ਭਾਜਪਾ ਆਗੂ ਚੋਣਾਂ ਜਿੱਤਣ ਲਈ ਫਿਰਕੂ ਹਿੰਸਾ ਵਧਾਉਣ ਲਈ ਜਿੰਨਾ ਤਾਣ ਲਾ ਰਹੇ ਹਨ, ਓਨਾ ਹੀ ਕਿਸਾਨ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਜ਼ੋਰ ਲਾ ਰਹੇ ਹਨ। ਹਰਿਆਣਾ ਦੇ ਨੂਹ ਵਿਚ ਹਿੰਸਾ ਦੇ ਬਾਅਦ ਕਿਸਾਨ ਜਥੇਬੰਦੀਆਂ ਤੇ ਖਾਪ ਪੰਚਾਇਤਾਂ ਥਾਂ-ਥਾਂ ਬੈਠਕਾਂ ਕਰਕੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕਰ ਰਹੀਆਂ ਹਨ। ਬੁੱਧਵਾਰ ਹਿਸਾਰ ਜ਼ਿਲ੍ਹੇ ਦੇ ਪਿੰਡ ਬਾਸ ’ਚ ਇਕੱਠ ਕਰਕੇ ਕਿਸਾਨਾਂ ਤੇ ਖਾਪਾਂ ਦੇ ਆਗੂਆਂ ਨੇ ਐਲਾਨਿਆ ਕਿ ਕਿਸੇ ਨੂੰ ਵੀ ਮੁਸਲਮਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਕੱਠ ’ਚ ਹਿੰਦੂ, ਮੁਸਲਿਮ ਤੇ ਸਿੱਖ ਭਾਈਚਾਰੇ ਦੇ ਲੱਗਭੱਗ 2000 ਕਿਸਾਨਾਂ ਨੇ ਹਿੱਸਾ ਲਿਆ। ਨੂਹ ਹਿੰਸਾ ਦੇ ਬਾਅਦ ਮੁਸਲਮਾਨਾਂ ਨੂੰ ਮਿਲ ਰਹੀਆਂ ਧਮਕੀਆਂ ਤੇ ਕੁਝ ਪੰਚਾਇਤਾਂ ਵੱਲੋਂ ਪਿੰਡਾਂ ’ਚ ਮੁਸਲਮਾਨਾਂ ਦੇ ਬਾਈਕਾਟ ਦੇ ਐਲਾਨ ਦੇ ਪਿਛੋਕੜ ’ਚ ਇਹ ਇਕੱਠ ਕਾਫੀ ਅਹਿਮ ਸੀ। ਇਸ ਤੋਂ ਪਹਿਲਾਂ ਵੀ ਹਰਿਆਣਾ ਦੇ ਜਾਟ ਤੇ ਗੁਰਜਰ ਜਾਤੀ ਦੇ ਆਗੂਆਂ ਨੇ ਆਪਣੇ ਸਮਾਜ ਨੂੰ ਨੂਹ ਹਿੰਸਾ ਤੋਂ ਦੂਰ ਰਹਿਣ ਲਈ ਕਿਹਾ ਸੀ। ਕਿਸਾਨ ਆਗੂ ਸੁਰੇਸ਼ ਕੋਥ ਨੇ ਇਕੱਠ ਵਿਚ ਵੰਗਾਰਿਆਇਹ ਖੜ੍ਹੇ ਹਨ ਮੁਸਲਮਾਨ, ਹੱਥ ਲਾ ਕੇ ਦਿਖਾਓ, ਸਾਰੀਆਂ ਖਾਪਾਂ ਇਨ੍ਹਾਂ ਦੀ ਰਾਖੀ ਲਈ ਖੜ੍ਹੀਆਂ ਹਨ। ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿਚ ਅਹਿਮ ਰੋਲ ਨਿਭਾਉਣ ਵਾਲੇ ਕੋਥ ਨੇ ਇਹ ਵੀ ਕਿਹਾ ਕਿ ਮੁਸਲਮਾਨਾਂ ਦਾ ਬਾਈਕਾਟ ਨਹੀਂ ਹੋਣ ਦੇਵਾਂਗੇ। ਇਕੱਠ ਵਿਚ ਪ੍ਰਣ ਕੀਤਾ ਗਿਆ ਕਿ ਨੂਹ ਵਿਚ ਅਮਨ ਬਹਾਲੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ, ਜਿਨ੍ਹਾਂ ਧਾਰਮਕ ਯਾਤਰਾ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਭੜਕਾਊ ਬਿਆਨ ਵਾਲੇ ਵੀਡੀਓ ਅਪਲੋਡ ਕਰਕੇ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ।
ਬਾਸ ਪਿੰਡ ’ਚ ਇਕੱਠ ਖੇਤੀ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਕਰਨ ਲਈ ਸੱਦਿਆ ਗਿਆ ਸੀ, ਪਰ ਇੱਥੇ ਫਿਰਕੂ ਏਕਤਾ ਦਾ ਮੁੱਦਾ ਪ੍ਰਮੁੱਖ ਬਣ ਗਿਆ। 2020-21 ਦੇ ਕਿਸਾਨ ਅੰਦੋਲਨ ਨੂੰ ਮੁਸਲਮਾਨਾਂ ਸਣੇ ਸਾਰੇ ਭਾਈਚਾਰਿਆਂ ਦੀ ਹਮਾਇਤ ਮਿਲੀ ਸੀ। ਉਸ ਹਮਾਇਤ ਨੂੰ ਧਿਆਨ ’ਚ ਰੱਖਦਿਆਂ ਇਸ ਇਕੱਠ ’ਚ ਮੁਸਲਮਾਨਾਂ ’ਤੇ ਜ਼ੁਲਮ ਖਿਲਾਫ ਖੜ੍ਹੇ ਹੋਣ ਦਾ ਐਲਾਨ ਕੀਤਾ ਗਿਆ। ਕਿਸਾਨ ਅੰਦੋਲਨ ਦੌਰਾਨ ਪੈਦਾ ਹੋਈ ਫਿਰਕੂ ਸਦਭਾਵਨਾ ਨੂੰ ਨਾ ਸਿਰਫ ਕਾਇਮ ਰੱਖਣ, ਸਗੋਂ ਹੋਰ ਮਜ਼ਬੂਤ ਕਰਨ ਲਈ ਕਿਸਾਨ ਸਰਗਰਮ ਹਨ। ਲੰਘੇ ਸੋਮਵਾਰ ਕਈ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਜੀਂਦ ’ਚ ਹਿੰਦੂ-ਮੁਸਲਿਮ-ਸਿੱਖ-ਈਸਾਈ ਦੇ ਨਾਅਰੇ ਲਾਉਦਿਆਂ ਵੱਡਾ ਜਲੂਸ ਕੱਢਿਆ। ਸ਼ਨੀਵਾਰ ਜੀਂਦ ਦੇ ਉਚਾਨਾ ਸ਼ਹਿਰ ’ਚ ਸਰਬ ਧਰਮ ਸੰਮੇਲਨ ਕਰਕੇ ਭਾਈਚਾਰਕ ਏਕਤਾ ਦੀ ਮਜ਼ਬੂਤੀ ਲਈ ਮਤਾ ਪਾਸ ਕੀਤਾ ਗਿਆ। ਕਿਸਾਨਾਂ ਵੱਲੋਂ ਮੁਸਲਮਾਨਾਂ ਦੇ ਹੱਕ ਵਿਚ ਡਟਣ ਦਾ ਹੀ ਨਤੀਜਾ ਹੈ ਕਿ ਮੁਸਲਮਾਨਾਂ ਦੇ ਬਾਈਕਾਟ ਦਾ ਸੱਦਾ ਦੇਣ ਵਾਲੀਆਂ ਪੰਚਾਇਤਾਂ ਆਪਣੇ ਐਲਾਨ ਵਾਪਸ ਲੈਣ ਲੱਗ ਗਈਆਂ ਹਨ।



