ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਕਿ ਉਸ ਨੂੰ ਚੋਣ ਪ੍ਰਕਿਰਿਆ ‘ਚ ਦਖ਼ਲ ਦੇਣ ਦਾ ਪੂਰਾ ਹੱਕ ਹੈ | ਇੱਕ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਸਿਖਰਲੀ ਅਦਾਲਤ ਚੋਣ ਨਾਲ ਜੁੜੀ ਪ੍ਰਕਿਰਿਆ ‘ਚ ਦਖ਼ਲ ਨਹੀਂ ਦਿੰਦੀ, ਪਰ ਇਹ ਆਖਰੀ ਸੱਚ ਨਹੀਂ | ਕੋਰਟ ਨੇ ਦੱਸਿਆ ਕਿ ਇਹ ਕਦੋਂ ਵੀ ਹੋ ਸਕਦਾ ਹੈ | ਜਸਟਿਸ ਵਿਕਰਮਨਾਥ ਅਤੇ ਜਸਟਿਸ ਅਹਿਸਾਨਦੀਨ ਅਮਾਨਉਲ੍ਹਾ ਦੀ ਬੈਂਚ ਨੇ ਕਿਹਾ ਕਿ ਜੇਕਰ ਕੋਈ ਅਫਸਰ ਗਲਤ ਕਰਦਾ ਦਿਖਾਈ ਦਿੰਦਾ ਹੈ ਤਾਂ ਕੋਰਟ ਦਾ ਫਰਜ਼ ਹੈ ਕਿ ਉਹ ਇਸ ਮਾਮਲੇ ‘ਚ ਦਖ਼ਲ ਦੇਵੇ | ਬੈਂਚ ਨੇ ਕਿਹਾ ਕਿ ਲੋਕਤੰਤਰ ਨੂੰ ਬਹਾਲ ਰੱਖਣ ਲਈ ਸਭ ਤੋਂ ਜ਼ਰੂਰੀ ਪ੍ਰਕਿਰਿਆ ਚੋਣਾਂ ਹੁੰਦੀਆਂ ਹਨ | ਚੋਣਾਂ ਜ਼ਰੀਏ ਹੀ ਜਨ ਪ੍ਰਤੀਨਿਧੀ ਚੁਣੇ ਜਾਂਦੇ ਹਨ | ਉਨ੍ਹਾ ਜ਼ਰੀਏ ਇੱਕ ਸਰਕਾਰ ਬਣਦੀ ਹੈ, ਜੋ ਦੇਸ਼ ਜਾਂ ਕਿਸੇ ਸੂਬੇ ਨੂੰ ਚਲਾਉਂਦੀ ਹੈ | ਇਸ ਸਾਰੇ ਮਸਲੇ ‘ਚ ਸਭ ਤੋਂ ਅਹਿਮ ਚੀਜ਼ ਚੋਣਾਂ ਹਨ | ਚੋਣਾਂ ਜੇਕਰ ਨਿਰਪੱਖ ਤਰੀਕੇ ਨਾਲ ਹੁੰਦੀਆਂ ਹਨ ਤਾਂ ਜਨਤਾ ਵੱਲੋਂ ਚੁਣੇ ਹੋਏ ਪ੍ਰਤੀਨਿਧ ਸੰਸਦ ਜਾਂ ਵਿਧਾਨ ਸਭਾ ‘ਚ ਪਹੁੰਚਦੇ ਹਨ, ਪਰ ਜੇਕਰ ਚੋਣ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕੋਰਟ ਮੂਕ ਦਰਸ਼ਕ ਬਣ ਕੇ ਨਹੀਂ ਰਹਿ ਸਕਦੀ | ਇਸ ‘ਚ ਉਸ ਨੂੰ ਚੋਣ ਪ੍ਰਕਿਰਿਆ ‘ਚ ਦਖ਼ਲ ਦੇਣਾ ਹੀ ਹੋਵੇਗਾ |





