ਲਖਨਊ : ਮੋਦੀ ਸਰਕਾਰ ’ਚ ਕੇਂਦਰੀ ਮੰਤਰੀ ਕੌਸਲ ਕਿਸ਼ੋਰ ਦੇ ਲਖਨਊ ਸਥਿਤ ਘਰ ’ਚ ਇੱਕ ਨੌਜਵਾਨ ਦੀ ਹੱਤਿਆ ਹੋਈ ਹੈ। ਨੌਜਵਾਨ ਦਾ ਖੂਨ ਨਾਲ ਲੱਥਪੱਥ ਮਿ੍ਰਤਕ ਸਰੀਰ ਬੈੱਡ ਕੋਲ ਮਿਲਿਆ। ਉਸ ਦੇ ਸਿਰ ’ਚ ਗੋਲੀ ਮਾਰੀ ਗਈ ਹੈ। ਘਟਨਾ ਨੂੰ ਮੰਤਰੀ ਦੇ ਬੇਟੇ ਵਿਕਾਸ ਉਰਫ਼ ਆਸ਼ੂ ਦੀ ਲਾਇਸੰਸ ਪਿਸਟਲ ਨਾਲ ਅੰਜਾਮ ਦਿੱਤਾ ਗਿਆ। ਲਾਸ਼ ਦੇ ਕੋਲੋਂ ਪੁਲਸ ਨੇ ਪਿਸਟਲ ਬਰਾਮਦ ਕਰ ਲਈ ਹੈ। ਮਿ੍ਰਤਕ ਦੀ ਪਛਾਣ ਵਿਨੈ ਸ੍ਰੀਵਾਸਤਜ (30) ਦੇ ਤੌਰ ’ਤੇ ਹੋਈ ਹੈ। ਉਹ ਮੰਤਰੀ ਦੇ ਪੁੱਤਰ ਵਿਕਾਸ ਉਰਫ਼ ਆਸ਼ੂ ਦਾ ਦੋਸਤ ਸੀ। ਜਿਸ ਘਰ ’ਚ ਘਟਨਾ ਹੋਈ ਉਸ ਘਰ ’ਚ ਮੰਤਰੀ ਦਾ ਬੇਟਾ ਵਿਕਾਸ ਰਹਿੰਦਾ ਸੀ। ਘਟਨਾ ਤੋਂ ਬਾਅਦ ਮੰਤਰੀ ਨੇ ਸਫਾਈ ਦਿੱਤੀ ਕਿ ਘਟਨਾ ਸਮੇਂ ਉਸ ਦਾ ਬੇਟਾ ਵਿਨੈ ਦੇ ਨਾਲ ਨਹੀਂ ਸੀ। ਇਹ ਘਟਨਾ ਸ਼ੁੱਕਰਵਾਰ ਸਵੇਰੇ ਲਖਨਊ ਦੇ ਠਾਕੁਰਗੰਜ ਇਲਾਕੇ ਦੇ ਬੇਗਾਰੀਆ ਪਿੰਡ ’ਚ ਵਾਪਰੀ ਅਤੇ ਗੁਆਂਢੀਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੋਂ ਮੰਤਰੀ ਦੇ ਪੁੱਤਰ ਦਾ ਲਾਇਸੈਂਸੀ ਪਿਸਤੌਲ ਮਿਲਿਆ ਹੈ। ਫੋਰੈਂਸਿਕ ਮਾਹਿਰਾਂ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਟੀਮ ਮੌਕੇ ’ਤੇ ਪੁੱਜੀ ਤੇ ਚਾਰ ਵਿਅਕਤੀਆਂ ਨੂੰ ਪੁੱਛ ਪੜਤਾਲ ਲਈ ਹਿਰਾਸਤ ’ਚ ਲਿਆ ਗਿਆ ਹੈ। ਕੌਸਲ ਕਿਸ਼ੋਰ ਦੇ ਦੂਜੇ ਬੇਟੇ ਆਕਾਸ਼ ਦੀ 2020 ’ਚ ਸ਼ਰਾਬ ਅਤੇ ਨਸ਼ੇ ਕਾਰਨ ਮੌਤ ਹੋ ਗਈ ਸੀ। ਮਿ੍ਰਤਕ ਦੇ ਭਰਾ ਨੇ ਦੱਸਿਆ ਕਿ ਜ਼ਿਆਦਾਤਰ ਸਮੇਂ ਵਿਨੈ ਮੰਤਰੀ ਦੇ ਬੇਟੇ ਵਿਕਾਸ ਨਾਲ ਹੀ ਰਹਿੰਦਾ ਸੀ। ਕਿਹਾ, ‘ਮੇਰੇ ਭਰਾ ਦੀ ਸਾਜਿਸ਼ ਦੇ ਤਹਿਤ ਮਾਰਿਆ ਗਿਆ। ਉਸ ਨੇ ਕਿਹਾ ਕਿ ਮੰਤਰੀ ਦਾ ਬੇਟਾ ਹਮੇਸ਼ਾ ਕਿਤੇ ਜਾਂਦਾ ਤਾਂ ਪਿਸਟਲ ਲੈ ਕੇ ਜਾਂਦਾ ਸੀ। ਕੱਲ੍ਹ ਕਿਉਂ ਨਹੀਂ ਲੈ ਕੇ ਗਿਆ। ਦਿੱਲੀ ਜਾਂਦੇ ਸਨ ਤਾਂ ਭਰਾ ਨੂੰ ਨਾਲ ਲੈ ਕੇ ਜਾਂਦੇ ਸਨ, ਕੱਲ੍ਹ ਕਿਉਂ ਨਹੀਂ ਲੈ ਕੇ ਗਿਆ?’ ਉਥੇ ਹੀ ਮੰਤਰੀ ਕੌਸ਼ਲ ਕਿਸ਼ੋਰ ਨੇ ਹੱਤਿਆ ’ਚ ਕਿਸੇ ਵੀ ਸਾਜਿਸ਼ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਬੇਟਾ ਫਲਾਇਟ ਰਾਹੀਂ ਦਿੱਲੀ ਗਿਆ ਸੀ। ਦੂਜੇ ਸੂਬੇ ’ਚ ਲਾਇਸੰਸ ਮਾਨਤਾ ਨਾ ਹੋਣ ਕਾਰਨ ਪਿਸਟਲ ਘਰ ਛੱਡ ਗਿਆ ਸੀ।




