18 C
Jalandhar
Sunday, November 24, 2024
spot_img

ਨਸ਼ਾ ਮੁਕਤੀ ਤੱਕ ਵਿਧਾਇਕਾਂ ਤੇ ਮੰਤਰੀਆਂ ਦੇ ਦਾਖਲੇ ਵਿਰੁੱਧ ਮਤਾ ਪਾਸ

ਮਾਨਸਾ (ਆਤਮਾ ਸਿੰਘ ਪਮਾਰ)-ਪੂਰਨ ਤੌਰ ’ਤੇ ਨਸ਼ਾਬੰਦੀ, ਪਰਮਿੰਦਰ ਸਿੰਘ ਝੋਟਾ ਅਤੇ ਸਾਥੀਆਂ ਦੀ ਬਿਨਾਂ ਸਰਤ ਰਿਹਾਈ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਵਾਉਣ ਲਈ ਨਸ਼ਾ ਵਿਰੋਧੀ ਸਾਂਝੀ ਸੰਘਰਸ਼ ਕਮੇਟੀ ਅਤੇ ਐਂਟੀ ਡਰੱਗ ਫੋਰਸ ਦੇ ਸੱਦੇ ’ਤੇ ਕੀਤੀ ਗਈ ਰੈਲੀ ਦੌਰਾਨ ਪੰਜਾਬ ਭਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਰੈਲੀ ਦਾ ਆਗਾਜ਼ ਨਸ਼ਾ ਵਿਰੋਧੀ ਲਹਿਰ ਦੇ ਪਹਿਲੇ ਸ਼ਹੀਦ ਹਰਭਗਵਾਨ ਸਿੰਘ ਢਿੱਲਵਾਂ ਖੁਰਦ ਅਤੇ ਪਹਿਲੀ ਸ਼ਹੀਦ ਔਰਤ ਅਮਰਜੀਤ ਕੌਰ ਖਿਆਲਾ ਕਲਾਂ ਨੂੰ ਸ਼ਰਧਾਂਜਲੀਆਂ ਦੇ ਕੇ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ’ਚ ਜੁੜੇ ਬੱਚਿਆਂ, ਨੌਜਵਾਨਾਂ, ਔਰਤਾਂ ਅਤੇ ਮਰਦਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਬਲਵੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਬੋਘ ਸਿੰਘ ਤੇ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਸਰਕਾਰਾਂ ਨਾਲ ਮਿਲ ਕੇ ਕਾਰਪੋਰੇਟ ਘਰਾਣੇ ਨੌਜਵਾਨ ਵਰਗ ਦੀ ਬਰਬਾਦੀ ਲਈ ਪੰਜ ‘ਮ’ ਲੈ ਕੇ ਆਏ ਹਨ। ਆਪਣੇ ਧੀਆਂ-ਪੁੱਤਾਂ ਨੂੰ ਇਨ੍ਹਾਂ ਪੰਜ ਮੰਮਿਆਂ-ਮੁਰਕੀ, ਮੋਬਾਇਲ, ਮੋਟਰਸਾਇਕਲ, ਮੌਜ ਤੇ ਮਸਤੀ (ਨਸ਼ੇ) ਤੋਂ ਬਚਾਉਣ ਲਈ ਇਕਜੁੱਟ ਹੋ ਜਾਓ। ਸਾਬਕਾ ਵਿਧਾਇਕ ਅਤੇ ਸੀ ਪੀ ਆਈ ਦੇ ਕੇਂਦਰੀ ਕਮੇਟੀ ਮੈਂਬਰ ਹਰਦੇਵ ਅਰਸ਼ੀ ਤੇ ਜਸਬੀਰ ਕੌਰ ਨੱਤ ਨੇ ਇੱਕ ਸੁਰ ਹੁੰਦਿਆਂ ਕਿਹਾ ਕਿ ਪਾਰਲੀਮਾਨੀ ਸਟੈਂਡਿੰਗ ਕਮੇਟੀ ਵੱਲੋਂ ਹਾਲ ਹੀ ਵਿੱਚ ਦਿੱਤੀ ਗਈ ਰਿਪੋਰਟ ਨੂੰ ਪੰਜਾਬ ਅਤੇ ਨੌਜਵਾਨੀ ਦੇ ਭਵਿੱਖ ਲਈ ਸ਼ੁਭ ਸੰਕੇਤ ਨਹੀਂ ਮੰਨਿਆ ਜਾ ਸਕਦਾ। ਰਿਪੋਰਟ ਅਨੁਸਾਰ ਪੰਜਾਬ ਦੇ ਵੱਡੀ ਗਿਣਤੀ ਬੱਚੇ ਨਸ਼ਾਗ੍ਰਸਤ ਹੋ ਚੁੱਕੇ ਹਨ। ਰੁਪਿੰਦਰ ਸਿੰਘ, ਧੰਨਾ ਮੱਲ ਗੋਇਲ, ਸਤਨਾਮ ਸਿੰਘ ਮਨਾਵਾ, ਲਖਵੀਰ ਸਿੰਘ ਅਕਲੀਆ ਤੇ ਸਵਰਨ ਸਿੰਘ ਦਲਿਓਂ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਹਿਰਦੇਵੇਧਕ ਘਟਨਾਵਾਂ ਦੇ ਬਾਵਜੂਦ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਆਗੂਆਂ ਕਿਹਾ ਕਿ ਮੁਕਤਸਰ ਜ਼ਿਲ੍ਹੇ ਦੇ ਹਲਕਾ ਲੰਬੀ ਅਤੇ ਪਿੰਡ ਫਤੂਹੀਵਾਲਾ ਵਿਖੇ ਇੱਕ ਮਹੀਨੇ ਵਿੱਚ ਕਿਸੇ ਔਰਤ ਦੇ ਦੋ ਪੁੱਤਰਾਂ ਦਾ ਜਹਾਨੋਂ ਤੁਰ ਜਾਣਾ ਅਤੇ ਤੀਸਰੇ ਦਾ ਵੀ ਨਸ਼ਾਗ੍ਰਸਤ ਹੋਣਾ, ਇਸ ਤੋਂ ਵੀ ਅੱਗੇ ਲੰਘ ਕੇ ਇਕ ਅੰਨ੍ਹੀ ਔਰਤ ਦਾ ਨਸ਼ਿਆਂ ਕਾਰਨ ਸਾਰਾ ਘਰ ਹੀ ਬਰਬਾਦ ਹੋ ਜਾਣਾ ਅਤੇ ਬਾਕੀ ਰਹਿੰਦੇ ਇੱਕ ਪੁੱਤਰ ਵੱਲੋਂ ਉਸ ਨੂੰ ਇਕੱਲੀ ਛੱਡ ਜਾਣਾ ਤੇ ਪਿੰਡ ਵਾਸੀਆਂ ਵਲੋਂ ਪ੍ਰਦਰਸ਼ਨ ਕਰਨਾ ਕੋਈ ਛੋਟੀਆਂ-ਮੋਟੀਆਂ ਘਟਨਾਵਾਂ ਨਹੀਂ ਹਨ, ਪ੍ਰੰਤੂ ਸਰਕਾਰ ਕੋਲ ਇਨ੍ਹਾਂ ਦੇ ਕੀਰਨੇ ਸੁਣਨ ਦਾ ਵੀ ਸਮਾਂ ਨਹੀਂ ਹੈ। ਆਗੂਆਂ ਚੇਤੇ ਕਰਵਾਇਆ ਕਿ 1990 ਤੋਂ ਪਹਿਲਾਂ ਪੰਜਾਬ ’ਚ ਅਜਿਹਾ ਸਮਾਂ ਸੀ ਕਿ ਨਸ਼ਾ ਕਰਨ ਵਾਲੇ ਲੋਕ ਡਰਦੇ ਅਤੇ ਛੁਪਦੇ ਸਨ, ਪਰ ਅੱਜ ਹਲਾਤ ਇਹ ਹੈ ਕਿ ਆਮ ਬੰਦਾ ਆਪਣੇ ਖੇਤ-ਬੰਨੇ ਅਤੇ ਕੰਮਾਂਕਾਰਾਂ ’ਤੇ ਜਾਂਦੇ ਵਕਤ ਵੀ ਝਿਜਕ ਮਹਿਸੂਸ ਕਰਦਾ ਹੈ। ਨਿਰਮਲ ਸਿੰਘ ਝੰਡੂਕੇ, ਨਿਰਮਲ ਸਿੰਘ ਫੱਤਾ, ਕੁਲਵਿੰਦਰ ਸਿੰਘ ਉੱਡਤ, ਸੀਰਾ ਜੋਗਾ, ਕੁਲਦੀਪ ਸਿੰਘ ਚੱਕ ਭਾਈਕੇ, ਰਘਵੀਰ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਜਿਵੇਂ ਫਸਲਾਂ ਬਚਾਉਣ ਲਈ ਕਿਸਾਨ ਚੂਹਿਆਂ ਨੂੰ ਖੁੱਡਾਂ ਵਿੱਚ ਹੀ ਨੱਪਦੇ ਹਨ, ਉਵੇਂ ਹੀ ਨਸ਼ਾ ਤਸਕਰਾਂ ਨੂੰ ਵੀ ਉਨ੍ਹਾਂ ਦੇ ਸਰਕਾਰੀ ਸਰਪ੍ਰਸਤੀ ਵਾਲੇ ਘੋਰਨਿਆਂ ਵਿਚ ਹੀ ਦੱਬਣਾ ਪਵੇਗਾ। ਪ੍ਰੋ. ਅਜੈਬ ਸਿੰਘ, ਹਰਦੇਵ ਅਰਸ਼ੀ, ਪਰਮਿੰਦਰ ਸਿੰਘ ਦੇ ਮਾਤਾ ਅਮਰਜੀਤ ਕੌਰ,
ਜਸਵੀਰ ਕੌਰ ਨੱਤ, ਹੰਸ ਰਾਜ ਮੋਫਰ ਅਤੇ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਪਹਿਲਾਂ ਕਿਸਾਨ, ਮਜ਼ਦੂਰ ਅਤੇ ਆਮ ਲੋਕ ਕੇਵਲ ਆਪਣੇ ਹੱਕਾਂ ਲਈ ਲੜਿਆ ਕਰਦੇ ਸਨ, ਪਰ ਹੁਣ ਉਨ੍ਹਾਂ ਨੂੰ ਆਪਣੇ ਬੱਚੇ ਤੇ ਆਪਣੀ ਜਾਨ ਬਚਾਉਣ ਲਈ ਲੜਨਾ ਪੈ ਰਿਹਾ ਹੈ। ਕਿੰਨੀ ਹੈਰਾਨੀ ਹੈ ਕਿ ਨਸ਼ਾ ਮੁਕਤੀ ਦੀ ਗੱਲ ਕਰਨ ਵਾਲੇ ਜੇਲ੍ਹਾਂ ’ਚ ਬੰਦ ਹਨ ਅਤੇ ਨਸ਼ਾ ਤਸਕਰ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਕੱਠ ਨਸ਼ਾਬੰਦੀ ਲਈ ਨਿਰਣਾਇਕ ਭੂਮਿਕਾ ਅਦਾ ਕਰੇਗਾ।
ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਨਸ਼ਾ ਵਿਰੋਧੀ ਮੁਹਿੰਮ ਵਿੱਢਣ ਵਾਲੇ ਐਂਟੀ ਡਰੱਗ ਟਾਸਕ ਫੋਰਸ ਦੇ ਨੌਜਵਾਨਾਂ ਨਾਲ ਜਾਣ-ਪਹਿਚਾਣ ਵੀ ਕਰਵਾਈ। ਰੈਲੀ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪਿੰਡਾਂ/ਸ਼ਹਿਰਾਂ ਵਿਚ ਆਪ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਮੰਚ ਤੋਂ ਇਹ ਵੀ ਐਲਾਨ ਕੀਤਾ ਗਿਆ ਕਿ ਪਰਮਿੰਦਰ ਸਿੰਘ ਦੀ ਰਿਹਾਈ ਅਤੇ ਸਾਥੀਆਂ ’ਤੇ ਪਾਏ ਗਏ ਕੇਸ ਰੱਦ ਹੋਣ ਤੱਕ ਧਰਨਾ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗਾ। ਇਸ ਦੌਰਾਨ ਡਾ. ਨਾਨਕ ਸਿੰਘ ਐੱਸ ਐੱਸ ਪੀ ਮਾਨਸਾ ਵੱਲੋਂ ਮੰਚ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਸਾਰੇ ਮਸਲਿਆਂ ਦਾ ਕੋਈ ਢੁਕਵਾਂ ਹੱਲ ਲੱਭ ਲਿਆ ਜਾਵੇਗਾ। ਪਿਛਲੇ ਦਿਨੀਂ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ ਕਾਰਨ ਮਿਲੇ ਮੁਆਵਜੇ ਨੂੰ ਜਮ੍ਹਾਂ ਕਰਵਾ ਕੇ ਪਾਸਬੁਕ ਮੰਚ ਤੋਂ ਹੀ ਐਕਸ਼ਨ ਕਮੇਟੀ ਵੱਲੋਂ ਮਿ੍ਰਤਕ ਦੀ ਮਾਤਾ ਦੇ ਸੁਪਰਦ ਕਰ ਦਿੱਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਕਿ੍ਰਸ਼ਨ ਚੌਹਾਨ, ਮਹਿੰਦਰ ਸਿੰਘ ਬਾਘਾ ਤੇ ਕੁਲਵਿੰਦਰ ਸਿੰਘ ਕਾਲੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦਰਸ਼ਨ ਨੱਤ, ਮਹਿੰਦਰ ਸਿੰਘ, ਅਮਨ ਪਟਵਾਰੀ, ਕਾਕਾ ਕੋਟੜਾ, ਅਮਨਪ੍ਰੀਤ ਸਿੰਘ ਰਾਏਪੁਰ, ਪਰਮਜੀਤ ਸਿੰਘ ਸਮੇਤ ਤਿੰਨ ਦਰਜਨ ਆਗੂਆਂ ਨੇ ਵੀ ਸੰਬੋਧਨ ਕੀਤਾ।

Related Articles

LEAVE A REPLY

Please enter your comment!
Please enter your name here

Latest Articles