ਆਪੋਜ਼ੀਸ਼ਨ ’ਤੇ ਚਾਂਦਮਾਰੀ, ਮਨੀਪੁਰ ਦਾ ਚਲਾਵਾਂ ਜ਼ਿਕਰ

0
219

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪੋਜ਼ੀਸ਼ਨ ਵੱਲੋਂ ਮਨੀਪੁਰ ਨੂੰ ਪ੍ਰਮੁੱਖ ਮੁੱਦੇ ਵਜੋਂ ਉਭਾਰਦਿਆਂ ਲਿਆਂਦੇ ਗਏ ਬੇਵਿਸਾਹੀ ਮਤੇ ’ਤੇ ਤਿੰਨ ਦਿਨ ਚੱਲੀ ਬਹਿਸ ਦਾ ਵੀਰਵਾਰ ਲੋਕ ਸਭਾ ’ਚ ਜਵਾਬ ਦਿੰਦਿਆਂ ਦੋ ਘੰਟੇ 12 ਮਿੰਟ ਦੇ ਭਾਸ਼ਣ ’ਚ ਬਹੁਤਾ ਸਮਾਂ ਆਪਣੀ ਸਰਕਾਰ ਦੇ ਗੁਣਗਾਨ ’ਚ ਲੰਘਾਇਆ। ਮਨੀਪੁਰ ਬਾਰੇ ਸਿਰਫ ਏਨਾ ਹੀ ਕਿਹਾਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਾਂ ਹੀ ਲੋਕ ਸਭਾ ਵਿਚ ਮਨੀਪੁਰ ਦੀ ਸਥਿਤੀ ਬਾਰੇ ਵਿਸਥਾਰ ਨਾਲ ਗੱਲਾਂ ਕੀਤੀਆਂ ਹਨ। ਮੈੈਂ ਮਨੀਪੁਰ ਦੇ ਲੋਕਾਂ ਨੂੰ ਯਕੀਨ ਦਿਵਾਉਦਾ ਹਾਂ ਕਿ ਉਨ੍ਹਾਂ ਦਾ ਸੂਬਾ ਫਿਰ ਵਿਕਾਸ ਦੇ ਰਾਹ ’ਤੇ ਪਰਤੇਗਾ। ਉੱਤਰ-ਪੂਰਬ ਉਨ੍ਹਾ ਦੇ ਜਿਗਰ ਦਾ ਟੁਕੜਾ ਹੈ। ਮਹਿਲਾਵਾਂ ਨਾਲ ਅਪਰਾਧ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਕੇਂਦਰ ਤੇ ਰਾਜ ਮਿਲ ਕੇ ਯਤਨ ਕਰ ਰਹੇ ਹਨ। ਦੇਸ਼ ਤੇ ਸਦਨ ਮਨੀਪੁਰ ਦੀਆਂ ਬੇਟੀਆਂ-ਮਾਂਵਾਂ-ਭੈਣਾਂ ਦੇ ਨਾਲ ਹੈ। ਉਨ੍ਹਾ ਦਾਅਵਾ ਕੀਤਾ ਕਿ 2018 ਵਿਚ ਲਿਆਂਦੇ ਗਏ ਬੇਵਿਸਾਹੀ ਮਤੇ ਤੋਂ ਬਾਅਦ ਉਹ 2019 ਵਿਚ ਦੂਜੀ ਵਾਰ ਵਧੇਰੇ ਸੀਟਾਂ ਜਿੱਤ ਕੇ ਸੱਤਾ ’ਚ ਆਏ ਸਨ ਤੇ ਤੀਜੀ ਵਾਰ ਵੀ ‘ਰੱਬ ਦਾ ਆਸ਼ੀਰਵਾਦ’ ਉਨ੍ਹਾ ਨੂੰ ਹੀ ਮਿਲੇਗਾ। ਉਨ੍ਹਾ ਬੇਵਿਸਾਹੀ ਮਤੇ ਨੂੰ ਆਪਣੇ ਲਈ ਲੱਕੀ ਦੱਸਿਆ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਦੇਸ਼ ਦੇ ਲੋਕ ਉਨ੍ਹਾ ਦੇ ਨਾਲ ਹਨ। ਉਨ੍ਹਾ ਦੀ ਸਰਕਾਰ ਨੇ ਦੁਨੀਆ ਵਿਚ ਦੇਸ਼ ਦਾ ਵਕਾਰ ਵਧਾਇਆ ਹੈ, ਪਰ ਕੁਝ ਲੋਕ ਇਸ ਦੀ ਸਾਖ ਖਰਾਬ ਕਰ ਰਹੇ ਹਨ। ਦੁਨੀਆ ਵਿਚ ਭਾਰਤ ਪ੍ਰਤੀ ਵਿਸ਼ਵਾਸ ਵਧ ਰਿਹਾ ਹੈ। ਉਨ੍ਹਾ ਕਿਹਾ ਕਿ ਉਨ੍ਹਾ ਨੌਜਵਾਨਾਂ ਨੂੰ ਘੁਟਾਲਿਆਂ ਤੋਂ ਮੁਕਤ ਸਰਕਾਰ ਦਿੱਤੀ ਹੈ। ਪਿਛਲੇ ਪੰਜ ਸਾਲਾਂ ਵਿਚ ਸਾਢੇ 13 ਕਰੋੜ ਲੋਕ ਗਰੀਬੀ ਵਿੱਚੋਂ ਬਾਹਰ ਨਿਕਲੇ ਹਨ। ਕੌਮਾਂਤਰੀ ਮਾਲੀ ਫੰਡ ਲਿਖਦਾ ਹੈ ਕਿ ਭਾਰਤ ਨੇ ਅੱਤ-ਗਰੀਬੀ ਨੂੰ ਖਤਮ ਕਰ ਦਿੱਤਾ ਹੈ। ਸਵੱਛ ਭਾਰਤ ਕਾਰਨ ਹਰ ਸਾਲ ਗਰੀਬਾਂ ਦੇ 50-50 ਹਜ਼ਾਰ ਰੁਪਏ ਬਚ ਰਹੇ ਹਨ। ਆਪੋਜ਼ੀਸ਼ਨ ਵਾਲੇ ਕਹਿੰਦੇ ਸਨ ਕਿ ਬੈਂਕਿੰਗ ਸੈਕਟਰ ਡੁੱਬ ਜਾਏਗਾ, ਪਰ ਪਬਲਿਕ ਸੈਕਟਰ ਦੇ ਬੈਂਕਾਂ ਦੇ ਮੁਨਾਫੇ ਦੁੱਗਣੇ ਹੋ ਗਏ ਹਨ।
ਉਨ੍ਹਾ ਦਾਅਵਾ ਕੀਤਾ ਕਿ ਜੀਵਨ ਬੀਮਾ ਨਿਗਮ ਵੀ ਮਜ਼ਬੂਤ ਹੋ ਰਿਹਾ ਹੈ। ਤੀਜੀ ਵਾਰ ਉਨ੍ਹਾ ਦੀ ਸਰਕਾਰ ਬਣੇਗੀ ਤਾਂ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਕ ਸ਼ਕਤੀ ਬਣ ਜਾਵੇਗਾ। ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਭੰਡਣ ਲਈ ਵੀ ਕਾਫੀ ਸਮਾਂ ਲਿਆ। ਉਨ੍ਹਾ ਆਪੋਜ਼ੀਸ਼ਨ ਦੇ ਗੱਠਜੋੜ ‘ਇੰਡੀਆ’ ਨੂੰ ਘੁਮੰਡੀਆਂ ਦਾ ਗੱਠਜੋੜ ਕਰਾਰ ਦਿੱਤਾ। ਇਸ ਦੇ ਸਾਰੇ ਆਗੂ ਪ੍ਰਧਾਨ ਮੰਤਰੀ ਬਣਨਾ ਲੋਚਦੇ ਹਨ। ਉਨ੍ਹਾ ਰਾਹੁਲ ਗਾਂਧੀ ’ਤੇ ਵੀ ਤਿੱਖੇ ਹਮਲੇ ਕੀਤੇ ਅਤੇ ਉਨ੍ਹਾ ਦੀ ‘ਮੁਹੱਬਤ ਦੀ ਦੁਕਾਨ’ ਨੂੰ ਲੁੱਟ ਦੀ ਦੁਕਾਨ ਤੇ ਝੂਠ ਦਾ ਬਾਜ਼ਾਰ ਦੱਸਿਆ। ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਬੇਵਿਸਾਹੀ ਮਤਾ ਜੁਬਾਨੀ ਵੋਟ ਨਾਲ ਰੱਦ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here