22.8 C
Jalandhar
Friday, April 26, 2024
spot_img

ਬੱਜਟ ਦਿੱਲੀ ਵਾਲੇ ਪਾਖੰਡਾਂ ਦਾ ਸੌਦਾ ਪੰਜਾਬ ‘ਚ ਵੇਚਣ ਦਾ ਯਤਨ

ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਸ੍ਰੀ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬੱਜਟ ਨਾਲ 95 ਫੀਸਦੀ ਪੰਜਾਬੀਆਂ ਦੇ ਨਿਰਾਸ਼ਾ ਹੀ ਪੱਲੇ ਪਈ ਹੈ | ਬੱਜਟ ਦਾ ਝਲਕਾਰਾ ਆਮ ਆਦਮੀ ਪਾਰਟੀ ਦੇ ਨਾਂਅ ਨਾਲ ਮੇਲ ਨਹੀਂ ਖਾਂਦਾ, ਸਗੋਂ ਆਮ ਆਦਮੀ ਨੂੰ ਤਾਂ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ ਹੈ | ਕੇਜਰੀਵਾਲ ਦੀ ਦਿੱਲੀ ਸਰਕਾਰ ਦੀ ਝੂਠੀ ਸ਼ਬਦਾਵਲੀ ਅਤੇ ਪਖੰਡਾਂ ਦਾ ਸੌਦਾ ਪੰਜਾਬ ਵਿੱਚ ਵੇਚਣ ਦਾ ਯਤਨ ਕੀਤਾ ਗਿਆ | ਇਹ ਬੱਜਟ ਤਾਂ ਅੰਕੜਿਆਂ ਦੀ ਜਾਦੂਗਿਰੀ ਵੀ ਨਹੀਂ ਪੇਸ਼ ਕਰ ਸਕਿਆ | ਕਿਸੇ ਵਰਗ ਨੂੰ ਰਾਹਤ ਤਾਂ ਕੀ ਦੇਣੀ ਸੀ, ਸਗੋਂ ਜੇਕਰ ਅੱਖੋਂ ਓਹਲੇ ਕੀਤੇ ਵਰਗਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਧਰੋਹ ਤਾਂ ਘੱਟੋ-ਘੱਟ ਉਜਰਤਾਂ ਲੈਣ ਵਾਲੇ 2530 ਲੱਖ ਕਾਮਿਆਂ ਨਾਲ ਕੀਤਾ ਗਿਆ, ਜਿਨ੍ਹਾਂ ਨੂੰ ਸਿਰਫ 9100 ਰੁਪਏ ਪ੍ਰਤੀ ਮਹੀਨਾ ਹੀ ਉਜਰਤ ਮਿਲਦੀ ਹੈ, ਜਦ ਕਿ ਉਹਨਾਂ ਦੀ ਘੱਟੋ-ਘੱਟ ਉਜਰਤ ਸਰਕਾਰ ਵੱਲੋਂ 26000 ਰੁਪਏ ਪ੍ਰਤੀ ਮਹੀਨਾ ਮਿੱਥਣ ਦਾ ਐਲਾਨ ਕਰਨਾ ਚਾਹੀਦਾ ਸੀ | 36000 ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨ ਦਾ ਐਲਾਨ ਵੀ ਇੱਕ ਵੱਡਾ ਧੋਖਾ ਹੈ, ਕਿਉਂਕਿ ਇਹ ਪਾਰਟੀ ਵਾਅਦਾ ਕਰਕੇ ਆਈ ਸੀ ਕਿ ਹਰ ਤਰ੍ਹਾਂ ਦੇ ਕੰਟਰੈਕਟ ਕਾਮੇ ਪੱਕੇ ਕੀਤੇ ਜਾਣਗੇ, ਜਦ ਕਿ ਕੰਟਰੈਕਟ ਵਰਕਰਾਂ ਦੀ ਗਿਣਤੀ ਤਾਂ 2 ਲੱਖ ਤੋਂ ਵੀ ਵੱਧ ਹੈ | ਬਾਕੀਆਂ ਬਾਰੇ ਕੋਈ ਸਪੱਸ਼ਟੀਕਰਨ ਨਹੀਂ, ਜਿਹੜੇ 36000 ਪੱਕੇ ਕਰਨ ਦੀ ਗੱਲ ਕਹੀ ਗਈ ਹੈ, ਉਨ੍ਹਾਂ ਲਈ ਕੀ ਸ਼ਰਤਾਂ ਹੋਣਗੀਆਂ | ਇਹ ਦੱਸਿਆ ਹੀ ਨਹੀਂ ਗਿਆ, ਮੁਲਾਜ਼ਮਾਂ ਦੇ ਪੇ ਕਮਿਸ਼ਨ ਦੇ ਬਕਾਏ, ਡੀ.ਏ. ਦੀਆਂ ਡਿਊ ਕਿਸ਼ਤਾਂ, ਖੋਹੇ ਹੋਏ ਭੱਤੇ ਬਹਾਲ ਕਰਨ ਬਾਰੇ ਅਤੇ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਬਾਰੇ ਕੋਈ ਐਲਾਨ ਨਹੀਂ, ਨਾ ਹੀ ਇਸ ਮੰਤਵ ਲਈ ਕੋਈ ਬੱਜਟ ਹੀ ਰੱਖਿਆ ਗਿਆ ਹੈ, ਸਕੀਮ ਵਰਕਰਾਂ ਜਿਵੇਂ ਕਿ ਆਂਗਣਵਾੜੀ, ਆਸ਼ਾ ਵਰਕਰਜ਼ ਅਤੇ ਮਿਡ ਡੇ ਮੀਲ ਵਰਕਰਜ਼ ਦੀਆਂ ਸੇਵਾਵਾਂ ਨਿਯਮਤ ਕਰਨ ਸੰਬੰਧੀ ਕੁੱਝ ਨਹੀਂ ਕਿਹਾ ਗਿਆ ਅਤੇ ਨਾ ਹੀ ਉਹਨਾਂ ਦੀਆਂ ਉਜਰਤਾਂ ਵਿੱਚ ਕੋਈ ਵਾਧੇ ਦੀ ਗੱਲ ਕੀਤੀ ਗਈ ਹੈ |
ਪਬਲਿਕ ਸੈਕਟਰ ਦੀ ਮਜ਼ਬੂਤੀ ਲਈ ਕੁੱਝ ਨਹੀਂ ਕਿਹਾ ਗਿਆ, ਸਗੋਂ ਬਿਜਲੀ ਬੋਰਡ ਵਰਗੇ ਵਿਸ਼ਾਲ ਅਤੇ ਅਹਿਮ ਅਦਾਰੇ ਦੇ ਥਰਮਲ ਪਲਾਂਟਾਂ ਨੂੰ ਪੂਰੀ ਸਮਰੱਥਾ ਨਾਲ ਚਾਲੂ ਕਰਨਾ ਅਤੇ ਉਹਨਾਂ ਦੀ ਸਮਰੱਥਾ ਵਧਾਉਣ ਅਤੇ ਹੋਰ ਕਮੀਆਂ ਦੂਰ ਕਰਨ ਆਦਿ ਬਾਰੇ ਕੁੱਝ ਨਹੀਂ | ਸਰਕਾਰੀ ਟਰਾਂਸਪੋਰਟ ਨੂੰ ਮਜ਼ਬੂਤ ਕਰਨ ਲਈ ਕੋਈ ਵੀ ਭਰੋਸਾ ਨਹੀਂ, ਸਗੋਂ ਨਿਗੂਣਾ ਜਿਹਾ ਬੱਜਟ ਰੱਖਿਆ ਗਿਆ ਹੈ, ਜਿਹੜਾ ਕਿ ਇਸ ਖੇਤਰ ਦੀਆਂ ਲੋੜਾਂ ਤੋਂ ਅੱਧਾ ਵੀ ਨਹੀਂ | ਨਵੀਆਂ ਬੱਸਾਂ ਪਾਉਣ ਸੰਬੰਧੀ ਇੱਕ ਵੀ ਸ਼ਬਦ ਨਹੀਂ ਕਿਹਾ ਗਿਆ | ਸਿਹਤ ਸੇਵਾਵਾਂ ਅਤੇ ਸਿੱਖਿਆ ਲਈ ਬਜਟ ਨਾਕਾਫੀ ਹੈ | ਪੰਜਾਬੀ ਯੂਨੀਵਰਸਿਟੀ ਲਈ ਸਿਰਫ 200 ਕਰੋੜ ਰੁਪਏ ਰੱਖੇ ਹਨ | ਜਦ ਕਿ ਇਸ ਦੇ ਮੁਲਾਜ਼ਮਾਂ ਦੀ ਇਕੱਲੀ ਤਨਖਾਹ ਹੀ 250 ਕਰੋੜ ਰੁਪਏ ਸਾਲਾਨਾ ਬਣਦੀ ਹੈ | ਸਮੁੱਚੀ ਆਮ ਆਦਮੀ ਪਾਰਟੀ ਹਰ ਸਟੇਜ ‘ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਗੱਲ ਕਰਦੀ ਸੀ, ਪਰ ਹੁਣ ਆਮ ਆਦਮੀ ਪਾਰਟੀ ਦੇ ਬੱਜਟ ਵਿੱਚ ਇਸ ਬਾਰੇ ਕੋਈ ਜ਼ਿਕਰ ਤੱਕ ਨਹੀਂ ਹੈ | ਨਵੇਂ ਰੁਜ਼ਗਾਰ ਦੇ ਮੌਕੇ ਸਿਰਜਣ ਦੀ ਕੋਈ ਯੋਜਨਾਬੰਦੀ ਨਹੀਂ ਹੈ | ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੀ ਕੋਈ ਯੋਜਨਾ ਨਹੀਂ ਹੈ, ਸਗੋਂ ਹੋਰ ਕਰਜ਼ਾ 35000 ਕਰੋੜ ਰੁਪਏ ਲੈਣ ਬਾਰੇ ਬਜਟ ਵਿੱਚ ਦਰਜ ਹੈ |
ਬਰਾੜ ਅਤੇ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਸੰਗਰੂਰ ਲੋਕ ਸਭਾ ਤੋਂ ਹੋਈ ਨਮੋਸ਼ੀ ਭਰੀ ਹਾਰ ਤੋਂ ਸਬਕ ਲੈਂਦੇ ਹੋਏ ਸਹੀ ਅਰਥਾਂ ਵਿੱਚ ਆਮ ਆਦਮੀ ਦੇ ਬਣ ਕੇ ਵਿਖਾਵੇ |
ਲੋਕਾਂ ਨੇ ਤੁਹਾਨੂੰ 3 ਮਹੀਨੇ ਵਿੱਚ ਹੀ ਦੱਸ ਦਿੱਤਾ ਹੈ ਕਿ ਤੁਸੀਂ ਉਹਨਾਂ ਦੇ ਹਿਤੈਸ਼ੀ ਨਹੀਂ | ਕੇਜਰੀਵਾਲ ਦੇ ਝੂਠੇ ਦਿੱਲੀ ਮਾਡਲ ਦੀਆਂ ਘੋੜੀਆਂ ਗਾਉਣੀਆਂ ਛੱਡੋ ਤੇ ਪੰਜਾਬੀਆਂ ਨਾਲ ਅਤੇ ਇੱਥੋਂ ਦੇ ਗਰੀਬ ਲੋਕਾਂ ਨਾਲ ਖੜ੍ਹੇ ਹੋਵੋ, ਤੁਹਾਨੂੰ ਫਤਵਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ | ਇਹ ਫਤਵਾ ਲੋਕਾਂ ਨੇ ਘੜਤਬੁਣਤ ਵਾਲੀਆਂ ਕਹਾਣੀਆਂ ਸੁਣਨ ਲਈ ਨਹੀਂ ਸੀ ਦਿੱਤਾ | ਪੰਜਾਬ ਏਟਕ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਇਸ ਲੋਕ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਬੱਜਟ ਦਾ ਡਟ ਕੇ ਵਿਰੋਧ ਕੀਤਾ ਜਾਵੇ |

Related Articles

LEAVE A REPLY

Please enter your comment!
Please enter your name here

Latest Articles