ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬੱਜਟ ਬਾਰੇ ਸੀ ਪੀ ਆਈ ਵੱਲੋਂ ਪਾਰਟੀ ਸਕੱਤਰ ਸਾਥੀ ਬੰਤ ਸਿੰਘ ਬਰਾੜ ਅਤੇ ਸਾਬਕਾ ਐੱਮ ਐੱਲ ਏ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਸਾਂਝੇ ਬਿਆਨ ‘ਚ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪੇਸ਼ ਕੀਤੇ ਜਾਂਦੇ ਰਹੇ ਬੱਜਟਾਂ ਦੀ ਤਰਜ਼ ‘ਤੇ ਇਹ ਬੱਜਟ ਵੀ ਇਕ ਰਵਾਇਤੀ ਅਤੇ ਡੰਗ-ਟਪਾਊ ਬੱਜਟ ਹੈ | 12553 ਕਰੋੜ ਦੇ ਘਾਟੇ ਵਾਲਾ ਬੱਜਟ ਹੈ | ਪੰਜਾਬ ਸਰਕਾਰ ਅਨੁਸਾਰ ਕੁਲ ਬੱਜਟ ਦਾ 93.49 ਫੀਸਦੀ ਦਾ ਖਰਚਾ ਤਨਖਾਹਾਂ, ਪੈਨਸ਼ਨਾਂ, ਵਿਆਜ ਦਾ ਇਕ ਪੱਕਾ ਤੇ ਸਥਾਈ ਖਰਚਾ ਹੈ | ਟੋਟਲ ਬੱਜਟ ਵਿੱਚੋਂ ਸਿਰਫ 6.51 ਫੀਸਦੀ ਹੀ ਪੰਜਾਬ ਦੇ ਵਿਕਾਸ ਲਈ ਖਰਚ ਕੀਤੇ ਜਾਣੇ ਹਨ | ਬਹੁਤ ਹੀ ਨਿਗੂਣੀ ਰਕਮ ਨਾਲ ਪੰਜਾਬ ਦਾ ਕੀ ਸੰਵਰੇਗਾ | ਲੋਕ ਭਲਾਈ ਦੇ ਕੰਮਾਂ ਅਤੇ ਪੰਜਾਬ ਦੇ ਵਿਕਾਸ ਲਈ ਕੁਝ ਵੀ ਨਹੀਂ ਬਚੇਗਾ |
ਚਲੰਤ ਸਾਲ ਵਿਚ ਸਾਰੇ ਸੋਮਿਆਂ ਤੋਂ 95378.28 ਕਰੋੜ ਰੁਪਏ ਆਮਦਨ ਅਤੇ ਖਰਚੇ 155859.78 ਕਰੋੜ ਵਿਖਾਏ ਗਏ ਹਨ | ਕਿਹੜੇ ਸੋਮਿਆਂ ਤੋਂ ਆਮਦਨ ਆਵੇਗੀ ਅਤੇ 12553 ਕਰੋੜ ਦਾ ਘਾਟਾ ਕਿੱਥੋਂ ਪੂਰਾ ਕਰਨਾ ਹੈ, ਜਦੋਂਕਿ ਪਹਿਲਾਂ ਹੀ ਪੰਜਾਬ ਸਿਰ ਕੁਲ ਕਰਜ਼ਾ 318000 ਕਰੋੜ ਰੁਪਏ ਹੋ ਚੁੱਕਾ ਹੈ | ਸਰਕਾਰ ਅਨੁਸਾਰ 35000 ਕਰੋੜ ਰੁਪਏ ਦਾ ਹੋਰ ਕਰਜ਼ਾ ਚੁੱਕਣਾ ਹੈ, ਜਦੋਂਕਿ ਪੁਰਾਣੇ ਕਰਜ਼ਿਆਂ ਦਾ ਵਿਆਜ ਹੀ ਇਸੇ ਕਰਜ਼ੇ ਵਿੱਚੋਂ ਦੇਣਾ ਹੈ, ਜੋ 15000 ਕਰੋੜ ਰੁਪਏ ਬਣਦਾ ਹੈ | ਇਸ ਪ੍ਰਕਾਰ ਪਿਛਲੇ ਪੰਜ ਸਾਲਾਂ ਵਿਚ ਕਰਜ਼ੇ ਵਿਚ 4423 ਫੀਸਦੀ ਦਾ ਵਾਧਾ ਹੋਇਆ ਹੈ | ਇਸ ਤੋਂ ਇਲਾਵਾ ਚਿੰਤਾ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਜੀ ਐੱਸ ਟੀ ਹਰ ਸਾਲ 15000 ਕਰੋੜ ਰੁਪਏ ਆਉਂਦਾ ਸੀ, ਜੋ ਉਹ ਵੀ 5 ਸਾਲਾਂ ਦੀ ਸ਼ਰਤ ਪੂਰੀ ਹੋਣ ਕਰਕੇ ਇਸੇ ਸਾਲ ਜੁਲਾਈ ਵਿਚ ਬੰਦ ਹੋ ਜਾਣਾ ਹੈ, ਇਹ ਭਰਪਾਈ ਕਿੱਥੋਂ ਕਰਨੀ ਹੈ? ਪੰਜਾਬ ਦੀ ਆਮਦਨ 2011-12 ਸਾਲ ਦੌਰਾਨ ਸਾਲਾਨਾ ਰੈਵੇਨਿਊ 72 ਫੀਸਦੀ ਸੀ, ਜੋ ਹੁਣ ਘਟ ਕੇ 48 ਫੀਸਦੀ ਰਹਿ ਗਈ ਹੈ | ਉਂਝ ਵੀ ਗਿਣਤੀਆਂ-ਮਿਣਤੀਆਂ ਕਰਕੇ ਵਿਖਾਏ ਗਏ ਸਬਜ਼ਬਾਗ ਤਾਂ ਸਾਲ ਦੇ ਅਖੀਰ ਵਿਚ ਹੀ ਸਪੱਸ਼ਟ ਹੋਣਗੇ, ਜਦੋਂ ਪੰਜਾਬ ਦਾ ਆਰਥਿਕ ਸੰਕਟ ਹੋਰ ਵਧ ਜਾਵੇਗਾ | ਸਰਕਾਰ ਕੀਤੇ ਗਏ ਵਾਅਦਿਆਂ ਤੋਂ ਪਹਿਲੇ ਬੱਜਟ ਸਮੇਂ ਹੀ ਦੌੜ ਗਈ ਹੈ | ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ, 24 ਘੰਟੇ ਬੇਰੋਕ-ਟੋਕ ਸਸਤੀ ਬਿਜਲੀ, ਬੇਰੁਜ਼ਗਾਰੀ ਦੂਰ ਕਰਨੀ, ਕੱਚੀਆਂ ਨੌਕਰੀਆਂ ਪੱਕੀਆਂ ਕਰਨੀਆਂ, ਕਿਸਾਨਾਂ, ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨੇ, ਬੇਘਰਿਆਂ ਨੂੰ ਪਲਾਟ ਅਤੇ ਮਕਾਨ ਦੇਣਾ, ਵਿੱਦਿਆ ਅਤੇ ਮੁਫਤ ਇਲਾਜ ਅਤੇ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਧਾਉਣ ਆਦਿ ਬਾਰੇ ਸਰਕਾਰ ਨੇ ਪਾਸਾ ਹੀ ਵੱਟ ਲਿਆ ਹੈ | 24 ਫੀਸਦੀ ਸਿਹਤ ਅਤੇ 16.27 ਫੀਸਦੀ ਵਿੱਦਿਆ ਵਿਚ ਵਾਧਾ ਅਜੋਕੀਆਂ ਕੀਮਤਾਂ ਅਨੁਸਾਰ ਕੁਝ ਵੀ ਨਹੀਂ | ਸਰਕਾਰ ਦਾ ਅਖੌਤੀ ਦਿੱਲੀ ਪੈਟਰਨ ਦਾ ਵਿਕਾਸ ਨਮੂਨਾ ਛਲਾਵਾ ਬਣ ਕੇ ਰਹਿ ਗਿਆ ਹੈ ਅਤੇ ਪੰਜਾਬ ਗੰਭੀਰ ਆਰਥਿਕ ਸੰਕਟ ਦੇ ਸ਼ਿਕਾਰ ਹੋਣ ਵੱਲ ਵਧ ਰਿਹਾ ਹੈ |