17.9 C
Jalandhar
Friday, November 22, 2024
spot_img

ਏ ਆਈ ਐੱਸ ਐੱਫ ਪੰਜਾਬ ਦਾ 29ਵਾਂ ਡੈਲੀਗੇਟ ਅਜਲਾਸ ਪਟਿਆਲਾ ਵਿਖੇ ਸਫਲਤਾਪੂਰਵਕ ਸੰਪੰਨ

ਪਿ੍ਰਤਪਾਲ ਸਿੰਘ ਸੂਬਾ ਸਕੱਤਰ (ਜਨਰਲ) ਤੇ ਰਮਨ ਧਰਮੂਵਾਲਾ ਸੂਬਾ ਪ੍ਰਧਾਨ ਚੁਣੇ
ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ 29ਵਾਂ ਸੂਬਾਈ ਡੈਲੀਗੇਟ ਅਜਲਾਸ ਪਟਿਆਲਾ ਦੇ ਪ੍ਰਭਾਤ-ਪਰਵਾਨਾ ਟਰੇਡ ਯੂਨੀਅਨ ਸੈਂਟਰ ਵਿਖੇ ‘ਡਾ. ਰਵਿੰਦਰ ਸਿੰਘ ਰਵੀ’ ਨੂੰ ਸਮਰਪਤ ਹਾਲ ਵਿੱਚ 3 ਅਤੇ 4 ਸਤੰਬਰ ਨੂੰ ਸਫਲਤਾਪੂਰਵਕ ਸੰਪੰਨ ਹੋਇਆ। ਇਸ ਡੈਲੀਗੇਟ ਅਜਲਾਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਲਵਪ੍ਰੀਤ ਮਾੜੀਮੇਘਾ, ਸੀਨੀਅਰ ਆਗੂ ਅਤੇ ਸਾਬਕਾ ਕੌਮੀ ਗਰਲਜ਼ ਕਨਵੀਨਰ ਕਰਮਵੀਰ ਕੌਰ ਬੱਧਨੀ, ਪਿ੍ਰਤਪਾਲ ਸਿੰਘ, ਸੁਖਵਿੰਦਰ ਮਲੋਟ ਅਤੇ ਸੂਬਾ ਗਰਲਜ਼ ਕਨਵੀਨਰ ਨੀਤੂ ਕੰਬੋਜ ਅਤੇ ਰਮਨ ਧਰਮੂਵਾਲਾ ਨੇ ਕੀਤੀ। ਅਜਲਾਸ ਦੇ ਪਹਿਲੇ ਦਿਨ ਏ ਆਈ ਐੱਸ ਐੱਫ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਹੇਸਰੀ ਨੇ ਝੰਡਾ ਲਹਿਰਾਇਆ। ਸੀਨੀਅਰ ਵਕੀਲ ਅਤੇ ਜਥੇਬੰਦੀ ਦੇ ਸਾਬਕਾ ਆਗੂ ਅਤੇ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਜਲੰਧਰ ਦੇ ਮੌਜੂਦਾ ਸਕੱਤਰ ਗੁਰਮੀਤ ਸਿੰਘ ਸ਼ੁਗਲੀ ਨੇ ਅਜਲਾਸ ਦਾ ਉਦਘਾਟਨ ਕੀਤਾ। ਉਹਨਾ ਜਥੇਬੰਦੀ ਨੂੰ ਅਜਲਾਸ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਜਥੇਬੰਦੀ ਦੇ ਸ਼ਾਨਦਾਰ ਇਤਿਹਾਸ ਤੋਂ ਸੇਧ ਲੈ ਕੇ ਭਵਿੱਖੀ ਗਤੀਵਿਧੀਆਂ ਉਲੀਕਣ ਲਈ ਗੁਰ ਸਿੱਖਣ ਲਈ ਪ੍ਰੇਰਿਆ।
ਅਜਲਾਸ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਜਥੇਬੰਦੀ ਦੇ ਸਾਬਕਾ ਕੌਮੀ ਪ੍ਰਧਾਨ ਬੰਤ ਸਿੰਘ ਬਰਾੜ ਨੇ ਜਥੇਬੰਦੀ ਦੇ ਉਹਨਾਂ ਦਿਨਾਂ ਨਾਲ ਡੈਲੀਗੇਟਾਂ ਦੀ ਸਾਂਝ ਪਵਾਈ, ਜਦੋਂ ਉਹਨਾ ਇਸ ਜਥੇਬੰਦੀ ਦੀ ਆਗੂ ਭੂਮਿਕਾ ਸੰਭਾਲੀ ਸੀ। ਉਹਨਾ ਕਿਹਾ ਕਿ ਇਹ ਜਥੇਬੰਦੀ ਸਦਾ ਜ਼ਾਲਮਾਂ ਦੇ ਖਿਲਾਫ ਮਜ਼ਲੂਮਾਂ ਦੀ ਧਿਰ ਬਣ ਕੇ ਨਿਤਰੀ ਹੈ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਇਹਦੇ ਤੋਂ ਅੱਗੇ ਹੋ ਕੇ ਲੜਨ ਵਾਲੀ ਕੋਈ ਵੀ ਹੋਰ ਜਥੇਬੰਦੀ ਨਹੀਂ। ਉਹਨਾ ਕਿਹਾ ਕਿ ਸਾਡੇ ਸਮੇਂ ਅਸੀਂ ‘ਜਾਂ ਨੌਕਰੀ ਜਾਂ ਜੇਲ੍ਹ’ ਦਾ ਨਾਹਰਾ ਦਿੱਤਾ ਸੀ ਅਤੇ ਅੱਜ ਤੁਹਾਡੀ ਜੱਥੇਬੰਦੀ ਹੁਣ ਰੁਜ਼ਗਾਰ ਦੀ ਗਰੰਟੀ ਕਨੂੰਨ ਬਨੇਗਾ ਦਾ ਨਾਹਰਾ ਦੇ ਕੇ ਉਹੀ ਸ਼ਾਨਾਮੱਤੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ। ਉਹਨਾ ਜਥੇਬੰਦੀ ਦੇ ਅਜਲਾਸ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਮੌਜੂਦਾ ਹਾਕਮ ਧਿਰ ਖਿਲਾਫ ਲੜਾਈ ਮਜ਼ਬੂਤ ਕਰਨ ਲਈ ਗਤੀਵਿਧੀਆਂ ਹੋਰ ਤੇਜ਼ ਕਰਨ ਲਈ ਕਿਹਾ। ਉਹਨਾ ਤੋਂ ਬਾਅਦ ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਟਰੱਸਟੀ ਅਤੇ ਸੀਨੀਅਰ ਐਡਵੋਕੇਟ ਰਜਿੰਦਰ ਮੰਡ ਨੇ ਆਪਣੀਆਂ ਸ਼ੁਭਕਾਮਨਾਵਾਂ ਜਥੇਬੰਦੀ ਦੇ ਸਫਲ ਅਜਲਾਸ ਲਈ ਭੇਟ ਕੀਤੀਆਂ ਤੇ ਜਥੇਬੰਦੀ ਨੂੰ ਵਿੱਦਿਆ ਦੇ ਨਿੱਜੀਕਰਨ ਅਤੇ ਬੇਰੁਜ਼ਗਾਰੀ ਖਿਲਾਫ ਪਹਿਲਾਂ ਨਾਲੋਂ ਵੀ ਵਧੇਰੇ ਡਟਣ ਲਈ ਵੰਗਾਰਿਆ। ਅਜਲਾਸ ਨੂੰ ਵਿੱਕੀ ਮਹੇਸਰੀ ਕੌਮੀ ਜਨਰਲ ਸਕੱਤਰ ਏ ਆਈ ਐੱਸ ਐੱਫ ਨੇ ਸੰਬੋਧਨ ਕੀਤਾ। ਉਹਨਾ ਕਿਹਾ ਕਿ ਪੰਜਾਬ ਸੂਬਾ ਏ ਆਈ ਐੱਸ ਐੱਫ ਕੌਮੀ ਪੱਧਰ ਉੱਤੇ ਜੱਥੇਬੰਦੀ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ। ਸਿਧਾਂਤਕ ਗਤੀਵਿਧੀਆਂ ਕਰਨ ਵਿੱਚ ਅਤੇ ਸੇਧ ਦੇਣ ਵਿੱਚ ਇਹ ਦੇਸ਼ ਭਰ ਵਿੱਚ ਆਗੂ ਭੁਮਿਕਾ ਨਿਭਾਉਂਦੀ ਹੈ, ਜੋ ਕਿ ਫਾਸ਼ੀਵਾਦ ਦੇ ਅਜੋਕੇ ਸਮੇਂ ਵਿੱਚ ਸਭ ਤੋਂ ਵੱਧ ਲੋੜੀਂਦੀ ਅਤੇ ਮਹੱਤਵਪੂਰਨ ਹੈ। ਸਾਬਕਾ ਪੰਜਾਬ ਪ੍ਰਧਾਨ ਡਾ. ਸੁਮੀਤ ਸ਼ੰਮੀ ਨੇ ਵੀ ਅਜਲਾਸ ਨੂੰ ਸੰਬੋਧਨ ਕੀਤਾ। ਉਹਨਾ ਵਿਦਿਆਰਥੀ ਲਹਿਰ ਵਿੱਚ ਏ ਆਈ ਐੱਸ ਐੱਫ ਦੀ ਮੌਜੂਦਾ ਭੂਮਿਕਾ ਨੂੰ ਸ਼ਾਨਦਾਰ ਦੱਸਿਆ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜਥੇਬੰਦੀ ਦੇ ਸਾਬਕਾ ਕੌਮੀ ਆਗੂ ਕਸ਼ਮੀਰ ਸਿੰਘ ਗਦਾਈਆ ਨੇ ਅਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਨੂੰ ਆਪਣੀ ਆਗੂ ਭੂਮਿਕਾ ਨਿਭਾਉਂਦਿਆਂ ਸਮਾਜ ਵਿਚਲੀ ਹਰੇਕ ਕੁਰੀਤੀ ਦੂਰ ਕਰਨ ਲਈ ਲੜਾਈ ਲਈ ਮੈਦਾਨ ਵਿੱਚ ਨਿਰਣਾਇਕ ਭੂਮਿਕਾ ਨਿਭਾਉਣ ਲਈ ਨਿਤਰਨਾ ਚਾਹੀਦਾ ਹੈ। ਸੀਨੀਅਰ ਵਕੀਲ ਅਤੇ ਵਰਲਡ ਫੈਡਰੇਸ਼ਨ ਆਫ ਡੈਮੋਕਰੇਟਿਕ ਯੂਥ ਦੇ ਸਾਬਕਾ ਜਨਰਲ ਸਕੱਤਰ ਅਤੇ ਆਲ ਇੰਡੀਆ ਪੀਸ ਐਂਡ ਸੌਲੀਡੈਰਿਟੀ ਆਰਗੇਨਾਈਜ਼ੇਸ਼ਨ ਦੇ ਮੌਜੂਦਾ ਕੌਮੀ ਜਨਰਲ ਸਕੱਤਰ ਹਰਚੰਦ ਬਾਠ ਨੇ ਹਾਊਸ ਨੂੰ ਸੰਬੋਧਨ ਕੀਤਾ ਅਤੇ ਆਪਣੀਆਂ ਸ਼ੁਭਕਾਮਨਾਵਾਂ ਭੇਟ ਕਰਦਿਆਂ ਕਿਹਾ ਕਿ ਫਾਸ਼ੀਵਾਦ ਖਿਲਾਫ ਜਮਹੂਰੀ ਧਿਰਾਂ ਦੀ ਮਜ਼ਬੂਤੀ ਲਈ ਵਿਦਿਆਰਥੀਆਂ ਦਾ ਲਾਮਬੱਧ ਹੋਣਾ ਬਹੁਤ ਜ਼ਰੂਰੀ ਹੈ। ਸੀਨੀਅਰ ਪੱਤਰਕਾਰ ਅਤੇ ਜੱਥੇਬੰਦੀ ਦੇ ਸਾਬਕਾ ਆਗੂ ਬਲਵਿੰਦਰ ਜੰਮੂ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ ਵੱਲੋਂ ਜੋ ਤਬਾਹੀ ਮਚਾਈ ਜਾਣੀ ਹੈ, ਉਹਦਾ ਮੁਕਾਬਲਾ ਸਿਰਫ ਤੇ ਸਿਰਫ ਸਿਧਾਂਤਕ ਤੌਰ ’ਤੇ ਮਜ਼ਬੂਤ ਧਿਰਾਂ ਹੀ ਕਰ ਸਕਦੀਆਂ ਹਨ ਅਤੇ ਵਿਦਿਆਰਥੀ ਦੀ ਜਥੇਬੰਦੀ ਏ ਆਈ ਐੱਸ ਐੱਫ ਤੋਂ ਇੱਕ ਮਜ਼ਬੂਤ ਸਿਧਾਂਤਕ ਆਧਾਰ ਰੱਖਣ ਕਰਕੇ ਉਮੀਦਾਂ ਵਧ ਜਾਂਦੀਆਂ ਹਨ। ਸਾਬਕਾ ਆਗੂ ਅਤੇ ਸੇਵਾ-ਮੁਕਤ ਪ੍ਰੋਫੈਸਰ ਹਰਚਰਨ ਸਿੰਘ ਅਤੇ ਪ੍ਰੋਫੈਸਰ ਬਲਵੀਰ ਨੇ ਵੀ ਸੰਬੋਧਨ ਕੀਤਾ ਅਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਨੂੰਨ’ (ਬਨੇਗਾ) ਅਤੇ ‘ਲੋਕ ਵਿੱਦਿਆ ਨੀਤੀ’ ਨੂੰ ਲੈ ਕੇ ਬਹੁਤ ਮਹੱਤਵਪੂਰਨ ਚਰਚਾ ਹੋਈ। ਸਾਰੇ ਆਗੂਆਂ ਨੇ ਇਹ ਗੱਲ ਪੂਰਾ ਜ਼ੋਰ ਦੇ ਕੇ ਆਖੀ ਕਿ ਸਮਾਜ ਦੀ ਬਿਹਤਰੀ ਲਈ ‘ਬਨੇਗਾ’ ਅਤੇ ‘ਲੋਕ ਵਿੱਦਿਆ ਨੀਤੀ’ ਹੁਣ ਅਣਸਰਦੀ ਲੋੜ ਹੈ। ਇਸ ਮੌਕੇ ਭਰਾਤਰੀ ਸੰਦੇਸ਼ ਦੇਣ ਲਈ ਐੱਸ ਐੱਫ ਆਈ ਤੋਂ ਅੰਮਿ੍ਰਤਪਾਲ, ਏ ਆਈ ਡੀ ਐੱਸ ਓ ਤੋਂ ਸ਼ੌਪਤਿਕ ਪਾਲ ਅਤੇ ਪੀ ਐੱਸ ਐੱਫ ਤੋਂ ਰਵਿੰਦਰ ਰਵੀ ਨੇ ਸ਼ਿਰਕਤ ਕੀਤੀ।
ਇਸ ਮੌਕੇ ਸਟੇਜ ਉੱਤੇ ਇਸਤਰੀ ਆਗੂ ਰੁਪਿੰਦਰ ਕੌਰ ਮਾੜੀਮੇਘਾ, ਸਾਬਕਾ ਆਗੂ ਕੁਲਦੀਪ ਭੋਲਾ, ਸਕੱਤਰ ਚਰਨਜੀਤ ਛਾਂਗਾਰਾਏ, ਏ. ਆਈ ਵਾਈ ਐੱਫ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਅਤੇ ਸੁਖਵਿੰਦਰ ਬਾਜਵਾ ਵੀ ਹਾਜ਼ਰ ਸਨ। ਅਖੀਰ ਵਿੱਚ ਜਥੇਬੰਦੀ ਦੇ ਸਾਬਕਾ ਆਗੂ ਸਾਥੀ ਜਗਰੂਪ ਨੇ ਵੀ ਅਜਲਾਸ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਦਾਰਸ਼ਨਿਕ ਸੇਧ ਵਿੱਚ ਗਤੀਵਿਧੀਆਂ ਕਰਨ ਅਤੇ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਨੂੰਨ ਬਨੇਗਾ ਦੀ ਲਹਿਰ ਨੂੰ ਮਜ਼ਬੂਤ ਕਰਨ ਲਈ ਕਿਹਾ। ਸੂਬਾ ਸਕੱਤਰ ਵੱਲੋਂ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ਉੱਤੇ ਸਾਰੇ ਡੈਲੀਗੇਟਾਂ ਨੇ ਬਹਿਸ ਕੀਤੀ। ਇਸ ਰਿਪੋਰਟ ਵਿੱਚ ਸ਼ਾਮਲ ਤੱਥਾਂ ਉੱਤੇ ਬਹੁਤ ਬਾਰੀਕੀ ਨਾਲ ਵਿਚਾਰ ਕੀਤਾ ਗਿਆ ਅਤੇ ਦੂਜੇ ਦਿਨ ਸਕੱਤਰ ਦੇ ਜਵਾਬਾਂ ਤੋਂ ਬਾਅਦ ਇਹ ਰਿਪੋਰਟ ਵਾਧਿਆਂ ਸਮੇਤ ਅਜਲਾਸ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤੀ।
ਕਾਨਫਰੰਸ ਦੇ ਦੂਜੇ ਦਿਨ ‘ਲੋਕ ਵਿੱਦਿਆ ਨੀਤੀ’, ਲੜਕੀਆਂ ਦੀ ਵਿੱਦਿਆ, ਹੋਸਟਲਾਂ ਦੇ ਸੁਚੱਜੇ ਪ੍ਰਬੰਧ, ਫੀਸਾਂ ਦੇ ਵਾਧੇ ਖਿਲਾਫ, ਖੇਡ ਨੀਤੀ, ਵਿਦਿਆਰਥੀ ਚੋਣਾਂ ਆਦਿ ਬਾਰੇ ਮਤੇ ਕੀਤੇ ਗਏ। ਇਸ ਮੌਕੇ 45 ਮੈਂਬਰੀ ਨਵੀਂ ਸੂਬਾ ਕੌਂਸਲ ਅਤੇ 7 ਮੈਂਬਰੀ ਸਕੱਤਰੇਤ ਦੀ ਚੋਣ ਕੀਤੀ ਗਈ। ਸਕੱਤਰੇਤ ਵਿੱਚ ਪਿ੍ਰਤਪਾਲ, ਰਮਨ ਧਰਮੂਵਾਲਾ, ਨੀਤੂ, ਸੁਖਵਿੰਦਰ ਮਲੋਟ, ਸੰਜਨਾ ਢਾਬਾਂ, ਰਾਹੁਲ ਗਰਗ ਅਤੇ ਨਵਜੋਤ ਬਿਲਾਸਪੁਰ ਨੂੰ ਚੁਣਿਆ ਗਿਆ। ਏ ਆਈ ਐੱਸ ਐੱਫ ਦੇ ਸੂਬਾ ਸਕੱਤਰ (ਜਨਰਲ) ਦੀ ਜ਼ਿੰਮੇਵਾਰੀ ਲਈ ਪਿ੍ਰਤਪਾਲ ਅਤੇ ਸੂਬਾ ਪ੍ਰਧਾਨ ਲਈ ਰਮਨ ਧਰਮੂਵਾਲਾ ਨੂੰ ਚੁਣਿਆ ਗਿਆ। ਰਾਹੁਲ ਨੂੰ ਮੀਤ ਸਕੱਤਰ (ਮੀਡੀਆ ਅਤੇ ਪ੍ਰੈੱਸ), ਨੀਤੂ ਨੂੰ ਜਾਇੰਟ ਸਕੱਤਰ, ਨਵਜੋਤ ਬਿਲਾਸਪੁਰ ਅਤੇ ਸੁਖਵਿੰਦਰ ਮਲੋਟ ਨੂੰ ਮੀਤ ਪ੍ਰਧਾਨ ਅਤੇ ਸੰਜਨਾ ਢਾਬਾਂ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ।
ਅਖੀਰ ਵਿੱਚ ਸਾਬਕਾ ਕੌਮੀ ਪ੍ਰਧਾਨ ਪਰਮਜੀਤ ਢਾਬਾਂ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਮਸਲਿਆਂ ਲਈ ਕੰਮ ਕਰਨਾ ਇੱਕ ਮਾਣ ਵਾਲੀ ਗੱਲ ਹੁੰਦੀ ਹੈ। ਵਿਦਿਆਰਥੀ ਲਹਿਰ ਨਵੇਂ ਆਗੂ ਪੈਦਾ ਕਰਦੀ ਹੈ, ਜੋ ਅੱਗੇ ਜਾ ਕੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੰਦੇ ਹਨ। ਅੱਜ ਦੇ ਸਮੇਂ ਵਿੱਚ ਪੰਜਾਬ ਬੇਰੁਜ਼ਗਾਰੀ, ਨਸ਼ੇ ਅਤੇ ਸਿੱਖਿਆ ਦੇ ਦਿਨੋ-ਦਿਨ ਨਿੱਜੀਕਰਨ ਨਾਲ ਜੂਝ ਰਿਹਾ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਇੱਕ ਨਵੇਂ ਰਾਹ ਦੀ ਜ਼ਰੂਰਤ ਹੈ। ਸਾਬਕਾ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ ਅਤੇ ਸਾਬਕਾ ਸੂਬਾ ਸਕੱਤਰ ਵਰਿੰਦਰ ਖੁਰਾਣਾ ਨੇ ਵਿਦਾਇਗੀ ਸ਼ਬਦ ਆਖਦਿਆਂ ਜਥੇਬੰਦੀ ਨੂੰ ਭਵਿੱਖ ਲਈ ਸ਼ਾਨਦਾਰ ਗਤੀਵਿਧੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਚੁਣੀ ਗਈ ਟੀਮ ਨੂੰ ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਲਾਮਬੰਦ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀ ਲਹਿਰ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਹਰ ਕਦਮ ’ਤੇ ਸੰਘਰਸ਼ ਤੇਜ਼ ਕਰਨਾ ਚਾਹੀਦਾ ਹੈ। ਅਜਲਾਸ ਦੌਰਾਨ ਸਾਰੇ ਸਾਬਕਾ ਆਗੂਆਂ ਦਾ ਸਨਮਾਨ ਜਥੇਬੰਦੀ ਦੇ ਝੰਡੇ, ਬੈਗ ਅਤੇ ਸਨਮਾਨ ਚਿੰਨ੍ਹ ਨਾਲ ਕੀਤਾ ਗਿਆ। ਅਜਲਾਸ ਦੀ ਸਮਾਪਤੀ ਝੰਡੇ ਨੂੰ ਉਤਾਰਨ ਦੀ ਰਸਮ ਨਾਲ ਹੋਈ, ਜਿਹਨੂੰ ਸਾਬਕਾ ਸੂਬਾ ਸਕੱਤਰ ਨੇ ਨਵੀਂ ਆਗੂ ਟੀਮ ਨੂੰ ਭੇਟ ਕੀਤਾ। ਇਹ ਕਾਨਫਰੰਸ ਵਿਦਿਆਰਥੀ ਲਹਿਰ ਨੂੰ ਮਜ਼ਬੂਤ ਕਰਨ ਦੀ ਰਣਨੀਤਕ ਵਿਚਾਰ-ਚਰਚਾ ਨਾਲ ਸਫਲਤਾਪੂਰਵਕ ਸੰਪੰਨ ਹੋਈ।

Related Articles

LEAVE A REPLY

Please enter your comment!
Please enter your name here

Latest Articles