ਮਾਨਸਾ (ਰੀਤਵਾਲ)-ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੇ ਇੱਕ ਗਰੀਬ ਅੱਗਰਵਾਲ ਸਮਾਜ ਦੇ ਪੂਰੇ ਪਰਵਾਰ ਨੇ ਕਰਜ਼ ਤੋਂ ਪਰੇਸ਼ਾਨ ਹੋ ਕੇ ਇਕੱਠਿਆਂ ਨਹਿਰ ‘ਚ ਛਲਾਂਗ ਲਗਾ ਦਿੱਤੀ ਤੇ ਖੁਦਕੁਸ਼ੀ ਕਰ ਲਈ | ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮੌਕੇ ਤੋਂ ਦੋ ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਦੋਂ ਕਿ ਪਰਵਾਰ ਦੇ ਮੁਖੀ ਸੁਰੇਸ਼ ਕੁਮਾਰ ਦੀ ਲਾਸ਼ ਹਾਲੇ ਨਹੀਂ ਮਿਲੀ | ਮਿ੍ਤਕ ਦੀ ਜੇਬ ‘ਚੋਂ ਇੱਕ ਸੁਸਾਇਡ ਨੋਟ ਮਿਲਿਆ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ | ਜਾਣਕਾਰੀ ਅਨੁਸਾਰ ਅਗਰਵਾਲ ਸਮਾਜ ਨਾਲ ਸੰਬੰਧਤ ਤੇ ਗਰੀਬ ਪਰਵਾਰ ਦੇ ਠੂਠਿਆਂਵਾਲੀ ਪਿੰਡ ਦੇ ਨਿਵਾਸੀ ਸੁਰੇਸ਼ ਕੁਮਾਰ ਨੇ ਕੁੱਝ ਸਮਾਂ ਪਹਿਲਾਂ ਸ਼ਹਿਰ ਦੇ ਇੱਕ ਵਿਅਕਤੀ ਤੋਂ ਆਪਣੇ ਕੰਮਕਾਜ ਲਈ ਦਸ ਹਜ਼ਾਰ ਰੁਪਏ ਉਧਾਰ ਲਏ ਸਨ ਤੇ ਉਸ ਵਿਅਕਤੀ ਨੂੰ ਇੱਕ ਖਾਲੀ ਚੈੱਕ ਅਮਾਨਤ ਦੇ ਰੂਪ ਵਿੱਚ ਦਿੱਤਾ ਸੀ, ਹੁਣ ਉਸ ਵਿਅਕਤੀ ਨੇ ਇਸ ਪਰਵਾਰ ਨੂੰ ਤੰਗ-ਪਰੇਸ਼ਾਨ ਕਰਦਿਆਂ ਕਰਜ਼ਾ ਵਸੂਲੀ ਲਈ ਚਾਰ ਲੱਖ ਰੁਪਏ ਦੀ ਰਾਸ਼ੀ ਭਰ ਕੇ ਚੈੱਕ ਬੈਂਕ ‘ਚ ਲਗਾ ਦਿੱਤਾ ਤੇ ਮਾਮਲਾ ਅਦਾਲਤ ‘ਚ ਚਲਾ ਗਿਆ ਸੀ, ਜਿਸ ਤੋਂ ਪਰੇਸ਼ਾਨ ਉਕਤ ਪੂਰੇ ਪਰਵਾਰ ਨੇ ਇਹ ਕਦਮ ਉਠਾਇਆ ਹੈ ਅਤੇ ਪਰਵਾਰ ਦਾ ਮੁਖੀ ਸੁਰੇਸ਼ ਕੁਮਾਰ (36), ਉਸ ਦੀ ਪਤਨੀ ਕਾਜਲ (34) ਤੇ ਉਹਨਾਂ ਦਾ ਬੇਟਾ ਹਰਸ਼ (10) ਨੇ ਨਹਿਰ ‘ਚ ਛਲਾਂਗ ਲਗਾ ਦਿੱਤੀ |