ਨਵੀਂ ਦਿੱਲੀ : ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਤੋਂ ਬਾਅਦ ਰਾਜਨੀਤਕ ਗਲਿਆਰਿਆਂ ’ਚ ਅਟਕਲਾਂ ਦਾ ਬਾਜ਼ਾਰ ਗਰਮ ਹੈ। ਮੋਦੀ ਸਰਕਾਰ ਇੱਕ ਦੇਸ਼ ਇੱਕ ਚੋਣ ਲਈ ਪੈਨਲ ਦਾ ਐਲਾਨ ਕਰ ਚੁੱਕੀ ਹੈ। ਵਿਰੋਧੀ ਧਿਰ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਹੀ ਹਮਲਾਵਰ ਹੈ। ਹੁਣ ਚਰਚਾ ਇਸ ’ਤੇ ਤੇਜ਼ ਹੋ ਗਈ ਹੈ ਕਿ ਸਰਕਾਰ ਸੰਵਿਧਾਨ ’ਚੋਂ ਇੰਡੀਆ ਹਟਾ ਕੇ ਭਾਰਤ ਕਰ ਚੁੱਕੀ ਹੈ। ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਸੰਵਿਧਾਨ ’ਚੋਂ ਇੰਡੀਆ ਨਾਂਅ ਹਟਾ ਦਿੱਤਾ ਹੈ। ਰਾਸ਼ਟਰਪਤੀ ਭਵਨ ਵੱਲੋਂ ਜੀ-20 ਡਿਨਰ ਲਈ ਸੱਦਾ ਪੱਤਰ ’ਚ ਮੇਜ਼ਬਾਨ ਦੇ ਤੌਰ ’ਤੇ ਪ੍ਰੈਜ਼ੀਡੈਂਟ ਆਫ਼ ਇੰਡੀਆ ਦੀ ਜਗ੍ਹਾ ਪ੍ਰੈਜ਼ੀਡੈਂਟ ਆਫ਼ ਭਾਰਤ ਲਿਖਿਆ ਹੈ। ਉਨ੍ਹਾ ਕਿਹਾ ਕਿ ਇਹ ਸੰਵਿਧਾਨ ਦੇ ਖਿਲਾਫ਼ ਹੈ। ਜੈਰਾਮ ਨੇ ਟਵੀਟ ’ਤੇ ਲਿਖਿਆ, ‘‘ਸੰਵਿਧਾਨ ’ਚ ਧਾਰਾ 1 ਮੁਤਾਬਕ ‘ਇੰਡੀਆ’, ਜਿਸ ਨੂੰ ਭਾਰਤ ਕਹਿੰਦੇ ਹਨ, ਉਹ ਸੂਬਿਆਂ ਦਾ ਸੰਘ ਹੋਵੇਗਾ, ਪਰ ਹੁਣ ਇਸ ਸੂਬਿਆਂ ਦੇ ਸੰਘ ’ਤੇ ਵੀ ਹਮਲਾ ਹੋ ਰਿਹਾ ਹੈ।’’
ਇਸ ਤਰ੍ਹਾਂ ਦੀ ਉਮੀਦ ਲਗਾਈ ਜਾ ਰਹੀ ਹੈ ਕਿ ਸਰਕਾਰ ‘ਇੱਕ ਦੇਸ਼, ਇੱਕ ਚੋਣ’ ਤੋਂ ਇਲਾਵਾ ਮਹਿਲਾ ਰਾਖਵਾਂਕਰਨ ਬਿੱਲ ਵੀ ਲਿਆ ਸਕਦੀ ਹੈ। ਵਿਰੋਧੀ ਧਿਰ ’ਚ ਇਹ ਵੀ ਚਰਚਾ ਹੈ ਕਿ ਸਰਕਾਰ ਸੰਵਿਧਾਨ ’ਚ ਵੱਡੇ ਬਦਲਾਅ ਕਰ ਸਕਦੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਮੋਦੀ ਸਰਕਾਰ ਸੰਵਿਧਾਨ ’ਚ ‘ਇੰਡੀਆ’ ਸ਼ਬਦ ਹੀ ਹਟਾਉਣਾ ਚਾਹੁੰਦੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਇੰਡੀਆ’ ਨਾਂਅ ਦੇ ਗਠਜੋੜ ਬਣਨ ਤੋਂ ਬਾਅਦ ਇਹ ਦੇਸ਼ ਦਾ ਨਾਂਅ ਬਦਲ ਰਹੇ ਹਨ। ਜੇਕਰ ਕੱਲ੍ਹ ਨੂੰ ਇੰਡੀਆ ਗਠਜੋੜ ਨੇ ਮੀਟਿੰਗ ਕਰਕੇ ਆਪਣਾ ਨਾਂਅ ਭਾਰਤ ਰੱਖ ਲਿਆ ਤਾਂ ਕੀ ਇਹ ਭਾਰਤ ਦਾ ਨਾਂਅ ਵੀ ਬਦਲ ਦੇਣਗੇ ਅਤੇ ਕੀ ਇਹ ਭਾਰਤ ਦਾ ਨਾਂਅ ਭਾਜਪਾ ਰੱਖ ਦੇਣਗੇ।
ਰਾਘਵ ਚੱਢਾ ਨੇ ਵੀ ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾਜੀ-20 ਸੰਮੇਲਨ ਦੇ ਸੱਦਾ ਪੱਤਰ ’ਤੇ ਪ੍ਰੈਜ਼ੀਡੈਂਟ ਆਫ਼ ਇੰਡੀਆ ਦੀ ਜਗ੍ਹਾ ਪ੍ਰੈਜ਼ੀਡੈਂਟ ਆਫ਼ ਭਾਰਤ ਲਿਖ ਕੇ ਭਾਜਪਾ ਨੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਭਾਜਪਾ ‘ਇੰਡੀਆ’ ਨੂੰ ਕਿਸ ਤਰ੍ਹਾਂ ਖ਼ਤਮ ਕਰ ਸਕਦੀ ਹੈ। ਦੇਸ਼ ਕਿਸੇ ਰਾਜਨੀਤਕ ਦਲ ਦਾ ਨਹੀਂ, ਇਹ 140 ਕਰੋੜ ਭਾਰਤੀਆਂ ਦਾ ਹੈ। ਸਾਡੀ ਰਾਸ਼ਟਰੀ ਪਛਾਣ ਭਾਜਪਾ ਦੀ ਨਿੱਜੀ ਜਾਇਦਾਦ ਨਹੀਂ, ਜਿਸ ਨੂੰ ਉਹ ਆਪਣੀ ਇੱਛਾ ਅਨੁਸਾਰ ਬਦਲ ਸਕੇ। ਭਾਜਪਾ ਦੇ ਰਾਜ ਸਭਾ ਸਾਂਸਦ ਹਰਨਾਥ ਸਿੰਘ ਯਾਦਵ ਨੇ ਮੰਗ ਕੀਤੀ ਕਿ ਦੇਸ਼ ਦਾ ਨਾਂਅ ਇੰਡੀਆ ਤੋਂ ਬਦਲ ਕੇ ਭਾਰਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ‘ਇੰਡੀਆ’ ਦੀ ਜਗ੍ਹਾ ‘ਭਾਰਤ’ ਸ਼ਬਦ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ‘ਇੰਡੀਆ’ ਸ਼ਬਦ ਅੰਗਰੇਜ਼ਾਂ ਵੱਲੋਂ ਦਿੱਤੀ ਗਈ ਇੱਕ ਗਾਲੀ ਹੈ, ਜਦਕਿ ‘ਭਾਰਤ’ ਸ਼ਬਦ ਸਾਡੀ ਸੰਸ�ਿਤੀ ਦਾ ਪ੍ਰਤੀਕ। ਮੈਂ ਚਾਹੁੰਦਾ ਹਾਂ ਕਿ ਸਾਡੇ ਸੰਵਿਧਾਨ ’ਚ ਬਦਲਾਅ ਹੋਵੇ ਅਤੇ ਇਸ ’ਚ ‘ਭਾਰਤ’ ਸ਼ਬਦ ਜੋੜਿਆ ਜਾਵੇ। ਕੇਂਦਰੀ ਇਲੈਕਟ੍ਰਾਨਿਕਸ ਅਤੇ ਆਈ ਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾਉਨ੍ਹਾਂ ਨੂੰ ਹਰ ਚੀਜ਼ ਤੋਂ ਸਮੱਸਿਆ ਹੈ ਅਤੇ ਮੈਨੂੰ ਨਹੀਂ। ਮੈਂ ‘ਭਾਰਤੀ’ ਹਾਂ, ਮੇਰੇ ਦੇਸ਼ ਦਾ ਨਾਂਅ ‘ਭਾਰਤ’ ਸੀ ਅਤੇ ਹਮੇਸ਼ਾ ‘ਭਾਰਤ’ ਹੀ ਰਹੇਗਾ। ਜੇਕਰ ਕਾਂਗਰਸ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਹੈ ਤਾਂ ਉਨ੍ਹਾਂ ਨੂੰ ਇਸ ਦਾ ਇਲਾਜ ਖੁਦ ਹੀ ਲੱਭਣਾ ਚਾਹੀਦਾ ਹੈ।