ਪਲਵਲ : ਹਰਿਆਣਾ ਦੇ ਪਲਵਲ ਕੋਲ ਐਤਵਾਰ ਸਰਵਜਾਤੀ ਹਿੰਦੂ ਮਹਾਂਪੰਚਾਇਤ ਵਿਚ 51 ਮੈਂਬਰਾਂ ਦੀ ਕਮੇਟੀ ਨੇ ਫੈਸਲਾ ਕੀਤਾ ਕਿ 28 ਅਗਸਤ ਨੂੰ ਬ੍ਰਜ ਮੰਡਲ ਦੀ ਅਧੂਰੀ ਯਾਤਰਾ ਪੂਰੀ ਕੀਤੀ ਜਾਵੇਗੀ। ਇਸ ਬਾਰੇ ਐਲਾਨ ਸੋਹਨਾ-ਤਾਵੜੂ ਦੇ ਵਿਧਾਇਕ ਸੰਜੇ ਸਿੰਘ ਨੇ ਕੀਤਾ।
ਮਹਾਂਪੰਚਾਇਤ ਵਿਚ ਪੁੱਜੇ ਦੇਵ ਸੈਨਾ ਫਰੀਦਾਬਾਦ ਦੇ ਪ੍ਰਧਾਨ ਬ੍ਰਜਭੂਸ਼ਣ ਸੈਣੀ ਨੇ ਐਲਾਨਿਆ ਕਿ 20 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ’ਤੇ ਮਹਾਂਪੰਚਾਇਤ ਹੋਵੇਗੀ। ਮਹਾਂਪੰਚਾਇਤ ਵਿਚ ਨੂਹ ਵਿਚ ਮਰਨ ਵਾਲਿਆਂ ਦੇ ਪਰਵਾਰਾਂ ਨੂੰ ਇਕ-ਇਕ ਕਰੋੜ ਰੁਪਏ, ਇਕ ਸਰਕਾਰੀ ਨੌਕਰੀ ਤੇ ਜ਼ਖਮੀਆਂ ਨੂੰ 50-50 ਲੱਖ ਰੁਪਏ ਦੇਣ ਦੀ ਸਰਕਾਰ ਨੂੰ ਅਪੀਲ ਕੀਤੀ ਗਈ। ਨੂਹ ਜ਼ਿਲ੍ਹੇ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ ਗਈ। ਮਹਾਂਪੰਚਾਇਤ ਵਿਚ ਬੋਲਣ ਵਾਲਿਆਂ ਨੇ ਨੂਹ ਦੰਗਿਆਂ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਤੋਂ ਕਰਾਉਣ ਦੀ ਮੰਗ ਕੀਤੀ। ਨੂਹ ਵਿਚ ਵਸੇ ਰੋਹਿੰਗਿਆ ਲੋਕਾਂ ਨੂੰ ਜ਼ਿਲ੍ਹੇ ਵਿੱਚੋਂ ਬਾਹਰ ਕਰਨ ’ਤੇ ਜ਼ੋਰ ਦਿੱਤਾ ਗਿਆ। ਫਿਰੋਜ਼ਪੁਰ-ਝਿਰਕਾ ਦੇ ਵਿਧਾਇਕ ਮਾਮਨ ਖਾਨ ਨੂੰ ਦੰਗਿਆਂ ਲਈ ਜ਼ਿੰਮੇਵਾਰ ਠਹਿਰਾਉਦਿਆਂ ਉਸ ਵਿਰੁੱਧ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਬਦਲਣ ਦੀ ਮੰਗ ਵੀ ਕੀਤੀ ਗਈ। ਹਿੰਦੂਆਂ ਨੂੰ ਖੁੱਲ੍ਹਦਿਲੀ ਨਾਲ ਹਥਿਆਰਾਂ ਦੇ ਲਸੰਸ ਦੇਣ ਦੀ ਵੀ ਮੰਗ ਕੀਤੀ ਗਈ।
ਮਹਾਂਪੰਚਾਇਤ ਮੇਵਾਤ ਦੇ 40 ਹਿੰਦੂ ਪਾਲ ਤੇ 12 ਮੁਸਲਮ ਪਾਲ ਦੇ ਪ੍ਰਧਾਨ ਚੌਧਰੀ ਅਰੁਣ ਜ਼ੈਲਦਾਰ ਦੇ ਮਾਰਗ-ਦਰਸ਼ਨ ਵਿਚ ਹੋਈ। ਇਸ ਵਿਚ ਹਿੰਦੂ ਸਮਾਜ ਦੇ ਹਜ਼ਾਰਾਂ ਲੋਕਾਂ ਵਿਚ ਹਰਿਆਣਾ ਗਊਰਕਸ਼ਾ ਦਲ ਦੇ ਉਪ ਪ੍ਰਧਾਨ ਆਚਾਰੀਆ ਆਜ਼ਾਦ ਤੇ ਪਲਵਲ ਦੇ ਸਾਬਕਾ ਵਿਧਾਇਕ ਸੁਭਾਸ਼ ਚੌਧਰੀ ਵੀ ਪੁੱਜੇ ਹੋਏ ਸਨ।
ਪਹਿਲਾਂ ਮਹਾਂਪੰਚਾਇਤ ਨੂਹ ਵਿਚ ਕੀਤੀ ਜਾਣੀ ਸੀ, ਪਰ ਪ੍ਰਸ਼ਾਸਨ ਨੇ ਕਰਫਿਊ ਤੇ ਮਾਹੌਲ ਦੇ ਮੱਦੇਨਜ਼ਰ ਆਗਿਆ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਨੂਹ-ਪਲਵਲ ਰੋਡ ’ਤੇ ਪੋਂਡਰੀ ਪਿੰਡ ਵਿਚ ਕੀਤੀ ਗਈ। 31 ਜੁਲਾਈ ਨੂੰ ਕੱਢੀ ਗਈ ਬ੍ਰਜ ਮੰਡਲ ਯਾਤਰਾ ਦੌਰਾਨ ਨੂਹ ਵਿਚ ਹਿੰਸਾ ਹੋਈ ਸੀ ਤੇ ਯਾਤਰਾ ਵਿੱਚੇ ਰੁਕ ਗਈ ਸੀ।
ਇਸ ਮਹਾਂਪੰਚਾਇਤ ਦਾ ਡਾਗਰ ਪਾਲ ਨੇ ਮੁਕੰਮਲ ਬਾਈਕਾਟ ਕੀਤਾ। ਡਾਗਰ ਪਾਲ ਦੇ ਨਾਲ ਰਾਵਤ, ਸਹਰਾਵਤ, ਚੌਹਾਨ ਤੇ ਤੇਵਤੀਆ ਪਾਲ ਦੇ ਪੰਚਾਂ ਨੇ ਵੀ ਬਾਈਕਾਟ ਕੀਤਾ। ਇਹ ਫੈਸਲਾ ਡਾਗਰ ਪਾਲ ਦੇ ਵੱਡੇ ਪਿੰਡ ਮੰਡਕੋਲਾ ਵਿਚ ਪੰਚਾਇਤ ਕਰਕੇ ਕੀਤਾ ਗਿਆ। ਡਾਗਰ ਪਾਲ ਦੇ ਪ੍ਰਧਾਨ ਚੌਧਰੀ ਧਰਮਬੀਰ ਡਾਗਰ ਨੇ ਕਿਹਾ ਕਿ ਪਾਲ ਤੇ ਖਾਪਾਂ ਦਾ ਫਰਜ਼ ਸਮਾਜ ਨੂੰ ਜੋੜਨਾ ਹੁੰਦਾ ਹੈ, ਨਾ ਕਿ ਤੋੜਨਾ। ਜਿਹੜੀ ਮਹਾਂਪਚਾਇਤ ਕੀਤੀ ਗਈ, ਉਸ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਲੋਕ ਸਨ। ਉਹ ਚਾਹੁੰਦੇ ਸਨ ਕਿ ਮਹਾਂਪੰਚਾਇਤ ਵਿਚ ਹਿੰਦੂ-ਮੁਸਲਮ ਸਾਰੇ ਲੋਕ ਸ਼ਾਮਲ ਹੁੰਦੇ ਤੇ ਆਪਸੀ ਭਾਈਚਾਰੇ ਤੇ ਸਦਭਾਵਨਾ ਦੀ ਗੱਲ ਕਰਦੇ। ਉਨ੍ਹਾ ਕਿਹਾ ਕਿ ਕੁਝ ਲੋਕ ਧਾਰਮਕ ਜਥੇਬੰਦੀਆਂ ਦਾ ਚੋਲਾ ਪਾ ਕੇ ਸਮਾਜ ਨੂੰ ਤੋੜਨਾ ਚਾਹੁੰਦੇ ਹਨ, ਜੋ ਬਿਲਕੁਲ ਗਲਤ ਹੈ।
ਚੇਤੇ ਰਹੇ 31 ਜੁਲਾਈ ਨੂੰ ਨੂਹ ਵਿਚ ਹੋਈ ਹਿੰਸਾ ਗਵਾਂਢੀ ਜ਼ਿਲ੍ਹਿਆਂ ਗੁਰੂਗ੍ਰਾਮ, ਪਲਵਲ ਤੇ ਫਰੀਦਾਬਾਦ ਤੱਕ ਫੈਲ ਗਈ ਸੀ। ਹਿੰਸਾ ਦੌਰਾਨ ਹੋਮਗਾਰਡ ਦੇ 2 ਜਵਾਨਾਂ ਸਣੇ 6 ਲੋਕ ਮਾਰੇ ਗਏ ਸਨ। 150 ਤੋਂ ਵੱਧ ਮੋਟਰ-ਗੱਡੀਆਂ ਫੂਕ ਦਿੱਤੀਆਂ ਗਈਆਂ ਸਨ ਤੇ 80 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।