ਜਲੰਧਰ (ਕੇਸਰ)-ਉੱਘੇ ਪੱਤਰਕਾਰ, ਪੰਜਾਬੀ ਦੇ ਪ੍ਰਸਿੱਧ ਲੇਖਕ, ਕਹਾਣੀਕਾਰ ਤੇ ਨਾਵਲਕਾਰ ਦੇਸ ਰਾਜ ਕਾਲੀ ਦਾ ਐਤਵਾਰ ਤੜਕਸਾਰ ਦੇਹਾਂਤ ਹੋ ਗਿਆ। ਉਨ੍ਹਾ ਚੰਡੀਗੜ੍ਹ ਦੇ ਪੀ ਜੀ ਆਈ ’ਚ ਆਖਰੀ ਸਾਹ ਲਏ। ਉਹ ਪਿਛਲੇ ਕਰੀਬ ਦੋ ਮਹੀਨੇ ਤੋਂ ਲਿਵਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਇਸੇ ਬਿਮਾਰੀ ਤਹਿਤ ਪਿਛਲੀ ਰਾਤ ਉਨ੍ਹਾ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਲੰਧਰ ਦੇ ਹਸਪਤਾਲ ’ਚ ਜੇਰੇ ਇਲਾਜ਼ ਉਪਰੰਤ ਉਨ੍ਹਾ ਨੂੰ ਕੱਲ੍ਹ ਪੀ ਜੀ ਆਈ ਚੰਡੀਗੜ੍ਹ ਲਿਜਾਇਆ ਗਿਆ, ਜਿਥੇ ਉਨ੍ਹਾ ਦਮ ਤੋੜ ਦਿੱਤਾ। ਉਹ ਪੰਜਾਬੀ ਭਾਸ਼ਾ ਦੇ ਚਿੰਤਕ ਸਨ। ਉਨ੍ਹਾ ‘ਨਵਾਂ ਜ਼ਮਾਨਾ’ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਹ 52 ਵਰ੍ਹਿਆਂ ਦੇ ਸਨ। ਗੁਰਬਖ਼ਸ਼ ਸਿੰਘ ਬੰਨੋਆਣਾ, ਕਾਮਰੇਡ ਚੈਨ ਸਿੰਘ ਚੈਨ ਅਤੇ ਕਾਮਰੇਡ ਨੌਨਿਹਾਲ ਸਿੰਘ ਦੀ ਰਹਿਨੁਮਾਈ ਹੇਠ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਛਪਦੇ ਮੈਗਜ਼ੀਨ ‘ਵਿਰਸਾ’ ਦੇ ਸੰਪਾਦਕੀ ਬੋਰਡ ਦੇ ਮੈਂਬਰ ਰਹਿੰਦਿਆਂ ਉਨ੍ਹਾ ਗ਼ਦਰ ਲਹਿਰ ਬਾਰੇ ਨਿੱਠ ਕੇ ਕੰਮ ਕਰਦਿਆਂ ਗਦਰ ਇਤਿਹਾਸ ਬਾਰੇ ਖੋਜ ਭਰਪੂਰ ਲਿਖਦਿਆਂ ਆਪਣਾ ਅਮੁੱਲਾ ਯੋਗਦਾਨ ਪਾਇਆ। ਦੇਸ ਰਾਜ ਕਾਲੀ ਨੇ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਸੰਪਾਦਨਾ ਹੇਠ ਛਪਦੇ ਰੋਜ਼ਾਨਾ ‘ਨਵਾਂ ਜ਼ਮਾਨਾ’ ਤੋਂ ਆਪਣੀ ਪੱਤਰਕਾਰੀ ਦਾ ਸਫ਼ਰ ਸ਼ੁਰੂ ਕੀਤਾ। ਉਪਰੰਤ ਉਨ੍ਹਾ ‘ਦੈਨਿਕ ਭਾਸਕਰ’ ਅਖਬਾਰ ’ਚ ਲੰਮਾ ਸਮਾਂ ਕੰਮ ਕੀਤਾ। ਉਪਰੋਕਤ ਤੋਂ ਇਲਾਵਾ ਉਹ ਪੰਜਾਬੀ ਤੇ ਹਿੰਦੀ ਦੀਆਂ ਹੋਰ ਅਖਬਾਰਾਂ ’ਚ ਵੀ ਬਤੌਰ ਪੱਤਰਕਾਰ ਕੰਮ ਕਰਦੇ ਰਹੇ। ਸੋਸ਼ਲ ਮੀਡੀਏ ਦੇ ਦੌਰ ਵਿਚ ਉਨ੍ਹਾ ਵੈੱਬ ਚੈਨਲ ਰਾਹੀਂ ਬੇਬਾਕੀ ਨਾਲ ਆਪਣੀ ਕਲਾ-ਕੌਸ਼ਲਤਾ ਨਾਲ ਗੱਲ ਰੱਖਦਿਆਂ ਯੂਥ ਨੂੰ ਆਪਣੇ ਵੱਲ ਆਕਰਸ਼ਤ ਕੀਤਾ। ਇਸੇ ਦੌਰਾਨ ਉਨ੍ਹਾ ਪੰਜਾਬੀ ਲਿਟਰੇਚਰ ਨੂੰ ਕਈ ਸ਼ਾਨਦਾਰ ਕਿਤਾਬਾਂ ਦਿੱਤੀਆਂ। ਉਨ੍ਹਾ ਦੀ ਕਹਾਣੀਆਂ ਦੀ ਪਲੇਠੀ ਪੁਸਤਕ ‘ਕੱਥਕਾਲੀ’ ਨਾਂਅ ਹੇਠ ਨੱਬੇਵਿਆਂ ਦੇ ਦਹਾਕੇ ਵਿਚ ਛਪੀ। ਇਸ ਤੋਂ ਇਲਾਵਾ ‘ਤਸੀਹੇ ਕਦੇ ਬੁੱਢੇ ਨਹੀਂ ਹੁੰਦੇ’, ‘ਚਾਨਣ ਦੀ ਲੀਕ’, ‘ਫਕੀਰੀ’, ‘ਚੁੱਪ ਕੀਤੇ’, ‘ਯਹਾਂ ਚਾਏ ਅੱਛੀ ਨਹੀਂ ਬਣਤੀ’ ਆਦਿ ਕਹਾਣੀਆਂ ਦੀਆਂ ਕਿਤਾਬਾਂ ਸ਼ਾਮਲ ਹਨ। ਕਹਾਣੀਆਂ ਦੀਆਂ ਕਿਤਾਬਾਂ ਤੋਂ ਇਲਾਵਾ ਉਨ੍ਹਾ ਪਰਣੇਸ਼ਵਰੀ, ਅੰਤਹੀਣ, ਪ੍ਰਥਮ ਪੌਰਾਣ, ਸ਼ਾਂਤੀ ਪਰਵ, ਠੁਮਰੀ, ਆਦਿ ਨਾਵਲ ਵੀ ਪਾਠਕਾਂ ਦੀ ਝੋਲੀ ਪਾਏ। ਪਰਣੇਸ਼ਵਰੀ ਉਨ੍ਹਾ ਦਾ ਪਲੇਠਾ ਨਾਵਲ ਸੀ। ਆਪਣੀਆਂ ਲਿਖਤਾਂ ਵਿੱਚ ਉਹ ਹਾਸ਼ੀਏ ’ਤੇ ਬੈਠੇ ਲੋਕਾਂ ਦੀ ਵੇਦਨਾ ਦੀ ਬਾਤ ਪਾਉਂਦੇ ਸਨ। ਉਨ੍ਹਾ ਦੀ ਮੌਤ ਨਾਲ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾ ਦੇ ਪੁੱਤਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾ ਦਾ ਅੰਤਮ ਸੰਸਕਾਰ 29 ਅਗਸਤ (ਮੰਗਲਵਾਰ) ਬਾਅਦ ਦੁਪਹਿਰ 1 ਵਜੇ ਹਰਨਾਮਦਾਸਪੁਰਾ, ਕਪੂਰਥਲਾ ਚੌਕ, ਜਲੰਧਰ ਵਿਖੇ ਕੀਤਾ ਜਾਵੇਗਾ। ‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਵੱਲੋਂ ਵੀ ਦੇਸ ਰਾਜ ਕਾਲੀ ਦੇ ਅਚਾਨਕ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜੰਗਲ ਦੀ ਅੱਗ ਵਾਂਗ ਫੈਲੇ ਦੇਸ ਰਾਜ ਕਾਲੀ ਦੇ ਅਚਨਚੇਤ ਹਿਰਦੇਵੇਦਕ ਵਿਛੋੜੇ ਕਾਰਨ ਦੇਸ਼ ਭਗਤ ਯਾਦਗਾਰ ਹਾਲ ਅੰਦਰ ਅੱਜ ਸੂਰਜ ਦੀ ਟਿੱਕੀ ਚੜ੍ਹਦਿਆਂ ਹੀ ਉਦਾਸੀ ਛਾ ਗਈ। ਉਹਨਾ ਦੀ ਮਿ੍ਰਤਕ ਦੇਹ ਪੀ ਜੀ ਆਈ ਹਸਪਤਾਲ ਚੰਡੀਗੜ੍ਹ ਵਿਖੇ ਅਦਬ ਸਹਿਤ ਸੰਭਾਲ ਘਰ ’ਚ ਸੰਭਾਲ ਕੇ ਰੱਖੀ ਗਈ ਹੈ। ਕਮੇਟੀ ਆਗੂਆਂ ਕਿਹਾ ਕਿ ਦੇਸ ਰਾਜ ਕਾਲੀ ਨੇ ਅੱਧੀ ਦਰਜਨ ਦੇ ਕਰੀਬ ਕਿਤਾਬਾਂ ਦੀ ਸਿਰਜਣਾ ਅਤੇ ਸੰਪਾਦਨਾ ਕੀਤੀ। ਕਮੇਟੀ ਦੀ ਪੱਤਿ੍ਰਕਾ ‘ਵਿਰਸਾ’ ’ਚ ਸੇਵਾਵਾਂ ਨਿਭਾਈਆਂ। ਗਦਰੀ ਬਾਬਿਆਂ ਦਾ ਮੇਲਾ ਹੋਵੇ, ਦੇਸ਼ ਭਗਤ ਯਾਦਗਾਰ ਕਮੇਟੀ ਦੀਆਂ ਸਰਗਰਮੀਆਂ ਹੋਣ ਜਾਂ ਲੋਕਾਂ ਉਪਰ ਮਾਰੂ ਹੱਲੇ ਹੋਣ, ਦੇਸ ਰਾਜ ਕਾਲੀ ਸਭ ਤੋਂ ਅਗਲੀ ਕਤਾਰ ਵਿਚ ਖੜ੍ਹ ਕੇ ਵਿਰੋਧ ਪ੍ਰਦਰਸ਼ਨਾਂ ਅਤੇ ਹੋਰ ਸਰਗਰਮੀਆਂ ਦੀ ਅਗਵਾਈ ਕਰਦੇ ਆ ਰਹੇ ਸਨ।
ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਡਾ. ਸੈਲੇਸ਼, ਡਾ. ਤੇਜਿੰਦਰ ਵਿਰਲੀ, ਰਣਜੀਤ ਸਿੰਘ ਔਲਖ, ਹਰਮੇਸ਼ ਮਾਲੜੀ, ਹਰਵਿੰਦਰ ਭੰਡਾਲ, ਮੰਗਤ ਰਾਮ ਪਾਸਲਾ, ਵਿਜੈ ਬੰਬੇਲੀ, ਦੇਵ ਰਾਜ ਨਈਅਰ, ਐਡਵੋਕੇਟ ਰਾਜਿੰਦਰ ਮੰਡ, ਕਵੀ ਹਰਮੀਤ ਵਿਦਿਆਰਥੀ, ਪੁਸ਼ਕਰ, ਕੁਲਵੰਤ ਕਾਕਾ, ਰਾਮ ਜੀ, ਰਤਨ, ਰਾਜੂ, ਭੂਵਨ ਜੋਸ਼ੀ ਤੇ ਰਵੀ ਨੇ ਦੇਸ ਰਾਜ ਕਾਲੀ ਨੂੰ ਭਰੇ ਮਨ ਨਾਲ ਯਾਦ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਅਤੇ ਕਾਮਿਆਂ ਨੇ ਦੇਸ ਰਾਜ ਕਾਲੀ ਦਾ ਵਿਛੋੜਾ ਐਨਾ ਮਨ ਲਾਇਆ ਕਿ ਹਾਲ ਅੰਦਰ ਉਦਾਸੀ ਦਾ ਆਲਮ ਐਨਾ ਪਸਰ ਗਿਆ ਕਿ ਦੇਸ ਰਾਜ ਕਾਲੀ ਨੂੰ ਪਿਆਰ ਕਰਨ ਵਾਲੇ ਭੁੱਬਾਂ ਮਾਰ ਕੇ ਰੋਂਦੇ ਰਹੇ। ਉਪਰੰਤ ਅਨੇਕਾਂ ਸੰਸਥਾਵਾਂ ਤੇ ਬੁੱਧੀਜੀਵੀਆਂ ਮੱਖਣ ਮਾਨ, ਤਸਕੀਨ, ਪਰਮਜੀਤ ਸਿੰਘ, ਸੁਰਜੀਤ ਜੱਜ, ਹਰਮੀਤ ਵਿਦਿਆਰਥੀ, ਸ਼ਬਦੀਸ਼, ਸੁਸ਼ੀਲ ਦੁਸਾਂਝ, ਅਨੀਤਾ ਸ਼ਬਦੀਸ਼, ਹਰਬੀਰ ਕੌਰ ਬੰਨੋਆਣਾ, ਡਾ. ਸੁਮੇਲ ਸਿੰਘ ਸਿੱਧੂ, ਡਾ. ਸੁਰਿੰਦਰ ਸਿੰਘ ਸਿੱਧੂ, ਡਾ. ਜਗਵਿੰਦਰ ਸਿੰਘ ਜੋਧਾ ਤੋਂ ਇਲਾਵਾ ਕੈਨੇਡਾ ਤੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਕਮੇਟੀ ਮੈਂਬਰ ਪ੍ਰੋ. ਗੋਪਾਲ ਸਿੰਘ ਬੁੱਟਰ, ਬਲਬੀਰ ਪਰਵਾਨਾ ਅਤੇ ਉਘੀ ਪੱਤਰਕਾਰ ਨਵਜੋਤ ਢਿੱਲੋਂ ਆਦਿ ਤੋਂ ਇਲਾਵਾ ਪੰਜਾਬ ਭਰ ਤੋਂ ਅਨੇਕਾਂ ਦੋਸਤਾਂ, ਮਿੱਤਰਾਂ ਨੇ ਦੇਸ ਰਾਜ ਕਾਲੀ ਦੇ ਪਰਵਾਰ ਨਾਲ ਆਪਣਾ ਸਨੇਹ ਭਰਿਆ ਦੁੱਖ ਪ੍ਰਗਟ ਕੀਤਾ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਦੇਸ ਰਾਜ ਕਾਲੀ ਪੰਜਾਬੀ ਦੇ ਚਰਚਿਤ ਗਲਪਕਾਰ ਤੇ ਸੰਤ ਸਾਹਿਤ ਦੇ ਸੰਜੀਦਾ ਵਿਸ਼ਲੇਸ਼ਕ ਸਨ, ਉਹਨਾ ਦਾ ਬੇਵਕਤ ਤੁਰ ਜਾਣਾ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰਕ ਮੁਹਾਜ਼ ਲਈ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਉਨ੍ਹਾ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਮੁੱਚੀ ਕਾਰਜਕਾਰਨੀ ਦੇਸ ਰਾਜ ਕਾਲੀ ਦੇ ਪਰਵਾਰ ਅਤੇ ਸਨੇਹੀਆਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ।
ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)-ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ, ਕੇਵਲ ਧਾਲੀਵਾਲ, ਹਰਜੀਤ ਸੰਧੂ ਅਤੇ ਮਨਮੋਹਨ ਸਿੰਘ ਢਿੱਲੋਂ ਨੇ ਅਫਸੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਦੇਸ ਰਾਜ ਕਾਲੀ ਪੰਜਾਬੀ ਭਾਸ਼ਾ ਦੇ ਮਹਾਨ ਚਿੰਤਕ ਸਨ। ਉਨ੍ਹਾ ਇਨਕਲਾਬੀ ਅਖ਼ਬਾਰ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਹਨਾ ਦੇ ਬੇਵਕਤੀ ਤੁਰ ਜਾਣ ’ਤੇ ਸ਼ਾਇਰ ਮਲਵਿੰਦਰ, ਡਾ. ਮੋਹਨ, ਸ਼ੇਲਿੰਦਰਜੀਤ ਸਿੰਘ ਰਾਜਨ, ਮੁਖਤਾਰ ਗਿੱਲ, ਸਰਬਜੀਤ ਸੰਧੂ, ਸੁਮੀਤ ਸਿੰਘ, ਕੁਲਵੰਤ ਸਿੰਘ ਅਣਖੀ, ਜਗਦੀਸ਼ ਸਚਦੇਵਾ, ਜਗਤਾਰ ਗਿੱਲ, ਜਸਵੰਤ ਧਾਪ, ਬਲਜਿੰਦਰ ਮਾਂਗਟ ਅਤੇ ਮੋਹਿਤ ਸਹਿਦੇਵ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਬਿ੍ਰਸਬੇਨ-ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬਿ੍ਰਸਬੇਨ ਵੱਲੋਂ ਹਰਮਨਦੀਪ ਗਿੱਲ ਨੇ ਜਿੰਦਾਦਿਲ ਇਨਸਾਨ ਲੇਖਕ ਦੇਸ ਰਾਜ ਕਾਲੀ ਦੇ ਅਚਾਨਕ ਤੁਰ ਜਾਣ ’ਤੇ ਦੁੱਖ ਪ੍ਰਗਟ ਕੀਤਾ। ਇਸ ਸਮੇਂ ਪਰਮਿੰਦਰ ਸਿੰਘ, ਰਿਤੂ ਅਹੀਰ, ਵਰਿੰਦਰ ਅਲੀਸ਼ੇਰ, ਇਕਬਾਲ ਧਾਮੀ, ਗੁਰਜਿੰਦਰ ਸੰਧੂ, ਨਿਰਮਲ ਦਿਉਲ, ਬਲਵਿੰਦਰ ਮੋਰੋਂ, ਜਸਵੰਤ ਵਾਗਲਾ, ਜਸਕਰਨ ਆਦਿ ਮੈਬਰ ਹਾਜ਼ਰ ਸਨ।





