ਬੁਡਾਪੈਸਟ : ਭਾਰਤ ਦੇ ਕੌਮੀ ਰਿਕਾਰਡ ਹੋਲਡਰ ਲੰਮੀ ਛਾਲ ਮਾਰਨ ਵਾਲੇ ਜੇਸਵਿਨ ਐਲਡਰਿਨ ਨੇ ਬੁੱਧਵਾਰ ਆਪਣੀ ਪਹਿਲੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ, ਪਰ ਉਸ ਦਾ ਸਾਥੀ ਮੁਰਲੀ ਸ੍ਰੀਸ਼ੰਕਰ ਕੁਆਲੀਫਿਕੇਸ਼ਨ ਦੌਰ ’ਚੋਂ ਬਾਹਰ ਹੋ ਗਿਆ। ਐਲਡਰਿਨ, ਜਿਸ ਨੇ ਮਾਰਚ ’ਚ 8.42 ਮੀਟਰ ਨਾਲ ਕੌਮੀ ਰਿਕਾਰਡ ਬਣਾਇਆ ਸੀ, ਨੇ ਪਹਿਲੀ ਕੋਸ਼ਿਸ਼ ’ਚ 8.0 ਮੀਟਰ ਦੀ ਛਾਲ ਮਾਰੀ ਅਤੇ ਅਗਲੀਆਂ ਦੋ ਛਾਲਾਂ ’ਚ ਫਾਊਲ ਕੀਤਾ। ਇਸ ਦੇ ਬਾਵਜੂਦ ਉਹ ਵੀਰਵਾਰ ਨੂੰ ਹੋਣ ਵਾਲੇ 12 ਪੁਰਸ਼ਾਂ ਦੇ ਫਾਈਨਲ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਰਿਹਾ। ਗਰੁੱਪ ਬੀ ਦੇ ਕੁਆਲੀਫਾਇੰਗ ਦੌਰ ’ਚ ਛੇਵੇਂ ਸਥਾਨ ’ਤੇ ਰਹਿਣ ਵਾਲਾ ਐਲਡਰਿਨ ਕੁੱਲ ਮਿਲਾ ਕੇ 12ਵਾਂ ਸਰਵੋਤਮ ਪ੍ਰਦਰਸ਼ਨ ਕਰਨ ਵਾਲਾ ਸੀ ਅਤੇ ਉਸ ਨੇ ਆਖਰੀ ਕੁਆਲੀਫਾਇਰ ਵਜੋਂ ਫਾਈਨਲ ’ਚ ਥਾਂ ਬਣਾਈ। ਸ੍ਰੀਸ਼ੰਕਰ ਨੇ 7.74 ਮੀਟਰ, 7.66 ਮੀਟਰ ਅਤੇ 6.70 ਮੀਟਰ ਦੀ ਛਾਲ ਮਾਰੀ।