ਕੀਵ : ਪੂਰਬੀ ਯੂਕਰੇਨ ਦੇ ਕੋਸਟੀਆਨਟਿਨਕਾ ਸ਼ਹਿਰ ’ਚ ਰੂਸ ਦੇ ਹਮਲੇ ’ਚ 17 ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸ ਹਮਲੇ ’ਚ ਮਾਰਕੀਟ, ਦੁਕਾਨਾਂ ਅਤੇ ਫਾਰਮੇਸੀ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਸ਼ਹਿਰ ਪੂਰਬੀ ਫਰੰਟ ਲਾਈਨ ’ਚ ਯੂਕਰੇਨ ਦੇ ਤਬਾਹ ਸ਼ਹਿਰ ਬਖਮੂਤ ਦੇ ਨੇੜੇ ਹੈ। ਹਮਲੇ ਸਮੇਂ ਬਾਜ਼ਾਰ ’ਚ ਕਾਫ਼ੀ ਭੀੜ ਸੀ। ਰਾਸ਼ਟਰਪਤੀ ਵਲੋਦੋਮੀਰ ਜੇਲੈਂਸਕੀ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾ ਕਿਹਾ ਕਿ ਇਸ ਹਮਲੇ ’ਚ ਮਾਰੇ ਗਏ ਲੋਕਾਂ ’ਚ ਇੱਕ ਬੱਚਾ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ’ਚ ਕੁੱਲ 32 ਲੋਕ ਜ਼ਖ਼ਮੀ ਹੋਏ। ਇਹ ਹਮਲਾ ਉਸ ਸਮੇਂ ਹੋਇਆ, ਜਦ ਅਮਰੀਕੀ ਵਿਦੇਸ਼ ਮੰਤਰੀ ਐਂਟਲੀ ਬਲਿੰਕਟਨ ਯੂਕਰੇਨ ਦੌਰੇ ’ਤੇ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨਾਲ ਮੁਲਾਕਾਤ ਕੀਤੀ। ਨਾਲ ਹੀ ਉਨ੍ਹਾ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਦੇ ਨਾਲ ਵੀ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾ ਕਿਹਾ ਕਿ ਰੂਸ ਖਿਲਾਫ਼ ਜਵਾਬੀ ਕਾਰਵਾਈ ’ਚ ਯੂਕਰੇਨ ਨੇ ਮਹੱਤਵਪੂਰਨ ਸਫ਼ਲਤਾ ਪ੍ਰਾਪਤ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਯੂਕਰੇਨ ਨੂੰ 1 ਬਿਲੀਅਨ ਡਾਲਰ ਦੀ ਸਹਾਇਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਇਸ ਨਵੀਂ ਸਹਾਇਤਾ ’ਚ ਯੂਕਰੇਨ ਨੂੰ 665 ਮਿਲੀਅਨ ਡਾਲਰ ਦੀ ਫੌਜ ਅਤੇ ਸੁੁਰੱਖਿਆ ਸਹਾਇਤਾ ਸ਼ਾਮਲ ਹੈ।




