀ ਜੀ ਹਿੰਦੁਸਤਾਨ ਦੀ ਆਵਾਜ਼ ਨਹੀਂ ਸੁਣਦੇ। ਹਿੰਦੁਸਤਾਨ ਦੇ ਦਿਲ ਦੀ ਆਵਾਜ਼ ਨਹੀਂ ਸੁਣਦੇ। ਸਿਰਫ ਦੋ ਲੋਕਾਂ ਦੀ ਆਵਾਜ਼ ਸੁਣਦੇ ਹਨ-ਅਡਾਨੀ ਤੇ ਅਮਿਤ ਸ਼ਾਹ ਦੀ। ਰਾਵਣ ਵੀ ਦੋ ਲੋਕਾਂ ਦੀ ਗੱਲ ਸੁਣਦਾ ਸੀ-ਮੇਘਨਾਥ ਤੇ ਕੁੰਭਕਰਨ ਦੀ। ਉਜ ਹੀ ਮੋਦੀ ਦੋ ਲੋਕਾਂ ਦੀ ਗੱਲ ਸੁਣਦੇ ਹਨ। ਲੰਕਾ ਨੂੰ ਹਨੂੰਮਾਨ ਨੇ ਨਹੀਂ ਸਾੜਿਆ ਸੀ, ਲੰਕਾ ਨੂੰ ਰਾਵਣ ਦੇ ਹੰਕਾਰ ਨੇ ਸਾੜਿਆ ਸੀ।
ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ’ਤੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ’ਤੇ ਪਲਟਵਾਰ ਕਰਦਿਆਂ ਕੇਂਦਰੀ ਮੰਤਰੀ ਸਿਮਰਤੀ ਈਰਾਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਕਸ਼ਮੀਰ ’ਚ ਅਸ਼ਾਂਤੀ ਤੇ ਕਸ਼ਮੀਰੀ ਪੰਡਿਤਾਂ ’ਤੇ ਹੋਏ ਅੱਤਿਆਚਾਰਾਂ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਖੂਨ ਨਾਲ ਰੰਗਿਆ ਹੋਇਆ ਹੈ। ਉਨ੍ਹਾ ਕਿਹਾ ਕਿ ਵਿਰੋਧੀ ਧਿਰ ਨੂੰ ਔਰਤਾਂ ਦੀ ਸੁਰੱਖਿਆ, ਗਰੀਬਾਂ ਦੀ ਭਲਾਈ, ਨੌਜਵਾਨਾਂ ਦੇ ਹਿੱਤਾਂ ਅਤੇ ਦੇਸ਼ ਦੇ ਵਿਕਾਸ ਨਾਲ ਕੋਈ ਸਰੋਕਾਰ ਨਹੀਂ ਹੈ। ਈਰਾਨੀ ਨੇ ਕਿਹਾ ਕਿ ਪੂਰੇ ਦੇਸ਼ ਨੇ ਦੇਖਿਆ ਕਿ ਰਾਹੁਲ ਗਾਂਧੀ ਭਾਰਤ ਮਾਤਾ ਦੇ ਕਤਲ ਦੀ ਗੱਲ ਕਰਦੇ ਹਨ ਅਤੇ ਕਾਂਗਰਸੀ ਇੱਥੇ ਮੇਜ਼ ’ਤੇ ਹੱਥ ਮਾਰ ਰਹੇ ਹਨ, ਸੰਸਦੀ ਇਤਿਹਾਸ ’ਚ ਅਜਿਹਾ ਕਦੇ ਨਹੀਂ ਹੋਇਆ।



