ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਇੱਕ ਫਸਵੇਂ ਮੁਕਾਬਲੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ 5 ਹਜ਼ਾਰ ਤੋਂ ਕੁਝ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਲਈ ਹੈ | ਕਈ ਪੱਖਾਂ ਤੋਂ ਇਹ ਨਤੀਜਾ ਹੈਰਾਨ ਕਰਨ ਵਾਲਾ ਹੈ | ਆਮ ਤੌਰ ਉੱਤੇ ਸਮਝਿਆ ਜਾਂਦਾ ਹੈ ਕਿ ਜ਼ਿਮਨੀ ਚੋਣ ਸੱਤਾਧਾਰੀ ਪਾਰਟੀ ਹੀ ਜਿੱਤਦੀ ਹੈ, ਪਰ ਇਸ ਵਾਰ ਅਜਿਹਾ ਨਹੀਂ ਹੋਇਆ | ਹਾਲੇ ਤਿੰਨ ਮਹੀਨੇ ਪਹਿਲਾਂ ਹੋਈਆਂ ਅਸੈਂਬਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕ ਸਭਾ ਹਲਕੇ ਵਿੱਚ ਪੈਂਦੀਆਂ 9 ਦੀਆਂ 9 ਅਸੰਬਲੀ ਸੀਟਾਂ ਵੱਡੇ ਫ਼ਰਕ ਨਾਲ ਜਿੱਤੀਆਂ ਸਨ ਤੇ ਉਸ ਨੇ ਔਸਤਨ 53 ਫੀਸਦੀ ਦੇ ਕਰੀਬ ਵੋਟਾਂ ਹਾਸਲ ਕੀਤੀਆਂ ਸਨ | ਇਨ੍ਹਾਂ ਤਿੰਨ ਮਹੀਨਿਆਂ ਵਿੱਚ ਹੀ ਉਸ ਦਾ ਗਰਾਫ ਏਨਾ ਹੇਠਾਂ ਆ ਗਿਆ ਕਿ ਉਸ ਦੀਆਂ 18 ਫ਼ੀਸਦੀ ਤੋਂ ਵੱਧ ਵੋਟਾਂ ਟੁੱਟ ਗਈਆਂ ਤੇ ਉਹ ਪੌਣੇ ਪੈਂਤੀ ਫੀਸਦੀ ‘ਤੇ ਪਹੁੰਚ ਗਈ | ਕਾਂਗਰਸ ਪਾਰਟੀ ਨੇ ਅਸੰਬਲੀ ਚੋਣਾਂ ਵਿੱਚ ਇਨ੍ਹਾਂ ਹਲਕਿਆਂ ਅੰਦਰ ਔਸਤਨ 18.26 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ ਤੇ ਹੁਣ ਉਹ 7.05 ਫੀਸਦੀ ਦੇ ਨੁਕਸਾਨ ਨਾਲ 11.21 ਫੀਸਦੀ ‘ਤੇ ਆ ਗਈ ਹੈ | ਬਾਦਲ ਅਕਾਲੀ ਦਲ ਵੀ ਅਸੰਬਲੀ ਚੋਣਾਂ ਵਿੱਚ ਲਈਆਂ 11.65 ਫੀਸਦੀ ਵੋਟਾਂ ਤੋਂ ਘਟ ਕੇ ਹੁਣ 6.25 ਫੀਸਦੀ ਉੱਤੇ ਪਹੁੰਚ ਗਿਆ ਹੈ | ਭਾਜਪਾ ਗਠਜੋੜ ਨੇ ਅਸੰਬਲੀ ਚੋਣਾਂ ਵਿੱਚ ਇਨ੍ਹਾਂ ਹਲਕਿਆਂ ਅੰਦਰ ਔਸਤਨ 6.87 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ, ਜੋ 2.46 ਫੀਸਦੀ ਦੇ ਵਾਧੇ ਨਾਲ 9.33 ਫੀਸਦੀ ‘ਤੇ ਪੁੱਜ ਗਈ ਹੈ | ਅਸੰਬਲੀ ਚੋਣਾਂ ਵਿੱਚ ਮਾਨ ਦਲ ਨੇ ਇਸ ਲੋਕ ਸਭਾ ਹਲਕੇ ਵਿੱਚ ਆਉਂਦੇ ਅੱਠ ਵਿਧਾਨ ਸਭਾ ਹਲਕਿਆਂ ਵਿੱਚ ਲੜ ਕੇ ਔਸਤਨ 7.33 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ | ਹੁਣ ਉਸ ਨੇ 28.28 ਫੀਸਦੀ ਦੇ ਵਾਧੇ ਨਾਲ 35.61 ਫ਼ੀਸਦੀ ਵੋਟਾਂ ਹਾਸਲ ਕਰਕੇ ਸਭ ਨੂੰ ਚਿੱਤ ਕਰ ਦਿੱਤਾ ਹੈ | ਇਸ ਤੋਂ ਸਾਫ਼ ਹੈ ਕਿ ਮਾਨ ਦਲ ਨੇ ਲੱਗਭੱਗ ਸਭ ਪਾਰਟੀਆਂ ਨੂੰ ਖੋਰਾ ਲਾਇਆ ਹੈ ਤੇ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਨੂੰ , ਜਿਸ ਦੀਆਂ 18 ਫ਼ੀਸਦੀ ਤੋਂ ਵੱਧ ਵੋਟਾਂ ਟੁੱਟੀਆਂ ਹਨ |
ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਅਣਕਿਆਸੀ ਜਿੱਤ ਤੋਂ ਬਾਅਦ ਅਸੀਂ ਲਿਖਿਆ ਸੀ ਕਿ ਦਿੱਲੀ ਦੀਆਂ ਬਰੂਹਾਂ ਉੱਤੇ ਲੜੇ ਗਏ ਲੰਮੇ ਕਿਸਾਨ ਸੰਘਰਸ਼ ਨੇ ਪੰਜਾਬ ਦੀ ਪੇਂਡੂ ਵਸੋਂ ਨੂੰ ਏਨਾ ਜਾਗਰੂਕ ਕਰ ਦਿੱਤਾ ਹੈ ਕਿ ਉਹ ਆਪਣੀ ਹੋਣੀ ਦੇ ਆਪ ਮਾਲਕ ਬਣਨ ਦੇ ਰਾਹ ਪੈ ਚੁੱਕੇ ਹਨ | ਉਹ ਹਰ ਨਿੱਕੀ-ਵੱਡੀ ਘਟਨਾ ਬਾਰੇ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰਤੀਕ੍ਰਿਆ ਦਿੰਦੇ ਰਹਿੰਦੇ ਹਨ |
ਆਮ ਆਦਮੀ ਪਾਰਟੀ ਦੇ ਤਿੰਨ ਮਹੀਨਿਆਂ ਦੇ ਰਾਜ ਦੌਰਾਨ ਕੁਝ ਅਜਿਹੀਆਂ ਗੱਲਾਂ ਵਾਪਰੀਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ | ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼ਾਇਦ ਬਹੁਤੇ ਇਤਰਾਜ਼ ਨਾ ਹੋਣ, ਪਰ ਦਿੱਲੀ ਦੀ ਬੇਲੋੜੀ ਦਖ਼ਲਅੰਦਾਜ਼ੀ ਪੰਜਾਬੀ ਪਸੰਦ ਨਹੀਂ ਕਰਦੇ | ਪੰਜਾਬ ਵਿੱਚੋਂ ਰਾਜ ਸਭਾ ਲਈ ਭੇਜੇ ਗਏ ਬਾਹਰੀ ਬੰਦਿਆਂ ਦੀ ਚੋਣ ਨੂੰ ਵੀ ਲੋਕਾਂ ਨੇ ਪਸੰਦ ਨਹੀਂ ਕੀਤਾ | ਇਸ ਨੇ ਆਮ ਲੋਕਾਂ ਹੀ ਨਹੀਂ, ਆਮ ਆਦਮੀ ਪਾਰਟੀ ਦੇ ਸਮਰਪਤ ਵਰਕਰਾਂ ਅੰਦਰ ਵੀ ਮਾਯੂਸੀ ਲਿਆਂਦੀ ਸੀ | ਲੋਕ ਹੁਣ ਵਾਅਦਿਆਂ ਉਤੇ ਇੱਕ ਹੱਦ ਤੱਕ ਹੀ ਭਰੋਸਾ ਕਰਦੇ ਹਨ | ਬਿਜਲੀ ਬਿੱਲ ਮੁਆਫ਼ੀ, ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦਾ ਮਾਣ ਭੱਤਾ, ਕੱਚੇ ਕਾਮਿਆਂ ਨੂੰ ਪੱਕੇ ਕਰਨ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਜਿਉਂ ਦੇ ਤਿਉਂ ਖੜੇ ਹਨ | ਇਹ ਠੀਕ ਹੈ ਕਿ ਤਿੰਨ ਮਹੀਨੇ ਏਨੇ ਸਾਰੇ ਕੰਮ ਕਰਨ ਲਈ ਬਹੁਤੇ ਨਹੀਂ ਹੁੰਦੇ, ਪਰ ਲੋਕਾਂ ਨੇ ਜਿੰਨੀ ਵੱਡੀ ਜਿੱਤ ਪੱਲੇ ਪਾਈ ਸੀ, ਉਸ ਨੇ ਉਨ੍ਹਾਂ ਦੀ ਤੀਬਰਤਾ ਵੀ ਵਧਾ ਦਿੱਤੀ ਸੀ | ਇਸ ਤੋਂ ਬਿਨਾਂ ਹੋਰ ਵੀ ਕਈ ਘਟਨਾਵਾਂ ਵਾਪਰੀਆਂ, ਜਿਸ ਨੇ ‘ਆਪ’ ਦੀ ਹਰਮਨਪਿਆਰਤਾ ਨੂੰ ਨੁਕਸਾਨ ਪੁਚਾਇਆ | ਭਖੀ ਚੋਣ ਮੁਹਿੰਮ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੇ ਤਾਂ ਸਾਰੀ ਖੇਡ ਹੀ ਵਿਗਾੜ ਦਿੱਤੀ ਸੀ | ਮੂਸੇਵਾਲਾ ਦੀ ਸਕਿਉਰਿਟੀ ਘਟਾਉਣ ਦੇ ਅਖਬਾਰੀ ਬਿਆਨ ਨਾਲ ਉਸ ਦੀ ਮੌਤ ਦਾ ਸਾਰਾ ਦੋਸ਼ ਸੱਤਾਧਾਰੀ ਪਾਰਟੀ ਉੱਤੇ ਲੱਗਣਾ ਵੀ ਆਮ ਆਦਮੀ ਪਾਰਟੀ ਨੂੰ ਮਹਿੰਗਾ ਪਿਆ |
ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਪਈਆਂ ਵੋਟਾਂ ਦਾ ਮਤਲਬ ਇਹ ਨਹੀਂ ਕਿ ਵੋਟਾਂ ਪਾਉਣ ਵਾਲੇ ਸਾਰੇ ਹੀ ਕੱਟੜਪੰਥੀ ਰਾਹ ਤੁਰ ਪਏ ਹਨ | ਸਿਮਰਨਜੀਤ ਸਿੰਘ ਮਾਨ ਨੂੰ ਸਭ ਤਬਕਿਆਂ ਨੇ ਵੋਟ ਪਾਈ ਹੈ | ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਨੇ | ਸੋਸ਼ਲ ਮੀਡੀਆ ਉੱਤੇ ਮਾਲਵੇ ਦੇ ਇੱਕ ਵੱਡੇ ਕਿਸਾਨ ਆਗੂ ਦਾ ਕੁਝ ਸਮਾਂ ਪਹਿਲਾਂ ਦਿੱਤਾ ਬਿਆਨ ਕਿ, ‘ਵਿਚਾਰਾ ਮਾਨ ਹਰ ਵਾਰੀ ਹਾਰਦਾ, ਇਸ ਵਾਰ ਉਸ ਨੂੰ ਜਿਤਾ ਦੇਣਾ ਚਾਹੀਦਾ’, ਵੱਡੇ ਅਰਥ ਰੱਖਦਾ ਹੈ | ਇਹ ਵੀ ਨਹੀਂ ਸਮਝ ਲੈਣਾ ਚਾਹੀਦਾ ਕਿ ਸੰਗਰੂਰ ਹਾਰਨ ਨਾਲ ਆਮ ਆਦਮੀ ਪਾਰਟੀ ਖ਼ਤਮ ਹੋ ਜਾਵੇਗੀ | ਇਹ ਆਮ ਆਦਮੀ ਪਾਰਟੀ ਦੇ ਆਗੂਆਂ ਲਈ ਚਿਤਾਵਨੀ ਜ਼ਰੂਰ ਹੈ ਕਿ ਲਾਰੇ-ਲੱਪੇ ਨਾਲ ਕੰਮ ਨਹੀਂ ਚੱਲਣਾ, ਜੋ ਕਿਹਾ ਉਹ ਕਰਕੇ ਦਿਖਾਉਣਾ ਪਵੇਗਾ |
ਕਾਂਗਰਸ ਪਾਰਟੀ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਤੀਜੇ ਥਾਂ ਆਉਣ ਦੀ ਬਹੁਤੀ ਖੁਸ਼ੀ ਮਨਾਉਣ ਦੀ ਲੋੜ ਨਹੀਂ, ਤੁਹਾਨੂੰ ਖੋਰਾ ਲਾਉਣ ਲਈ ਭਾਜਪਾ ਵਾਲੇ ਪਿੱਛੇ-ਪਿੱਛੇ ਆ ਰਹੇ ਹਨ | ਅਕਾਲੀ ਦਲ ਬਾਦਲ ਦੀ ਹਾਲਤ ਸਭ ਤੋਂ ਬੁਰੀ ਹੋ ਚੁੱਕੀ ਹੈ | ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਤੇ ਰਾਜੋਆਣਾ ਦੀ ਭੈਣ ਨੂੰ ਅੱਗੇ ਲਾਉਣਾ ਵੀ ਉਸ ਵਿੱਚ ਜਾਨ ਨਹੀਂ ਪਾ ਸਕਿਆ | ਅੱਗੇ ਉਹ ਕਿਹੜਾ ਰਾਹ ਚੁਣਦੇ ਹਨ, ਇਹ ਸਮੇਂ ਦੀ ਬੁੱਕਲ ‘ਚ ਹੈ |
-ਚੰਦ ਫਤਿਹਪੁਰੀ