ਮੁਹਾਲੀ (ਗੁਰਜੀਤ ਬਿਲਾ, ਕ੍ਰਿਸ਼ਨ ਗਰਗ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਮੁੱਖ ਮਸਲਿਆਂ ਦਾ ਕੋਈ ਹੱਲ ਨਾ ਕਰਨ ਲਈ ਕਰੜੀ ਨਿਖੇਧੀ ਕੀਤੀ। ਉਨ੍ਹਾ ਕਿਹਾ ਕਿ ਲੋਕਾਂ ਨੂੰ ਐੱਮ ਐੱਸ ਪੀ, ਕਿਸਾਨ ਕਰਜ਼ਾ ਮਾਫੀ ਅਤੇ ਖ਼ਾਸ ਪੈਕੇਜ ਦੀ ਉਮੀਦ ਸੀ, ਪਰ ਲੋਕਾਂ ਪੱਲੇ ਸਿਰਫ਼ ਨਿਰਾਸ਼ਾ ਹੀ ਪਈ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ ਲਗਾਤਾਰ ਪੱਖਪਾਤ ਕਰਦੀ ਆ ਰਹੀ ਹੈ, ਸੂਬੇ ਦੇ ਹੱਕੀ ਫੰਡ ਰੋਕ ਰਹੀ ਹੈ, ਕਿਸਾਨਾਂ ਦੀਆਂ ਮੰਗਾਂ ਨੂੰ ਅਣਡਿੱਠ ਕਰ ਰਹੀ ਹੈ ਅਤੇ ਸੂਬੇ ਤੋਂ ਬਾਹਰ ਜ਼ਬਤ ਕੀਤੀਆਂ ਨਸ਼ੇ ਦੀਆਂ ਵੱਡੀਆਂ ਖੇਪਾਂ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ, ਸਗੋਂ ਪੰਜਾਬ ਨੂੰ ਬਦਨਾਮ ਕਰ ਰਹੀ ਹੈ।ਉਨ੍ਹਾ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਨਸ਼ਿਆਂ ’ਤੇ ਕਾਬੂ ਪਾਉਣ, ਅਰਥ ਵਿਵਸਥਾ ਮਜ਼ਬੂਤ ਕਰਨ ਅਤੇ ਨਿਵੇਸ਼ ਆਕਰਸ਼ਿਤ ਕਰਨ ਲਈ ਢੁਕਵੇਂ ਕਦਮ ਚੁੱਕ ਰਹੀ ਹੈ। ਉਨ੍ਹਾ ਦੱਸਿਆ ਕਿ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਨੂੰ ਉਦਯੋਗ ਜਗਤ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਨਿਵੇਸ਼ਕ ਸੂਬੇ ਵਿੱਚ ਨਵੇਂ ਕਾਰੋਬਾਰੀ ਮੌਕਿਆਂ ਦੀ ਭਾਲ ਕਰ ਰਹੇ ਹਨ।ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹ ਸਿਰਫ਼ ਪੰਜਾਬੀਆਂ ਨੂੰ ਮੰਦਾ-ਚੰਗਾ ਬੋਲ ਕੇ ਚਲੇ ਗਏ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ, ਖੇਤੀ ਕਰਜ਼ਿਆਂ ਦੀ ਮੁਆਫੀ ਅਤੇ ਕਿਸਾਨਾਂ ਲਈ ਹੋਰ ਉਪਾਵਾਂ ਵਰਗੇ ਵੱਡੇ ਐਲਾਨਾਂ ਦੀ ਉਮੀਦ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੇ ਆਰ ਡੀ ਐੱਫ ਅਤੇ ਜੀ ਐੱਸ ਟੀ ਫੰਡ ਰੋਕ ਦਿੱਤੇ ਹਨ ਅਤੇ ਅਜੇ ਤੱਕ 1,600 ਕਰੋੜ ਰੁਪਏ ਦੀ ਹੜ੍ਹ ਰਾਹਤ ਰਾਸ਼ੀ ਵੀ ਜਾਰੀ ਨਹੀਂ ਕੀਤੀ ਹੈ।ਗੈਂਗਸਟਰਵਾਦ ਦਾ ਮੁੱਦਾ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਕੌਮੀ ਪੱਧਰ ’ਤੇ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਨਾਕਾਮ ਰਹੀ ਹੈ।ਪੰਜਾਬ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਭਾਜਪਾ ਸਰਕਾਰ ਨੇ ਗੁਜਰਾਤ ਜੇਲ੍ਹ ਵਿੱਚ ਪਨਾਹ ਦਿੱਤੀ ਹੋਈ ਹੈ ਅਤੇ ਉਸ ਨੂੰ ਪੰਜਾਬ ਲਿਆਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾ ਪੰਜਾਬ ਤੋਂ ਬਾਹਰ ਨਸ਼ੀਲੇ ਪਦਾਰਥਾਂ ਦੀ ਵੱਡੀ ਜ਼ਬਤੀ ਵਿਰੁੱਧ ਕਾਰਵਾਈ ਨਾ ਹੋਣ ’ਤੇ ਵੀ ਸਵਾਲ ਉਠਾਇਆ। ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਲੱਖਾਂ ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ| ਉਨ੍ਹਾ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਗੁਜਰਾਤ ਦੇ ਮੁੰਦਰਾ ਬੰਦਰਗਾਹ ’ਤੇ ਲਗਪਗ 3,000 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ, ਪਰ ਕਸੂਰਵਾਰਾਂ ਵਿਰੁੱਧ ਕੋਈ ਸਾਰਥਕ ਕਾਰਵਾਈ ਨਹੀਂ ਕੀਤੀ ਗਈ ਹੈ।ਸੂਬੇ ਵਿੱਚ ਭਾਜਪਾ ਦੀਆਂ ਸਿਆਸੀ ਇੱਛਾਵਾਂ ’ਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਮਾਨ ਨੇ ਟਿੱਪਣੀ ਕੀਤੀ ਕਿ ਪੰਜਾਬ ਵਿੱਚ ਭਾਜਪਾ ‘ਸਕੂਟਰ ਪਾਰਟੀ’ ਤੱਕ ਸੀਮਤ ਹੈ, ਜੋ 2027 ਵਿੱਚ ਕਾਂਗਰਸ ਦੀ ਮਦਦ ਨਾਲ ਸੱਤਾ ’ਤੇ ਕਾਬਜ਼ ਹੋਣ ਦਾ ਸੁਪਨਾ ਦੇਖਦੀ ਹੈ।”ਮਾਨ ਨੇ ਕਿਹਾ ਕਿ ਭਾਜਪਾ ਨੂੰ ਤਾਂ 117 ਉਮੀਦਵਾਰ ਹੀ ਨਹੀਂ ਲ¾ਭਣੇ| ਭਾਜਪਾ ਕੋਲ ਸੂਬੇ ਵਿੱਚ ਆਗੂ ਨਹੀਂ ਹਨ, ਇਸ ਲਈ ਇਹ ਸੰਭਾਵਨਾ ਹੈ ਕਿ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਚੋਣਾਂ ਲੜਨ ਲਈ ਪਾਰਟੀ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੇਗੀੇ| ਮੁੱਖ ਮੰਤਰੀ ਨੇ ਕਿਹਾ ਕਿ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਨੂੰ ਨਿਵੇਸ਼ਕਾਂ ਤੇ ਉਦਯੋਗ ਜਗਤ ਦੇ ਨਾਮੀ ਉੱਦਮੀਆਂ ਪਾਸੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੋ ਇਸ ਦਾ ਸਪੱਸ਼ਟ ਸਬੂਤ ਹੈ ਕਿ ਪੰਜਾਬ ਤੇਜ਼ੀ ਨਾਲ ਨਿਵੇਸ਼ ਤੇ ਆਰਥਿਕ ਵਿਕਾਸ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ।ਮਾਨ ਨੇ ਕਿਹਾ—ਨਿਵੇਸ਼ਕ ਸੰਮੇਲਨ ਨੂੰ ਨਿਵੇਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ, ਜੋ ਕਿ ਪੰਜਾਬ ਦੀ ਤਰੱਕੀ ਦਾ ਸਬੂਤ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਵਿਕਾਸ ਮਾਡਲ ਬਣਾਉਣ ’ਤੇ ਕੇਂਦ੍ਰਿਤ ਹੈ ਜੋ ਸੂਬੇ ਦੇ ਮਜ਼ਬੂਤ ਖੇਤੀਬਾੜੀ ਅਧਾਰ ਨੂੰ ਉਦਯੋਗਿਕ ਵਿਕਾਸ ਨਾਲ ਜੋੜਦਾ ਹੈ, ਜਿਸ ਨਾਲ ਕਿਸਾਨਾਂ ਅਤੇ ਨੌਜਵਾਨਾਂ ਲਈ ਵਧੇਰੇ ਮੌਕੇ ਯਕੀਨੀ ਬਣਦੇ ਹਨ। ਮੁੱਖ ਮੰਤਰੀ ਨੇ ਕਿਹਾ—ਸਾਡਾ ਉਦੇਸ਼ ਪੰਜਾਬ ਦੀ ਖੇਤੀਬਾੜੀ ਸ਼ਕਤੀ ਨੂੰ ਉਦਯੋਗ ਨਾਲ ਜੋੜਨਾ ਹੈ, ਤਾਂ ਜੋ ਕਿਸਾਨਾਂ ਅਤੇ ਪੰਜਾਬ ਦੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ।ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੀ ਸੰਭਾਵਨਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਹਨ।ਜੇਕਰ ਫੂਡ ਪ੍ਰੋਸੈਸਿੰਗ ਇੱਥੇ ਸਫਲ ਹੋ ਜਾਂਦੀ ਹੈ, ਤਾਂ ਇਹ ਸਾਡੇ ਕਿਸਾਨਾਂ ਦੇ ਮੁਨਾਫ਼ੇ ਵਿੱਚ ਕਾਫ਼ੀ ਵਾਧਾ ਕਰੇਗੀ।”





