ਜਲੰਧਰ : ਦਿੱਲੀ-ਅੰਮਿ੍ਰਤਸਰ-ਕਟੜਾ ਗ੍ਰੀਨਫੀਲਡ ਐੱਕਸਪ੍ਰੈੱਸ ਵੇ ਦੇ ਕੰਮ ਦੌਰਾਨ ਕਰਤਾਰਪੁਰ ਦੇ ਪਿੰਡ ਬਸਰਾਮਪੁਰ ’ਚ 80 ਫੁੱਟ ਡੂੰਘੇ ਬੋਰਵੈੱਲ ਵਿਚ ਦੱਬੇ ਗਏ ਮਕੈਨਿਕ ਸੁਰੇਸ਼ ਨੂੰ ਬਚਾਉਣ ਦੇ ਜਤਨ ਕਾਮਯਾਬ ਨਹੀਂ ਹੋ ਸਕੇ ਤੇ 45 ਘੰਟੇ ਬਾਅਦ ਉਸ ਦੀ ਲਾਸ਼ ਹੀ ਮਿਲੀ ਤੇ ਉਹ ਵੀ ਗਲੀ ਹਾਲਤ ’ਚ।
52 ਸਾਲਾ ਸੁਰੇਸ਼ ਹਰਿਆਣਾ ਦੇ ਜੀਂਦ ਦਾ ਸੀ। ਐੱਨ ਡੀ ਆਰ ਐੱਫ ਦੀ ਟੀਮ ਬੋਰ ਦੇ ਨਾਲ 50 ਫੁੱਟ ਬੋਰ ਕਰ ਚੁੱਕੀ ਸੀ, ਪਰ ਨੇੜੇ ਛੱਪੜ ਦੇ ਚਲਦਿਆਂ ਮਿੱਟੀ ਬੇਹੱਦ ਨਰਮ ਹੋਣ ਕਾਰਨ ਖਿਸਕਦੀ ਰਹੀ ਤੇ ਟੀਮ ਸੁਰੇਸ਼ ਤੱਕ ਵੇਲੇ ਸਿਰ ਨਹੀਂ ਪੁੱਜ ਸਕੀ। ਸੁਰੇਸ਼ ਦੇ ਭਰਾ ਸੱਿਤਆਵਾਨ ਨੇ ਦੱਸਿਆ ਕਿ ਸੁਰੇਸ਼ ਮਕੈਨਿਕ ਨਹੀਂ ਸੀ। ਕੰਪਨੀ ਦੇ ਅਧਿਕਾਰੀ ਉਸ ਨੂੰ ਟੈਕਨੀਕਲ ਮਾਹਰ ਦੱਸ ਰਹੇ ਹਨ, ਪਰ ਉਹ ਸਿੱਧਾ-ਸਾਦਾ ਕਿਸਾਨ ਸੀ। ਉਹ ਕੰਮ ਕਰਨ ਜਲੰਧਰ ਆਇਆ ਸੀ। ਉਸ ਨੂੰ ਮਸ਼ੀਨਾਂ ਦੀ ਰਿਪੇਅਰਿੰਗ ਜਾਂ ਦੂਜੀ ਕੋਈ ਟੈਕਨੀਕਲ ਜਾਣਕਾਰੀ ਨਹੀਂ ਸੀ। ਬਸਰਾਮਪੁਰ ਪਿੰਡ ਵਿਚ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ। ਸ਼ਨੀਵਾਰ ਪਿੱਲਰ ਬਣਾਉਣ ਲਈ ਆਰ-1500 ਮਸ਼ੀਨ ਨਾਲ ਬੋਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਮਸ਼ੀਨ ਖਰਾਬ ਹੋ ਗਈ। ਮਸ਼ੀਨ ਠੀਕ ਕਰਨ ਲਈ ਇੰਜੀਨੀਅਰ ਪਵਨ ਤੇ ਸੁਰੇਸ਼ ਨੂੰ ਦਿੱਲੀ ਤੋਂ ਸੱਦਿਆ ਗਿਆ।




