ਦੇਸ ਰਾਜ ਕਾਲੀ ਯਾਦਗਾਰੀ ਸਮਾਗਮ ਨੇ ਲਿਆ ਅਹਿਦ, ਰਚਨਾਵਾਲੀ ਤੇ ਉਸ ਦੀਆਂ ਪੈੜਾਂ ਸਾਂਭਣਾ ਸਮੇਂ ਦੀ ਲੋੜ

0
242

ਜਲੰਧਰ : ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਉੱਘੇ ਲੇਖਕ, ਪੱਤਰਕਾਰ, ਕਹਾਣੀਕਾਰ, ਨਾਵਲਕਾਰ, ਸਾਹਿਤਕ, ਸੱਭਿਆਚਾਰਕ ਅਤੇ ਜਮਹੂਰੀ ਕਾਮੇ ਦੇਸ ਰਾਜ ਕਾਲੀ ਦੀ ਯਾਦ ’ਚ ਵੀਰਵਾਰ ਗੁਰਦੁਆਰਾ ਅਰਬਨ ਅਸਟੇਟ ਫੇਜ਼ 2 ਵਿਖੇ ਅੰਤਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਕਰਕੇ ਉਹਨਾ ਦੀ ਕਰਨੀ ਨੂੰ ਸਿਜਦਾ ਕੀਤਾ ਗਿਆ। ਦੱਬੇ-ਕੁਚਲੇ ਲੋਕਾਂ ਦੀ ਜ਼ਿੰਦਗੀ ’ਚ ਮੂਲੋਂ ਤਬਦੀਲੀ ਲਿਆ ਕੇ ਉਸ ਨੂੰ ਖੂਬਸੂਰਤ ਬਣਾਉਣ ਲਈ ਕਲਮਾਂ ਦਾ ਸਫ਼ਰ ਜਾਰੀ ਰੱਖਣ ਦਾ ਪੰਡਾਲ ਵੱਲੋਂ ਅਹਿਦ ਲਿਆ ਗਿਆ। ਇਸ ਸਮਾਗਮ ’ਚ ਪੰਜਾਬ ਦੇ ਮੰਨੇ-ਪ੍ਰਮੰਨੇ ਸਾਹਿਤਕਾਰ, ਲੇਖਕ, ਕਹਾਣੀਕਾਰ, ਆਲੋਚਕ, ਕਵੀ, ਬੁੱਧੀਮਾਨ, ਨਾਵਲਕਾਰ, ਸਮਾਜ ਸੇਵੀ, ਚਿੰਤਨਸ਼ੀਲ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਸੰਗਰਾਮ ਦੀਆਂ ਜਾਣੀਆਂ-ਪਹਿਚਾਣੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ। ਉਹਨਾਂ ਸਭਨਾਂ ਨੇ ਦੇਸ ਰਾਜ ਕਾਲੀ ਦੀ ਜੀਵਨ ਸਾਥਣ ਅੰਜਲੀ, ਬੇਟੀਆਂ ਯੁਨੀਸ਼ ਗੱਪੂ, ਸ਼ਾਲੂ ਸ਼ਿਵਾਲਿਕਾ ਅਤੇ ਬੇਟੇ ਕਰਨ ਨਾਲ ਦੁੱਖ ਸਾਂਝਾ ਕੀਤਾ।
ਸਮਾਗਮ ਨੂੰ ਕਵੀ ਡਾ. ਸੁਰਜੀਤ ਪਾਤਰ, ਵਿਦਵਾਨ ਡਾ. ਸੁਖਦੇਵ ਸਿਰਸਾ, ਡਾ. ਸਰਬਜੀਤ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਆਰ ਐੱਮ ਪੀ ਆਈ ਦੇ ਆਗੂ ਮੰਗਤ ਰਾਮ ਪਾਸਲਾ, ਵਿਦਵਾਨ ਲੇਖਕ, ਆਲੋਚਕ ਡਾ. ਮਨਮੋਹਨ, ਚਰਨਜੀਤ ਸਿੰਘ ਅਟਵਾਲ, ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਐੱਸ ਸੀ/ ਐੱਸ ਟੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ, ਉੱਘੇ ਪੱਤਰਕਾਰ ਜਤਿੰਦਰ ਪਨੰੂ, ਯਾਦਵਿੰਦਰ ਕਰਫਿਊ ਤੇ ਦੀਪਕ ਬਾਲੀ ਨੇ ਸੰਬੋਧਨ ਕੀਤਾ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਡਾ. ਸੇਵਾ ਸਿੰਘ, ਪ੍ਰੋ. ਸੁਰਜੀਤ ਜੱਜ, ਹਰਵਿੰਦਰ ਭੰਡਾਲ, ਨਾਮਵਰ ਖੋਜੀ ਲੇਖਕ ਕਿਰਪਾਲ ਕਜ਼ਾਕ, ਹਰਮੀਤ ਵਿਦਿਆਰਥੀ, ਅਜਮੇਰ ਸਿੰਘ ਸਿੱਧੂ, ਸ਼ਬਦੀਸ਼, ਤਸਕੀਨ, ਡਾ. ਅਰਵਿੰਦਰ ਕੌਰ ਕਾਕੜਾ, ਸੀਤਲ ਸਿੰਘ ਸੰਘਾ, ਡਾ. ਜਸਪਾਲ ਸਿੰਘ, ਸੰਤ ਪ੍ਰਦੀਪ ਗਿਰੀ, ‘ਨਵਾਂ ਜ਼ਮਾਨਾ’ ਦੇ ਟਰੱਸਟੀ ਐਡਵੋਕੇਟ ਰਾਜਿੰਦਰ ਮੰਡ, ਰਾਜੇਸ਼ ਥਾਪਾ, ਪੈਰਾ ਮੈਡੀਕਲ ਦੇ ਆਗੂ ਡਾ. ਇੰਦਰਜੀਤ ਸਿੰਘ ਗਿੱਲ, ਮੋਹਣ ਲਾਲ ਫਿਲੌਰੀਆ, ਸੁਸ਼ੀਲ ਦੁਸਾਂਝ, ਡਾ. ਕਰਮਜੀਤ, ਸਤਪਾਲ ਭੀਖੀ, ਡਾ. ਕੁਲਦੀਪ ਦੀਪ, ਡਾ. ਅਨੂਪ ਸਿੰਘ, ਡਾ. ਦਰਸ਼ਨ ਬੁੱਟਰ ਅਤੇ ਮਦਨ ਵੀਰਾ ਆਦਿ ਸੈਂਕੜੇ ਲੋਕਾਂ ਨੇ ਦੇਸ ਰਾਜ ਕਾਲੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਾਹਿਤ ਅਕਾਦਮੀ ਦੀ ਤਰਫ਼ੋਂ ਡਾ. ਸਰਬਜੀਤ ਕੌਰ ਸੋਹਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਦੇਸ ਰਾਜ ਕਾਲੀ ਦੀ ਸਮੁੱਚੀ ਰਚਨਾਵਲੀ ਨੂੰ ਢੁਕਵੀਆਂ ਜਿਲਦਾਂ ’ਚ ਸੰਭਾਲਿਆ ਜਾਏਗਾ।
ਸਮੂਹ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ ਰਾਜ ਕਾਲੀ ਸਾਡੇ ਕੋਲੋਂ ਉਸ ਵੇਲੇ ਵਿਛੜੇ ਹਨ, ਜਦੋਂ ਮੁਲਕ ਨੂੰ ਅਜਿਹੇ ਬੁੱਧੀਮਾਨ ਲੇਖਕਾਂ, ਕਹਾਣੀਕਾਰਾਂ ਤੇ ਨਾਵਲਕਾਰਾਂ ਦੀ ਬੇਹੱਦ ਲੋੜ ਹੈ।
ਬੁਲਾਰਿਆਂ ਕਿਹਾ ਕਿ ਮੁਲਕ ਦੇ ਜੰਗਲ, ਜਲ, ਜ਼ਮੀਨ, ਔਰਤਾਂ, ਸਿੱਖਿਆ, ਸਿਹਤ, ਰੁਜ਼ਗਾਰ, ਇਤਿਹਾਸ, ਸਾਹਿਤ, ਕਲਾ, ਮਾਂ ਬੋਲੀ, ਸਾਂਝੇ ਇਤਿਹਾਸ, ਵਿਰਾਸਤ ਨੂੰ ਲੁੱਟਣ, ਵਿਗਾੜਨ, ਫ਼ਿਰਕੇਦਾਰਾਨਾ ਅਤੇ ਰਾਜਕੀ ਹਮਲੇ ਹੋ ਰਹੇ ਹਨ। ਅੱਜ ਜਿਵੇਂ ਮੁਲਕ ਨੂੰ ਫ਼ਿਰਕੂ ਲੀਹਾਂ ’ਤੇ ਵੰਡਣ, ਲੜਾਉਣ ਲਈ ਕਦਮ ਚੁੱਕੇ ਜਾ ਰਹੇ ਹਨ, ਇਹਨਾਂ ਮੌਕਿਆਂ ਵੇਲੇ ਜਿਵੇਂ ਦੇਸ ਰਾਜ ਕਾਲੀ ਬੇਬਾਕ ਅਤੇ ਨਿਧੜਕ ਆਵਾਜ਼ ਬੁਲੰਦ ਕਰਦਾ ਸੀ, ਉਸੇ ਤਰ੍ਹਾਂ ਜਾਗਦੀ ਜਮੀਰ ਵਾਲੇ ਕਾਫ਼ਲੇ ਮੈਦਾਨ ’ਚ ਨਿਤਰਨ ਲਈ ਤਿਆਰ ਕਰਨਾ ਹੀ ਦੇਸ ਰਾਜ ਕਾਲੀ ਨੂੰ ਸੱਚੀ ਸ਼ਰਧਾਂਜਲੀ ਹੋਏਗੀ।
ਨਾਥਾਂ, ਜੋਗੀਆਂ ਤੋਂ ਲੈ ਕੇ ਸ਼ਾਹੀਨ ਬਾਗ਼, ਮਨੀਪੁਰ ਆਦਿਵਾਸੀ ਅਤੇ ਦਿੱਲੀ ਕਿਸਾਨ ਮੋਰਚਾ ਆਦਿ ਦੀਆਂ ਪੈੜਾਂ ਨੱਪਦੇ ਸਦਾ ਸਫ਼ਰ ’ਤੇ ਰਹਿਣ ਵਾਲੇ ਕਲਮਕਾਰ ਦੇਸ ਰਾਜ ਕਾਲੀ ਦੀ ਯਾਦ ਜ਼ਿੰਦਾ ਰੱਖਣ ਲਈ ਸਮਾਗਮ ’ਚ ਜੁੜੇ ਲੋਕਾਂ ਨੇ ਸਵੈ ਨਾਲ ਗੰਭੀਰ ਕੌਲ-ਕਰਾਰ ਕੀਤੇ।
ਪਰਵਾਰ ਦੀ ਤਰਫ਼ੋਂ ਕਵੀ ਮੱਖਣ ਮਾਨ ਅਤੇ ਡਾ. ਸੈਲੇਸ਼ ਨੇ ਵਿਸ਼ੇਸ਼ ਤੌਰ ’ਤੇ ਆਏ ਸਭਨਾਂ ਹਾਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸੰਗਤ ਰਾਮ ਨੇ ਅਦਾ ਕੀਤੀ।

LEAVE A REPLY

Please enter your comment!
Please enter your name here