ਕੈਂਸਰ ਨੂੰ ਸਿਹਤ ਲਈ ਗੰਭੀਰ ਚੁਣੌਤੀ ਮੰਨਿਆ ਜਾਂਦਾ ਹੈ। ਹਰ ਸਾਲ ਇਸ ਰੋਗ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਿਹਤ ਮਾਹਰ ਕਹਿੰਦੇ ਹਨ ਕਿ ਭਾਰਤ ਵਿੱਚ ਇਸ ਬਿਮਾਰੀ ਦਾ ਖਤਰਾ ਇਸ ਕਰਕੇ ਜ਼ਿਆਦਾ ਹੈ, ਕਿਉਕਿ ਬਹੁਤੇ ਲੋਕ ਡਾਕਟਰਾਂ ਕੋਲ ਆਖਰੀ ਪੜਾਵਾਂ ’ਚ ਪੁੱਜਦੇ ਹਨ, ਜਿੱਥੋਂ ਇਲਾਜ ਦੇ ਸਫਲ ਹੋਣ ਤੇ ਜਾਨ ਬਚਾਉਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ। ਹਾਲਾਂਕਿ ਕੈਂਸਰ ਨਾਲ ਜੰਗ ਏਨੀ ਵੀ ਔਖੀ ਨਹੀਂ ਹੈ, ਜੇ ਸਮਾਂ ਰਹਿੰਦਿਆਂ ਲੱਛਣਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਇਲਾਜ ਦੇ ਨਾਲ-ਨਾਲ ਪਹਹੇਜ਼ ਵੱਲ ਖਾਸ ਧਿਆਨ ਦਿੱਤਾ ਜਾਵੇ। ਇਸ ਦੀ ਤਾਜ਼ਾ ਮਿਸਾਲ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਛਾਤੀ ਦੇ ਕੈਂਸਰ ਤੋਂ ਮੁਕਤ ਹੋਣ ਦੀ ਹੈ। ਡਾਕਟਰ ਸਿੱਧੂ ਦੇ ਠੀਕ ਹੋਣ ਦੀ ਖਬਰ ਸਿੱਧੂ ਨੇ ਵੀਰਵਾਰ ਸੁਣਾਈ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਸੱਚ ਵਿੱਚ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾ ਦੀ ਪਤਨੀ ਦੇ ਮੈਡੀਕਲੀ ਕੈਂਸਰ-ਮੁਕਤ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਡਾ. ਸਿੱਧੂ ਨੂੰ ਕਰੀਬ ਦੋ ਸਾਲ ਪਹਿਲਾਂ ਇਸ ਨਾਮੁਰਾਦ ਰੋਗ ਦੀ ਜਕੜ ਵਿੱਚ ਆ ਜਾਣ ਦਾ ਪਤਾ ਲੱਗਿਆ ਸੀ। ਉਦੋਂ ਡਾਕਟਰਾਂ ਨੇ ਕਿਹਾ ਸੀ ਕਿ ਠੀਕ ਹੋਣ ਦੇ ਚਾਂਸ ਪੰਜ ਫੀਸਦੀ ਵੀ ਨਹੀਂ ਹਨ। ਡਾ. ਸਿੱਧੂ ਨੇ ਹੌਸਲਾ ਨਹੀਂ ਛੱਡਿਆ ਅਤੇ ਐਲੋਪੈਥੀ ਤੇ ਆਯੁਰਵੈਦਿਕ ਦਵਾਈਆਂ ਦੇ ਨਾਲ-ਨਾਲ ਪਰਹੇਜ਼ ਵੱਲ ਖਾਸ ਧਿਆਨ ਦਿੱਤਾ। ਨਿੱਜੀ ਜ਼ਿੰਦਗੀ ਵਿੱਚ ਕਾਫੀ ਅਨੁਸ਼ਾਸਤ ਸਿੱਧੂ ਪਰਵਾਰ ਨੇ ਕੈਂਸਰ ਬਾਰੇ ਖੁਦ ਵੀ ਕਾਫੀ ਅਧਿਐਨ ਕੀਤਾ। ਡਾ. ਸਿੱਧੂ ਨੇ ਨਿੰੰਮ ਦੀਆਂ ਪੱਤੀਆਂ, ਕੱਚੀ ਹਲਦੀ, ਨਿੰਬੂ, ਸੇਬ ਦੇ ਸਿਰਕੇ ਆਦਿ ਦੀ ਵਰਤੋਂ ਕੀਤੀ, ਜਿਸ ਨਾਲ ਸ਼ੂਗਰ ਤੇ ਕਾਰਬੋਹਾਈਡਰੇਟ ਦੀ ਸਰੀਰ ਵਿੱਚ ਮਾਤਰਾ ਘਟਾਉਣ ’ਚ ਮਦਦ ਮਿਲੀ ਤੇ ਇਸ ਨਾਲ ਕੈਂਸਰ ਦੇ ਸੈੱਲ ਵਧਣ ਦੀ ਥਾਂ ਮਰਨ ਲੱਗ ਪਏ। ਡਾ. ਸਿੱਧੂ ਨੇ ਖੰਡ, ਦੁੱਧ ਉਤਪਾਦਾਂ, ਮੈਦੇ ਆਦਿ ਦਾ ਤਿਆਗ ਕੀਤਾ। ਉਹ ਸ਼ਾਮ ਛੇ ਵਜੇ ਤੋਂ ਪਹਿਲਾਂ ਰਾਤ ਦਾ ਖਾਣਾ ਖਾ ਲੈਂਦੀ ਸੀ ਅਤੇ ਅਗਲੇ ਦਿਨ ਸਵੇਰੇ 10 ਵਜੇ ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਨਾਲ ਕਰਦੀ ਸੀ। ਇਸ ਦੇ ਅੱਧੇ ਘੰਟੇ ਬਾਅਦ 10-12 ਨਿੰਮ ਦੇ ਪੱਤੇ ਖਾਂਦੀ ਸੀ। ਇਸ ਦਾ ਨਤੀਜਾ ਇਹ ਹੋਇਆ ਕਿ 40 ਕੁ ਦਿਨਾਂ ਵਿਚ ਗਰੇਡ-4 ਦੇ ਕੈਂਸਰ ਤੋਂ ਵਾਪਸੀ ਸ਼ੁਰੂ ਹੋ ਗਈ ਤੇ ਆਖਰ ਕੈਂਸਰ ਤੋਂ ਮੁਕਤੀ ਮਿਲ ਗਈ। ਡਾ. ਸਿੱਧੂ ਮਿਸਾਲ ਹੈ ਕਿ ਜੇ ਲਾਈਫ ਸਟਾਈਲ ਠੀਕ ਕਰ ਲਿਆ ਜਾਵੇ ਤਾਂ ਕੈਂਸਰ ਤੋਂ ਛੁਟਕਾਰਾ ਹਾਸਲ ਕੀਤਾ ਜਾ ਸਕਦਾ ਹੈ। ਡਾ. ਸਿੱਧੂ ਦੀ ਇਲਾਜ ਪ੍ਰਕਿਰਿਆ ਦੀ ਇਕ ਹੋਰ ਖਾਸ ਗੱਲ ਇਹ ਰਹੀ ਕਿ ਉਨ੍ਹਾ ਸਾਰਾ ਇਲਾਜ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਯਮੁਨਾਨਗਰ ਵਿਖੇ ਕਰਵਾਇਆ ਅਤੇ ਸਾਰਾ ਖਰਚ 10-12 ਲੱਖ ਰੁਪਏ ਆਇਆ। ਪ੍ਰਾਈਵੇਟ ਹਸਪਤਾਲਾਂ ’ਚ ਲੱਖਾਂ ਰੁਪਏ ਖਰਚਣ ਵਾਲਿਆਂ ਲਈ ਵੀ ਇਹ ਚੰਗੀ ਜਾਣਕਾਰੀ ਹੈ। ਕੈਂਸਰ ਰੋਗ ਦੇ ਮਾਹਰ ਵੀ ਮੰਨਦੇ ਹਨ ਕਿ ਖਾਣ-ਪੀਣ ਦੀਆਂ ਕਈ ਚੀਜ਼ਾਂ ਤੇ ਔਸ਼ਧੀਆਂ ’ਚ ਐਂਟੀ-ਕੈਂਸਰ ਗੁਣ ਹੁੰਦੇ ਹਨ, ਜਿਸ ਨਾਲ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ। ਤਾਂ ਵੀ, ਕੈਂਸਰ-ਪੀੜਤਾਂ ਨੂੰ ਆਯੁਰਵੈਦਿਕ ਉਪਾਅ ਕਰਨ ਤੋਂ ਪਹਿਲਾਂ ਡਾਕਟਰਾਂ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ, ਕਿਉਕਿ ਕੁਝ ਚੀਜ਼ਾਂ ਦਵਾਈਆਂ ਨਾਲ ਰਿਐਕਸ਼ਨ ਵੀ ਕਰ ਜਾਂਦੀਆਂ ਹਨ।