ਨਵੀਂ ਦਿੱਲੀ : ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ ਆਈ ਟੀ) ਦਿੱਲੀ ਨੇ ਵਿਦਿਆਰਥੀਆਂ ’ਚ ਵਧਦੇ ਤਣਾਅ ਨੂੰ ਘਟਾਉਣ ਦੇ ਇਰਾਦੇ ਨਾਲ ਆਪਣੀ ਮੁਲਾਂਕਣ ਪ੍ਰਣਾਲੀ ’ਚ ਸੁਧਾਰ ਦੇ ਨਾਲ ਮੱਧ-ਸਮੈਸਟਰ ਪ੍ਰੀਖਿਆਵਾਂ ਦਾ ਇੱਕ ਸੈੱਟ ਛੱਡਣ ਦਾ ਫੈਸਲਾ ਕੀਤਾ ਹੈ। ਇਹ ਦਾਅਵਾ ਇੰਸਟੀਚਿਊਟ ਦੇ ਡਾਇਰੈਕਟਰ ਰੰਗਨ ਬੈਨਰਜੀ ਨੇ ਕੀਤਾ ਹੈ। ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ, ਜਦੋਂ ਵੱਖ-ਵੱਖ ਆਈ ਆਈ ਟੀਜ਼ ’ਚ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਦੇ ਮਾਮਲੇ ਵਧੇ ਹਨ। ਇਨ੍ਹਾਂ ਖੁਦਕੁਸ਼ੀਆਂ ਨੇ ਬਹਿਸ ਛੇੜੀ ਸੀ ਕਿ ਪਾਠਕ੍ਰਮ ਅਤੇ ਸਖਤ ਅਧਿਐਨ ਸ਼ਡਿਊਲ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰ ਰਹੇ ਹਨ ਜਾਂ ਨਹੀਂ।


