ਸ਼ਿਮਲਾ : ਕੁੱਲੂ ਜ਼ਿਲ੍ਹੇ ਦੇ ਆਨੀ ਵਿਚ ਵੀਰਵਾਰ ਸਵੇਰੇ ਸਾਢੇ 9 ਵਜੇ ਬੱਸ ਸਟੈਂਡ ਕੋਲ 30 ਸਕਿੰਟਾਂ ਵਿਚ 7 ਇਮਾਰਤਾਂ ਡਿੱਗ ਗਈਆਂ। ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਕਿਉਕਿ ਇਨ੍ਹਾਂ ਨੂੰ ਤਿੰਨ ਦਿਨ ਪਹਿਲਾਂ ਖਾਲੀ ਕਰਵਾ ਲਿਆ ਗਿਆ ਸੀ। ਨੇੜਲੀਆਂ 2-3 ਇਮਾਰਤਾਂ ’ਤੇ ਖਤਰਾ ਬਣਿਆ ਹੋਇਆ ਸੀ। ਜਦੋਂ ਇਮਾਰਤਾਂ ਡਿੱਗੀਆਂ ਬੱਸ ਸਟੈਂਡ ਵਿਖੇ ਖੜ੍ਹੇ ਲੋਕਾਂ ਨੇ ਭੱਜ ਕੇ ਜਾਨਾਂ ਬਚਾਈਆਂ।
ਹਿਮਾਚਲ ਵਿਚ ਪਿਛਲੇ 24 ਘੰਟਿਆਂ ਵਿਚ ਭਾਰੀ ਬਾਰਸ਼ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 7 ਮੌਤਾਂ ਮੰਡੀ ਤੇ ਸ਼ਿਮਲਾ ਵਿਚ ਪਹਾੜ ਖਿਸਕਣ ਨਾਲ ਹੋਈਆਂ। ਕਈ ਘਰ ਟੁੱਟ ਗਏ ਹਨ ਤੇ 400 ਸੜਕਾਂ ਬਲਾਕ ਹੋ ਗਈਆਂ ਹਨ। ਸੂਬੇ ਵਿਚ ਅਗਲੇ ਦੋ ਦਿਨ ਭਾਰੀ ਬਾਰਸ਼ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਭਾਰੀ ਬਾਰਸ਼ ਕਾਰਨ ਕੁੱਲੂ-ਮੰਡੀ ਹਾਈਵੇਅ ਨੂੰ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਸੈਂਕੜੇ ਵਾਹਨ ਫਸ ਗਏ ਹਨ। 5-10 ਕਿਲੋਮੀਟਰ ਤੱਕ ਟ੍ਰੈਫਿਕ ਜਾਮ ਹੈ। ਲੋਕਾਂ ਕੋਲ ਖਾਣ-ਪੀਣ ਲਈ ਕੁਝ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਜਲਦੀ ਤੋਂ ਜਲਦੀ ਆਵਾਜਾਈ ਦੇ ਆਮ ਵਾਂਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਡੋਹ ਰਾਹੀਂ ਜਾਣ ਵਾਲਾ ਬਦਲਵਾਂ ਰਸਤਾ ਵੀ ਨੁਕਸਾਨਿਆ ਗਿਆ ਹੈ। ਇਸ ਲਈ ਕੁੱਲੂ ਦੀ ਐੱਸ ਪੀ ਸਾਕਸ਼ੀ ਵਰਮਾ ਨੇ ਕਿਹਾ ਕਿ ਆਵਾਜਾਈ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।