ਚੰਡੀਗੜ੍ਹ : ਮੋਹਾਲੀ ਕੋਰਟ ਨੇ 2019 ’ਚ ਇੱਕ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਅੰਕਿਤ ਭਾਦੂ ਦੇ ਦੋ ਸਾਥੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ। ਇਸ ਸਜ਼ਾ ਦੇ ਨਾਲ 20-20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ। ਕੋਰਟ ਨੇ ਜਰਮਨਜੀਤ ਸਿੰਘ ਉਰਫ਼ ਬਲਵਾਨ (29 ਸਾਲ) ਅਤੇ ਗੁਰਿੰਦਰ ਸਿੰਘ ਉਰਫ਼ ਗਿੰਡਾ (31 ਸਾਲ) ਨੂੰ ਆਰਮਜ਼ ਐਕਟ ਸਮੇਤ ਕਈ ਹੋਰ ਧਾਰਾਵਾਂ ’ਚ ਦੋਸ਼ੀ ਠਹਿਰਾਇਆ ਹੈ। 6 ਫਰਵਰੀ 2019 ਨੂੰ ਪੁਲਸ ਨੇ ਜ਼ੀਰਕਪੁਰ ਦੀ ਇੱਕ ਸੁਸਾਇਟੀ ’ਚ ਅੰਕਿਤ ਭਾਦੂ ਨਾਂਅ ਦੇ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਸੀ। ਇਸ ’ਤੇ ਰਾਜਸਥਾਨ ਪੁਲਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਇਸ ਮੁਕਾਬਲੇ ਦੌਰਾਨ ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਆਤਮ ਸਮਰਪਣ ਕਰ ਦਿੱਤਾ ਸੀ। ਇਹ ਦੋਵੇਂ ਉਦੋਂ ਤੋਂ ਜੇਲ੍ਹ ’ਚ ਬੰਦ ਸਨ ਅਤੇ ਇਸ ਮੁਕੱਦਮੇ ’ਚ ਇਨ੍ਹਾਂ ਨੂੰ ਸਜ਼ਾ ਹੋਈ ਹੈ। ਮੁਕਾਬਲੇ ਦੌਰਾਨ ਦੋਸ਼ੀ ਗੈਂਗਸਟਰ ਨੇ ਇੱਕ 6 ਸਾਲ ਦੀ ਬੱਚੀ ਨੂੰ ਆਪਣੀ ਢਾਲ ਬਣਾਇਆ ਸੀ। ਦੂਜੀ ਮੰਜ਼ਲ ਤੋਂ ਦੋਸ਼ੀ ਨੇ ਛਾਲ ਮਾਰ ਕੇ ਦੂਜੇ ਮਕਾਨ ਤੋਂ ਬਾਹਰ ਨਿਕਲੀ 6 ਸਾਲ ਦੀ ਲੜਕੀ ਦਾ ਸਹਾਰਾ ਲਿਆ ਸੀ, ਉਸ ਸਮੇਂ ਉਸ ਲੜਕੀ ਨੂੰ ਕੁਝ ਛੱਰੇ ਲੱਗੇ ਸਨ। ਗੈਂਗਸਟਰ ਅੰਕਿਤ ਭਾਦੂ ਅਬੋਹਰ ਦੇ ਇੱਕ ਪਿੰਡ ’ਚ ਕਿਸਾਨ ਪਰਵਾਰ ਨਾਲ ਸੰਬੰਧਤ ਹੈ।
ਉਹ ਕਾਲਜ ’ਚ ਪੜ੍ਹਾਈ ਦੌਰਾਨ ਲਾਰੈਂਸ ਬਿਸ਼ਨੋਈ ਤੋਂ ਪ੍ਰਭਾਵਤ ਹੋ ਗਿਆ ਸੀ। ਇਸ ਤੋਂ ਬਾਅਦ ਜੁਰਮ ਦੀ ਦੁਨੀਆ ’ਚ ਆ ਗਿਆ। ਐਨਕਾਊਂਟਰ ਸਮੇਂ ਤੱਕ ਉਸ ’ਤੇ ਕੁੱਲ 22 ਮੁਕੱਦਮੇ ਦਰਜ ਸਨ।




