ਕੱਲ੍ਹ 9 ਅਗਸਤ ਦਾ ਮਹੱਤਵਪੂਰਨ ਦਿਨ ਸੀ। ਮਹਾਤਮਾ ਗਾਂਧੀ ਨੇ ਇਸੇ ਦਿਨ 1942 ਨੂੰ ਅੰਗਰੇਜ਼ਾਂ ਵਿਰੁੱਧ ‘ਭਾਰਤ ਛੋੜੋ’ ਅੰਦੋਲਨ ਸ਼ੁਰੂ ਕੀਤਾ ਸੀ। ਮਹਾਤਮਾ ਗਾਂਧੀ ਦੇ ਸੱਦੇ ਉੱਤੇ ਸਾਰੇ ਦੇਸ਼ ਦੇ ਲੋਕ ਬਰਤਾਨਵੀ ਹਕੂਮਤ ਵਿਰੁੱਧ ਸੜਕਾਂ ਉੱਤੇ ਉੱਤਰ ਆਏ ਸਨ। ਇਹੋ ਅੰਦੋਲਨ ਹੀ ਅੰਗਰੇਜ਼ਾਂ ਨੂੰ ਭਾਰਤ ਛੱਡ ਦੇਣ ਲਈ ਮਜਬੂਰ ਕਰਨ ਦਾ ਅਹਿਮ ਪੜਾਅ ਬਣ ਗਿਆ ਸੀ। ਇਸੇ ਕਾਰਨ ਹਰ ਸਾਲ ਅਸੀਂ ਇਸ ਲੋਕ ਵਿਦਰੋਹ ਦੀ ਵਰ੍ਹੇਗੰਢ ਮਨਾਉਂਦੇ ਆ ਰਹੇ ਹਾਂ।
ਕੱਲ੍ਹ ਜਦੋਂ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਅਗਸਤ ਕਰਾਂਤੀ ਮੈਦਾਨ ਮੁੰਬਈ ਵਿੱਚ ਇਸ ਦਿਨ ਉੱਤੇ ‘ਨਫਰਤੋ ਭਾਰਤ ਛੋੜੋ, ਮੁਹੱਬਤੋ ਦਿਲੋਂ ਕੋ ਜੋੜੋ’ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਘਰੋਂ ਨਿਕਲੇ ਤਾਂ ਪੁਲਸ ਉਨ੍ਹਾ ਨੂੰ ਗਿ੍ਰਫ਼ਤਾਰ ਕਰਕੇ ਥਾਣੇ ਲੈ ਗਈ। ਇਸ ਪ੍ਰੋਗਰਾਮ ਵਿੱਚ ਤੀਸਤਾ ਸੀਤਲਵਾੜ ਤੇ 99 ਸਾਲਾ ਸੁਤੰਤਰਤਾ ਸੈਨਾਨੀ ਜੀ ਜੀ ਪਾਰਿਖ ਨੇ ਵੀ ਹਿੱਸਾ ਲੈਣਾ ਸੀ। ਇਨ੍ਹਾਂ ਨੂੰ ਵੀ ਪ੍ਰੋਗਰਾਮ ਵਿੱਚ ਹਿੱਸਾ ਲੈਣੋਂ ਰੋਕ ਦਿੱਤਾ ਗਿਆ।
ਅਸਲ ਵਿੱਚ ਮੌਜੂਦਾ ਹਾਕਮਾਂ ਦੇ ਵਡੇਰੇ ਅਜ਼ਾਦੀ ਅੰਦੋਲਨ ਦੌਰਾਨ ਅੰਗਰੇਜ਼ਾਂ ਦੇ ਦੱਲੇ ਬਣੇ ਰਹੇ ਸਨ। ਭਾਜਪਾ ਦੀ ਪਹਿਲੀ ਸਿਆਸੀ ਜਮਾਤ ਜਨਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਅੰਗਰੇਜ਼ਾਂ ਨੂੰ ਖਤ ਲਿਖ ਕੇ ‘ਭਾਰਤ ਛੋੜੋ’ ਅੰਦੋਲਨ ਨੂੰ ਕੁਚਲ ਦੇਣ ਲਈ ਕਿਹਾ ਸੀ। ਬੰਗਾਲ ਦੇ ਅੰਗਰੇਜ਼ ਗਵਰਨਰ ਨੂੰ ਲਿਖੇ ਖਤ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਲਿਖਿਆ ਸੀ ਕਿ ਉਹ ਅੰਗਰੇਜ਼ੀ ਹਕੂਮਤ ਦੇ ਨਾਲ ਹਨ। ‘ਸ਼ਿਆਮਾ ਪ੍ਰਸਾਦ ਮੁਖਰਜੀ ਫਰਾਮ ਏ ਡਾਇਰੀ, ਆਕਸਫੋਰਡ ਯੂਨੀਵਰਸਿਟੀ’ ਮੁਤਾਬਕ ਮੁਖਰਜੀ ਨੇ ਬੰਗਾਲ ਵਿੱਚ ‘ਭਾਰਤ ਛੋੜੋ’ ਅੰਦੋਲਨ ਦਾ ਵਿਰੋਧ ਕੀਤਾ ਸੀ ਤੇ ਉਸ ਨੂੰ ਕੁਚਲਣ ਲਈ ਬਰਤਾਨਵੀ ਗਵਰਨਰ ਜਾਨ ਹਰਬਾਰਟ ਨੂੰ ਖਤ ਲਿਖਿਆ ਸੀ। ‘ਜਨਸੱਤਾ’ ਦੀ ਰਿਪੋਰਟ ਮੁਤਾਬਕ ਏ ਜੀ ਨੂਰਾਨੀ ਦੀ ਕਿਤਾਬ ਵਿੱਚ ਵੀ ਇਸ ਦਾ ਜ਼ਿਕਰ ਹੈ। ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਦੋਂ ਇਹ ਖਤ ਲਿਖਿਆ, ਉਸ ਸਮੇਂ ਉਹ ਬੰਗਾਲ ਦੀ ਮੁਸਲਿਮ ਲੀਗ ਤੇ ਹਿੰਦੂ ਮਹਾਂ ਸਭਾ ਦੀ ਸਾਂਝੀ ਸਰਕਾਰ ਵਿੱਚ ਵਿੱਤ ਮੰਤਰੀ ਸਨ। ਮੁਖਰਜੀ ਨੇ ਆਪਣੇ ਖਤ ਵਿੱਚ ਲਿਖਿਆ ਸੀ, ‘‘ਮੈਂ ਕਾਂਗਰਸ ਵੱਲੋਂ ਵੱਡੇ ਪੱਧਰ ਉੱਤੇ ਛੇੜੇ ਗਏ ਅੰਦੋਲਨ ਕਾਰਨ ਸੂਬੇ ਵਿੱਚ ਜੋ ਹਾਲਾਤ ਬਣ ਗਏ ਹਨ, ਉਨ੍ਹਾਂ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ।’’ ਉਨ੍ਹਾ ਅੱਗੇ ਲਿਖਿਆ, ‘‘ਕਿਸੇ ਵੀ ਸਰਕਾਰ ਨੂੰ ਅਜਿਹੇ ਲੋਕਾਂ ਨੂੰ ਕੁਚਲ ਦੇਣਾ ਚਾਹੀਦਾ ਹੈ, ਜਿਹੜੇ ਯੁੱਧ ਸਮੇਂ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹੋਣ, ਜਿਸ ਰਾਹੀਂ ਗੜਬੜ ਜਾਂ ਅੰਦਰੂਨੀ ਅਸੁਰੱਖਿਆ ਦੀ ਸਥਿਤੀ ਪੈਦਾ ਹੁੰਦੀ ਹੋਵੇ।’’
ਅੱਜ ਦੇਸ਼ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਚੇਲੇ ਹੀ ਰਾਜ ਕਰ ਰਹੇ ਹਨ। ਇਸੇ ਲਈ ਉਹ ਉਸ ਦੇ ਪੈਰ ਚਿੰਨ੍ਹਾਂ ਉੱਤੇ ਚਲਦਿਆਂ ਇਸ ਦਿਨ ਉੱਤੇ ਮਨਾਏ ਜਾ ਰਹੇ ਪ੍ਰੋਗਰਾਮ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ। ਨਫ਼ਰਤ ਦੀ ਅੱਗ ਭੜਕਾਉਣ ਵਾਲੇ ਲੋਕ ਮੁਹੱਬਤ ਦੀ ਗੱਲ ਨੂੰ ਕਿਵੇਂ ਸਹਿਣ ਕਰ ਸਕਦੇ ਹਨ।
ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਤੁਸ਼ਾਰ ਗਾਂਧੀ ਨੇ ਟਵੀਟ ਕੀਤਾ, ‘‘ਸਾਡੀ ਸ਼ਾਂਤੀ ਤੇ ਅਹਿੰਸਾ ਤੋਂ ਇਹ ਭਗੌੜੀ ਸਰਕਾਰ ਡਰਦੀ ਕਿਉਂ ਹੈ? ਮੈਨੂੰ ਮਾਣ ਹੈ ਕਿ ਮੇਰੇ ਪੜਦਾਦੇ ਤੇ ਦਾਦੇ ਨੂੰ ਵੀ ਇਸੇ ਇਤਿਹਾਸਕ ਦਿਨ ਅੰਗਰੇਜ਼ੀ ਪੁਲਸ ਨੇ ਗਿ੍ਰਫ਼ਤਾਰ ਕੀਤਾ ਸੀ।’’ ਪ੍ਰੋਗਰਾਮ ਦੇ ਅਯੋਜਕਾਂ ਨੇ ਭਾਜਪਾ ਸਮੱਰਥਤ ਸ਼ਿੰਦੇ ਸਰਕਾਰ ਵੱਲੋਂ ਪ੍ਰੋਗਰਾਮ ਨੂੰ ਰੋਕਣ ਲਈ ਲਾਈਆਂ ਗਈਆਂ ਰੋਕਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਭਾਜਪਾ ਸਮੱਰਥਤ ਸ਼ਿੰਦੇ ਸਰਕਾਰ ਦੀ ਇਸ ਲਈ ਵੀ ਨਿਖੇਧੀ ਕੀਤੀ ਹੈ ਕਿ ਉਸ ਵੱਲੋਂ ਜਾਰੀ ਇਸ਼ਤਿਹਾਰ ਵਿੱਚ ਭਾਰਤ ਛੋੜੋ ਅੰਦੋਲਨ ਤੱਕ ਦਾ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਤੇ ਆਰ ਐੱਸ ਐੱਸ ਸਾਡੇ ਅਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਤੋੜਨ-ਮਰੋੜਨ ਲਈ ਬੇਸ਼ਰਮੀ ਦੀ ਹੱਦ ਤੱਕ ਕੋਸ਼ਿਸ਼ਾਂ ਕਰ ਰਹੇ ਹਨ।



