ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਦੀਆਂ ਲੁਧਿਆਣਾ ਸਥਿਤ ਚਾਰ ਜਾਇਦਾਦਾਂ ਜ਼ਬਤ (ਅਟੈਚ) ਕੀਤੀਆਂ ਗਈਆਂ ਹਨ। ਇਹ ਕਾਰਵਾਈ ਡਾ. ਅਜੀਤ ਅਤਰੀ ਸਪੈਸ਼ਲ ਜੱਜ ਲੁਧਿਆਣਾ ਦੀ ਅਦਾਲਤ ਵੱਲੋਂ 8 ਅਗਸਤ ਨੂੰ ਜਾਰੀ ਐਡ ਅੰਤਰਮ ਅਟੈਚਮੈਂਟ ਆਰਡਰ ਤਹਿਤ ਕੀਤੀ ਗਈ।
ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਉਸ ਦੇ ਨਜ਼ਦੀਕੀ ਰਾਕੇਸ਼ ਕੁਮਾਰ ਸਿੰਗਲਾ ਅਤੇ ਹੋਰਨਾਂ ਵਿਰੁੱਧ ਸਾਲ 2020-21 ਲਈ ਵੱਖ-ਵੱਖ ਠੇਕੇਦਾਰਾਂ ਨੂੰ ਲੇਬਰ, ਢੋਆ-ਢੋਆਈ ਦੇ ਟੈਂਡਰਾਂ ਦੀ ਗ਼ੈਰ-ਕਾਨੂੰਨੀ ਅਲਾਟਮੈਂਟ ਦੇ ਸੰਬੰਧ ਵਿੱਚ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਐੱਫ ਆਈ ਆਰ ਨੰ. 11 ਮਿਤੀ 16-08-2022 ਨੂੰ ਆਈ ਪੀ ਸੀ ਦੀ ਧਾਰਾ 420, 409, 467, 468, 471, 120 ਬੀ ਅਤੇ ਭਿ੍ਰਸਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13 (2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮੁਲਜ਼ਮ ਸਿੰਗਲਾ ਨੂੰ 03.12.2022 ਨੂੰ ਪੀ ਓ (ਭਗੌੜਾ) ਐਲਾਨ ਦਿੱਤਾ ਗਿਆ ਸੀ ਅਤੇ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਿੰਗਲਾ ਨੇ ਵਿਭਾਗ ਵਿੱਚ ਆਪਣੀ ਤਾਇਨਾਤੀ ਦੌਰਾਨ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਕੇਂਦਰੀ ਵਿਜੀਲੈਂਸ ਕਮੇਟੀ (ਸੀ ਵੀ ਸੀ) ਦੇ ਚੇਅਰਮੈਨ ਵਜੋਂ ਆਪਣੇ ਕਾਰਜਕਾਲ ਦੌਰਾਨ ਕਈ ਜਾਇਦਾਦਾਂ ਖਰੀਦੀਆਂ ਸਨ।
ਵਿਜੀਲੈਂਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਸਿੰਗਲਾ ਨੇ ਅਬਾਦੀ ਗੁਰੂ ਅਮਰਦਾਸ ਨਗਰ ਲੁਧਿਆਣਾ ਵਿਖੇ ਇੱਕ ਪਲਾਟ (298/66 ਵਰਗ ਗਜ਼), ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ 150-150 ਵਰਗ ਗਜ਼ ਦੇ ਦੋ ਪਲਾਟ, ਰਾਜਗੁਰੂ ਨਗਰ ਲੁਧਿਆਣਾ ਵਿਖੇ ਇਕ ਮਕਾਨ ਨੰ. 164-ਏ (ਖੇਤਰ 300 ਵਰਗ ਗਜ਼) ਅਤੇ ਇੱਕ ਫਲੈਟ (ਖੇਤਰ 193.60 ਵਰਗ ਗਜ਼) ਨੰ. 304, ਸ਼੍ਰੇਣੀ-ਏ, ਦੂਜੀ ਮੰਜ਼ਲ, ਆਰ ਸੀ ਐੱਸ ਪੰਜਾਬ ਸਹਿਕਾਰੀ ਸਭਾ ਗਜ਼ਟਿਡ ਅਫਸਰ, ਸੈਕਟਰ 48-ਏ, ਚੰਡੀਗੜ੍ਹ ਪੰਜ ਜਾਇਦਾਦਾਂ ਖਰੀਦੀਆਂ ਸਨ। ਇਹ ਸਾਰੀਆਂ ਪੰਜ ਜਾਇਦਾਦਾਂ ਉਸ ਨੇ 01-04-2011 ਤੋਂ 31-07-2022 ਦੇ ਸਮੇਂ ਦੌਰਾਨ ਆਪਣੀ ਪਤਨੀ ਰਚਨਾ ਸਿੰਗਲਾ ਦੇ ਨਾਂਅ ’ਤੇ ਖਰੀਦੀਆਂ ਸਨ। ਇਨ੍ਹਾਂ ਵਿੱਚੋਂ ਲੁਧਿਆਣਾ ਸਥਿਤ ਚਾਰ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।
ਇਸ ਸੰਬੰਧੀ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਦੋਵਾਂ ਖਿਲਾਫ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ), 13 (2) ਅਤੇ ਆਈ ਪੀ ਸੀ ਦੀ ਧਾਰਾ 120-ਬੀ ਤਹਿਤ ਐੱਫ ਆਈ ਆਰ ਨੰ. 8 ਮਿਤੀ 19.04.2023 ਨੂੰ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਵਿਖੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸੰਬੰਧੀ ਵੱਖਰਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਇਹ ਦੋਵੇਂ ਪਤੀ-ਪਤਨੀ ਇਸ ਮਾਮਲੇ ਵਿੱਚ ਭਗੌੜੇ ਹਨ।
ਉਨ੍ਹਾ ਦੱਸਿਆ ਕਿ 01-04-2011 ਤੋਂ 31-07-2022 ਤੱਕ ਦੇ ਜਾਂਚ ਸਮੇਂ ਦੌਰਾਨ ਸਿੰਗਲਾ ਅਤੇ ਉਸ ਦੀ ਪਤਨੀ ਦੀ ਆਮਦਨ 2,59,68,952 ਰੁਪਏ ਸੀ, ਜਦੋਂਕਿ ਉਹਨਾਂ ਵੱਲੋਂ 4,43,87,182 ਰੁਪਏ ਖਰਚੇ ਗਏ, ਜੋ ਕਿ ਉਹਨਾਂ ਦੀ ਆਮਦਨ ਦੇ ਜ਼ਾਹਰਾ ਸਰੋਤਾਂ ਨਾਲੋਂ 70.92 ਫ਼ੀਸਦੀ (1,84,18,230 ਰੁਪਏ) ਵੱਧ ਹੈ।
ਛੇ ਹੋਰ ਜਾਇਦਾਦਾਂ ਦਾ ਲਾਇਆ ਪਤਾ
ਇਸ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੂੰ ਰਾਕੇਸ਼ ਸਿੰਗਲਾ ਵੱਲੋਂ ਆਪਣੀ ਪਤਨੀ ਰਚਨਾ ਸਿੰਗਲਾ ਅਤੇ ਪੁੱਤਰ ਸਵਰਾਜ ਸਿੰਗਲਾ ਦੇ ਨਾਂਅ ’ਤੇ ਖਰੀਦੀਆਂ ਛੇ ਹੋਰ ਜਾਇਦਾਦਾਂ ਦਾ ਵੀ ਪਤਾ ਲੱਗਾ ਹੈ। ਇਹਨਾਂ ਵਿੱਚੋਂ ਪੰਜ ਜਾਇਦਾਦਾਂ ਵਸੀਕਾ 1179/30.6.21 (ਖੇਤਰ 95.51 ਵਰਗ ਗਜ਼), ਵਸੀਕਾ 1180/30.6.21 (ਖੇਤਰ 98.47 ਵਰਗ ਗਜ਼), ਵਸੀਕਾ 1181/30.6.21 (ਖੇਤਰ 121.51 ਵਰਗ ਗਜ਼), ਵਸੀਕਾ 1182/30.6.21 (ਖੇਤਰ 98.47 ਵਰਗ ਗਜ਼), ਵਸੀਕਾ 1183/ 30.6.21 (ਖੇਤਰ 98.51 ਵਰਗ ਗਜ਼) ਲੁਧਿਆਣਾ ਜ਼ਿਲ੍ਹੇ ਵਿੱਚ ਸੈਲੀਬ੍ਰੇਸ਼ਨ ਬਾਜ਼ਾਰ ਜੀ ਟੀ ਰੋਡ ਖੰਨਾ ਵਿਖੇ ਸਥਿਤ ਹਨ। ਇਸ ਤੋਂ ਇਲਾਵਾ ਮਿਤੀ 02/ 05/ 2013 ਨੂੰ ਨਿਊ ਚੰਡੀਗੜ੍ਹ ਵਿਖੇ ਰਚਨਾ ਸਿੰਗਲਾ ਦੇ ਨਾਂਅ ’ਤੇ 79.04 ਵਰਗ ਮੀਟਰ ਦਾ ਇੱਕ ਐੱਸ ਸੀ ਓ ਖਰੀਦਿਆ ਗਿਆ।
ਮੁਲਜ਼ਮ ਨੂੰ ਇਨ੍ਹਾਂ ਸਾਰੀਆਂ ਛੇ ਜਾਇਦਾਦਾਂ ਤੋਂ ਪ੍ਰਤੀ ਮਹੀਨਾ ਤਕਰੀਬਨ 2 ਲੱਖ ਰੁਪਏ ਕਿਰਾਇਆ ਆ ਰਿਹਾ ਹੈ। ਕਾਨੂੰਨੀ ਕਾਰਵਾਈ ਉਪਰੰਤ ਬਾਕੀ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ।





