ਧੂਰੀ (ਸੰਗਰੂਰ) (ਰਾਜੇਸ਼ਵਰ ਪਿੰਟੂ/
ਬਿੰਨੀ ਗਰਗ, ਸੁਖਦੇਵ ਧੂਰੀ, ਪ੍ਰਵੀਨ ਸਿੰਘ)
ਸੁਤੰਤਰਤਾ ਦਿਵਸ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਭਾਰਤ ਦੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮੌਕੇ 76 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ। ਇੱਥੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਨ੍ਹਾਂ ਦੇ ਘਰ ਵਿੱਚ ਹੀ ਮੁਹੱਈਆ ਕਰਵਾਉਣ ਲਈ ਇਹ ਸਿਹਤ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ। ਲੋਕਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਨ ਦੇ ਨਾਲ-ਨਾਲ ਇਹ ਕਲੀਨਿਕ 41 ਤਰ੍ਹਾਂ ਦੇ ਟੈਸਟ ਮੁਫ਼ਤ ਕਰਨ ਦੀ ਸੇਵਾ ਵੀ ਦੇ ਰਹੇ ਹਨ। ਉਹਨਾ ਕਿਹਾ ਕਿ ਤੰਦਰੁਸਤ ਸਿਹਤ ਉਤੇ ਧਿਆਨ ਦੇਣ ਦੇ ਨਾਲ-ਨਾਲ ਇਸ ਕਦਮ ਨਾਲ ਲੋਕਾਂ ਦਾ ਜੀਵਨ ਲੰਮੇਰਾ ਕਰਨ ਵਿੱਚ ਮਦਦ ਮਿਲੇਗੀ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂ ਆਪਣਾ ਇਲਾਜ ਤਾਂ ਵਿਦੇਸ਼ਾਂ ਵਿੱਚੋਂ ਕਰਵਾ ਲੈਂਦੇ ਸਨ, ਪਰ ਆਮ ਆਦਮੀ ਨੂੰ ਬਿਨਾਂ ਵਧੀਆ ਇਲਾਜ ਤੋਂ ਕਿਸਮਤ ਉਤੇ ਛੱਡ ਦਿੰਦੇ ਸਨ। ਮੁੱਖ ਮੰਤਰੀ ਨੇ ਕਿਹਾਮੈਂ ਤਾਂ ਸਿਆਸਤਦਾਨਾਂ ਦੇ ਘਟੀਆ ਕਾਰਨਾਮਿਆਂ ਦੀਆਂ ਫਾਈਲਾਂ ਵੇਖ ਕੇ ਹੱਕਾ-ਬੱਕਾ ਰਹਿ ਗਿਆ। ਅਸਲ ਵਿਚ ਇਹ ਫਾਈਲਾਂ ਪੰਜਾਬੀਆਂ ਦੇ ਲਹੂ ਨਾਲ ਭਿੱਜੀਆਂ ਹੋਈਆਂ ਹਨ। ਇਨ੍ਹਾਂ ਨੇਤਾਵਾਂ ਨੂੰ ਕੀਤੇ ਗਏ ਗੁਨਾਹਾਂ ਲਈ ਜਵਾਬਦੇਹ ਬਣਾਵਾਂਗਾ ਅਤੇ ਲੋਕ ਦੀ ਕੀਤੀ ਗਈ ਲੁੱਟ ਦਾ ਇਕ-ਇਕ ਪੈਸਾ ਵਸੂਲ ਕਰਕੇ ਰਹਾਂਗਾ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਤੇ ਵਰ੍ਹਦਿਆਂ ਮਾਨ ਨੇ ਕਿਹਾਇਸ ਭਾਜਪਾ ਨੇਤਾ ਨੇ ਸੱਤਾ ਵਿਚ ਹੁੰਦਿਆਂ ਇਕ ਪਾਸੇ ਤਾਂ ਸੂਬੇ ’ਚ ਈ-ਸਟੈਂਪ ਵਿਵਸਥਾ ਲਾਗੂ ਕਰ ਦਿੱਤੀ, ਦੂਜੇ ਪਾਸੇ 1266 ਕਰੋੜ ਰੁਪਏ ਦੇ ਸਟੈਂਪ ਪੇਪਰ ਛਾਪਣ ਦੇ ਹੁਕਮ ਦੇ ਦਿੱਤੇ, ਜਿਸ ਉਪਰ 57 ਕਰੋੜ ਰੁਪਏ ਦੀ ਲਾਗਤ ਆਉਣੀ ਸੀ। ਇਸ ਤਜਰਬੇਕਾਰ ਸਾਬਕਾ ਵਿੱਤ ਮੰਤਰੀ ਦੇ ਗਲਤ ਫੈਸਲੇ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 60 ਕਰੋੜ ਰੁਪਏ ਦਾ ਘਾਟਾ ਪਿਆ।
ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਕਿ ਪਿੰਡਾਂ ਦੇ ਸਰਪੰਚਾਂ ਦੀ ਚੋਣ ਨੂੰ ਸਿਆਸਤ ਤੋਂ ਪ੍ਰੇਰਿਤ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਤੇ ਹੋਰ ਸ਼ਖ਼ਸੀਅਤਾਂ ਦਾ ਸਮਾਗਮ ਵਿੱਚ ਪੁੱਜਣ ਉਤੇ ਸਵਾਗਤ ਕੀਤਾ।




