ਇਸਲਾਮਾਬਾਦ : ਪਾਕਿਸਤਾਨ ’ਚ ਵਧਦੀ ਮਹਿੰਗਾਈ ਅਤੇ ਬਿਜਲੀ ਬਿੱਲਾਂ ਖਿਲਾਫ਼ ਵਪਾਰੀ ਸੜਕਾਂ ’ਤੇ ਉਤਰ ਆਏ। ਲਾਹੌਰ, ਕਰਾਚੀ ਅਤੇ ਪੇਸ਼ਾਵਰ ਤੋਂ ਲੈ ਕੇ ਦੇਸ਼ ਭਰ ’ਚ ਦੁਕਾਨਾਂ ਬੰਦ ਰਹੀਆਂ। ਇਸ ਬੰਦ ਦਾ ਸੱਦਾ ਜਮਾਤ ਏ ਇਸਲਾਮੀ ਦੇ ਨੇਤਾ ਮਿਸਰਾਜ ਉਲ ਹੱਕ ਨੇ ਦਿੱਤਾ ਸੀ। ਮਹਿੰਗਾਈ ਅਤੇ ਬਿਜਲੀ ਬਿੱਲਾਂ ਦੇ ਮੁੱਦਿਆਂ ’ਤੇ ਹੋ ਰਹੇ ਹੰਗਾਮੇ ਵਿਚਾਲੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੂਲ ਹੱਕ ਨੇ ਕੀਨੀਆ ਦਾ ਦੌਰਾ ਰੱਦਾ ਕਰ ਦਿੱਤਾ। ਕਰਾਚੀ ’ਚ ਤਾਜਿਰ ਐਕਸ਼ਨ ਕਮੇਟੀ ਨੇ ਸ਼ੁੱਕਰਵਾਰ ਬਿਜਲੀ ਬਿੱਲ ਘੱਟ ਕਰਨ ਲਈ ਸਰਕਾਰ ਨੂੰ 72 ਘੰਟਿਆਂ ਦਾ ਸਮਾਂ ਦਿੱਤਾ। ਕਮੇਟੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਤਰ੍ਹਾਂ ਨਾ ਕੀਤਾ ਤਾਂ ਉਹ 10 ਦਿਨ ਦੀ ਹੜਤਾਲ ਕਰਨਗੇ।
ਕਰਾਚੀ ਦੇ ਇੱਕ ਵਪਾਰੀ ਨੇ ਕਿਹਾਅਸੀਂ ਆਪਣੀ ਦੁਕਾਨ ਬੰਦ ਰੱਖੀ ਹੈ, ਤਾਂ ਕਿ ਸੱਤਾ ’ਚ ਬੈਠੇ ਤਬਕੇ ਤੱਕ ਸਾਡਾ ਸੰਦੇਸ਼ ਪਹੁੰਚੇ। ਜੇਕਰ ਉਨ੍ਹਾਂ ਸਾਡੀ ਤਕਲੀਫ਼ ਨਾ ਸਮਝੀ ਤਾਂ ਅਸੀਂ ਦੂਜੇ ਤਰੀਕੇ ਅਪਣਾਵਾਂਗੇ। ਦੁਕਾਨ ਮਾਲਕ ਨੇ ਕਿਹਾ ਕਿ ਮੈਂ ਇੱਕ ਲੱਖ ਰੁਪਏ ਕਿਰਾਇਆ ਦੇਵਾਂਗਾ ਅਤੇ ਓਨਾ ਹੀ ਮੇਰਾ ਬਿਜਲੀ ਦਾ ਬਿੱਲ ਵੀ ਆਵੇਗਾ ਤਾਂ ਮੇਰਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ? ਪਾਕਿਸਤਾਨ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਗਸਤ ਦੇ ਅੰਤ ਤੱਕ ਮਹਿੰਗਾਈ 27.4 ਫੀਸਦੀ ’ਤੇ ਪਹੁੰਚ ਗਈ ਹੈ। ਇੱਕ ਲੀਟਰ ਪੈਟਰੋਲ ਦੀ ਕੀਮਤ 300 ਰੁਪਏ ਹੈ। ਕਾਰਜਕਾਰੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਬਿੱਲ ਭਰਨਾ ਹੀ ਪਵੇਗਾ। ਇਸ ਦੇ ਸਿਵਾਏ ਉਨ੍ਹਾ ਕੋਲ ਕੋਈ ਦੂਜਾ ਵਿਕਲਪ ਨਹੀਂ। ਉਹਨਾ ਕਿਹਾ ਕਿ ਅਸੀਂ ਲੋਕਾਂ ਨੂੰ ਸਬਸਿਡੀ ਦੇ ਕੇ ਭਵਿੱਖ ਲਈ ਪ੍ਰੇਸ਼ਾਨੀਆਂ ਖੜੀਆਂ ਨਹੀਂ ਕਰ ਸਕਦੇ।



