38.1 C
Jalandhar
Friday, June 14, 2024
spot_img

ਤਲਾਸ਼ੀ ਦੌਰਾਨ ਗੋਲੀ ਚਲਾਉਣ ਵਾਲਾ ਏ ਐੱਸ ਆਈ ਮੁਅੱਤਲ

ਡੇਰਾ ਬੱਸੀ : ਇਥੋਂ ਦੀ ਹੈਬਤਪੁਰ ਰੋਡ ‘ਤੇ ਨੌਜਵਾਨ ਦੀ ਤਲਾਸ਼ੀ ਲੈਣ ਦੌਰਾਨ ਹੋਈ ਤਕਰਾਰ ਵੇਲੇ ਗੋਲੀ ਚਲਾਉਣ ਦੇ ਮਾਮਲੇ ਵਿਚ ਐੱਸ ਐੱਸ ਪੀ ਵਿਵੇਕਸ਼ੀਲ ਸੋਨੀ ਨੇ ਮੁਬਾਰਕਪੁਰ ਚੌਕੀ ਇੰਚਾਰਜ ਏ ਐੱਸ ਆਈ ਬਲਵਿੰਦਰ ਸਿੰਘ ਨੂੰ ਮੁਅੱਤਲ ਕਰਕੇ ਪੁਲਸ ਲਾਈਨ ਭੇਜ ਦਿੱਤਾ | ਡੀ ਐੱਸ ਪੀ ਡੇਰਾ ਬੱਸੀ ਗੁਰਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਐੱਸ ਐੱਸ ਪੀ ਨੇ ਜਾਂਚ ਲਈ ਤਿੰਨ ਮੈਂਬਰੀ ਟੀਮ ਕਾਇਮ ਕਰ ਦਿੱਤੀ ਹੈ, ਜੋ 30 ਜੂਨ ਤੱਕ ਆਪਣੀ ਰਿਪੋਰਟ ਦੇਵੇਗੀ | ਇਸ ਟੀਮ ਦੀ ਅਗਵਾਈ ਐੱਸ ਪੀ ਹੈੱਡਕੁਆਰਟਰ ਕਰਨਗੇ | ਟੀਮ ਵਿਚ ਡੀ ਐੱਸ ਪੀ ਡੇਰਾ ਬੱਸੀ ਅਤੇ ਡੀ ਐੱਸ ਪੀ ਮੁਲਾਂਪੁਰ ਸ਼ਾਮਲ ਹਨ | ਇਸ ਦੌਰਾਨ ਐੱਸ ਐੱਸ ਪੀ ਨੇ ਬਲਵਿੰਦਰ ਸਿੰਘ ਖਿਲਾਫ ਐੱਫ ਆਈ ਆਰ ਦਰਜ ਕਰਨ ਦੇ ਹੁਕਮ ਵੀ ਦਿੱਤੇ ਹਨ | ਐੱਸ ਐੱਸ ਪੀ ਨੇ ਮੌਕੇ ‘ਤੇ ਮੌਜੂਦ ਤਿੰਨ ਹੋਰ ਪੁਲਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਲਈ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ | ਥਾਣਾ ਡੇਰਾ ਬੱਸੀ ਵਿਖੇ ਆਈ ਪੀ ਸੀ ਦੀਆਂ ਧਾਰਾਵਾਂ 324, 354, 336 ਅਤੇ 509 ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ | ਲੰਘੇ ਦਿਨੀਂ ਚੌਕੀ ਇੰਚਾਰਜ ਬਲਵਿੰਦਰ ਸਿੰਘ ਸਰਕਾਰੀ ਗੱਡੀ ‘ਚ ਗਸ਼ਤ ਕਰ ਰਹੇ ਸੀ, ਜਿਸ ਦੌਰਾਨ ਹੈਬਤਪੁਰ ਰੋਡ ‘ਤੇ ਗੁਲਮੋਹਰ ਸਿਟੀ ਕੋਲ ਬੈਗ ਲਈ ਕੁੜੀ-ਮੁੰਡਾ ਖੜ੍ਹੇ ਸੀ | ਇੰਚਾਰਜ ਨੇ ਉਨ੍ਹਾਂ ਨੂੰ ਤਲਾਸ਼ੀ ਲੈਣ ਦੀ ਗੱਲ ਆਖੀ ਤਾਂ ਤਕਰਾਰ ਹੋ ਗਈ | ਵਿਵਾਦ ਐਨਾ ਵਧ ਗਿਆ ਕਿ ਨੌਜਵਾਨ ਨੇੜੇ ਸੁਸਾਇਟੀ ਤੋਂ ਨਾਲ ਖੜ੍ਹੀ ਕੁੜੀ ਦੇ ਭਰਾ ਨੂੰ ਲੈ ਕੇ ਆ ਗਿਆ | ਉਨ੍ਹਾਂ ਚੌਕੀ ਇੰਚਾਰਜ ‘ਤੇ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ | ਇਸ ਦੌਰਾਨ ਇੰਚਾਰਜ ਨੇ ਗੋਲੀ ਚਲਾ ਦਿੱਤੀ, ਜੋ ਉਥੇ ਖੜ੍ਹੀ ਕੁੜੀ ਦੇ ਭਰਾ ਦੇ ਖੱਬੇ ਪੱਟ ‘ਤੇ ਲੱਗੀ | ਇਸ ਮਗਰੋਂ ਰੋਹ ਵਿਚ ਆਏ ਪਰਵਾਰ ਨੇ ਪੁਲਸ ਦੀ ਗੱਡੀ ਭੰਨ ਦਿੱਤੀ ਅਤੇ ਪੁਲਸ ਮੁਲਾਜ਼ਮ ਦੀ ਕਥਿਤ ਕੁੱਟਮਾਰ ਕੀਤੀ | ਜ਼ਖਮੀ ਦਾ ਪੀ ਜੀ ਆਈ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਗਿਆ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ |

Related Articles

LEAVE A REPLY

Please enter your comment!
Please enter your name here

Latest Articles