ਪੈਰਿਸ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਥੇ ਵਿਦਿਆਰਥੀਆਂ ਤੇ ਸਿੱਖਿਆ ਸ਼ਾਸਤਰੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਭਾਰਤ ’ਚ ਸੱਤਾਧਾਰੀ ਭਾਜਪਾ ਕਿਸੇ ਵੀ ਕੀਮਤ ’ਤੇ ਸੱਤਾ ’ਤੇ ਬਣੇ ਰਹਿਣਾ ਚਾਹੁੰਦੀ ਹੈ ਅਤੇ ਉਸ ਦੀਆਂ ਕਾਰਵਾਈਆਂ ’ਚ ਕੁਝ ਵੀ ਹਿੰਦੂ ਨਹੀਂ । ਸਾਇੰਸਜ਼ ਪੀਓ ਯੂਨੀਵਰਸਿਟੀ ’ਚ ਰਾਹੁਲ ਨੇ ਆਪਣੀ ‘ਭਾਰਤ ਜੋੜੋ ਯਾਤਰਾ’, ਭਾਰਤ ਵਿਚ ਜਮਹੂਰੀ ਢਾਂਚਿਆਂ ਨੂੰ ਬਚਾਉਣ ਲਈ ਵਿਰੋਧੀ ਧਿਰਾਂ ਦੇ ਗੱਠਜੋੜ ਵੱਲੋਂ ਲੜੀ ਜਾ ਰਹੀ ਲੜਾਈ, ਆਲਮੀ ਤਬਦੀਲੀ ਤੇ ਹੋਰ ਕਈ ਅਹਿਮ ਵਿਸ਼ਿਆਂ ’ਤੇ ਆਪਣੇ ਵਿਚਾਰ ਰੱਖੇ।
ਉਨ੍ਹਾ ਕਿਹਾ ਕਿ ਵਿਰੋਧੀ ਧਿਰ ‘ਦੇਸ਼ ਦੀ ਰੂਹ’ ਵਾਸਤੇ ਲੜਨ ਲਈ ਵਚਨਬੱਧ ਹੈ ਅਤੇ ਦੇਸ਼ ਮੌਜੂਦਾ ‘ਅਸ਼ਾਂਤੀ’ ਤੋਂ ‘ਸਹੀ ਤਰੀਕੇ ਨਾਲ ਉਭਰ’ ਆਏਗਾ। ਉਨ੍ਹਾ ਕਿਹਾਮੈਂ ਗੀਤਾ ਪੜ੍ਹੀ ਹੈ, ਮੈਂ ਕਈ ਉਪਨਿਸ਼ਦ ਪੜ੍ਹੇ ਹਨ, ਮੈਂ ਬਹੁਤ ਸਾਰੀਆਂ ਹਿੰਦੂ ਕਿਤਾਬਾਂ ਵੀ ਪੜ੍ਹੀਆਂ ਹਨ, ਪਰ ਭਾਜਪਾ ਜੋ ਕਰਦੀ ਹੈ, ਉਸ ’ਚ ਕੁਝ ਵੀ ਹਿੰਦੂ ਨਹੀਂ, ਬਿਲਕੁਲ ਕੁਝ ਵੀ ਨਹੀਂ ਹੈ। ਮੈਂ ਕਦੇ ਕਿਸੇ ਹਿੰਦੂ ਕਿਤਾਬ ਵਿਚ ਨਹੀਂ ਪੜ੍ਹਿਆ ਤੇ ਨਾ ਕਿਸੇ ਹਿੰਦੂ ਵਿਦਵਾਨ ਤੋਂ ਸੁਣਿਆ ਕਿ ਤੁਹਾਨੂੰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ, ਜਿਹੜੇ ਤੁਹਾਡੇ ਨਾਲੋਂ ਕਮਜ਼ੋਰ ਹਨ। ਇਹ ਭਾਜਪਾ ਵਾਲੇ ਹਿੰਦੂ ਰਾਸ਼ਟਰਵਾਦੀ ਨਹੀਂ ਹਨ। ਉਨ੍ਹਾਂ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ। ਉਹ ਸੱਤਾ ਲਈ ਕੁਝ ਵੀ ਕਰਦੇ ਹਨ। ਰਾਹੁਲ ਗਾਂਧੀ ਨੇ ਇਹ ਵੱਡੀ ਗੱਲ ਵੀ ਕਹੀ ਕਿ ਭਾਰਤ ਵਿਚ ਸਿੱਖਾਂ ਸਣੇ 20 ਕਰੋੜ ਲੋਕ ਅਸਹਿਜ ਮਹਿਸੂਸ ਕਰ ਰਹੇ ਹਨ। ਇਹ ਸਾਡੇ ਲਈ ਸ਼ਰਮ ਦੀ ਗੱਲ ਹੈ। ਇਸ ਨੂੰ ਠੀਕ ਕਰਨ ਦੀ ਲੋੜ ਹੈ। ਘੱਟ ਗਿਣਤੀਆਂ ਤੋਂ ਇਲਾਵਾ ਕਈ ਮਹਿਲਾਵਾਂ ਵੀ ਹਨ, ਜੋ ਖੁਦ ਨੂੰ ਅਸਹਿਜ ਮਹਿਸੂਸ ਕਰ ਰਹੀਆਂ ਹਨ।
ਰਾਹੁਲ ਨੇ ਕਿਹਾਮੋਦੀ ਸਰਕਾਰ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਨਾਂਅ ਵਾਲੇ ਗੱਠਜੋੜ ਤੋਂ ਚਿੜ੍ਹ ਗਈ ਹੈ। ਇਸੇ ਕਰਕੇ ਦੇਸ਼ ਦਾ ਨਾਂਅ ਇੰਡੀਆ ਤੋ ਬਦਲ ਕੇ ਭਾਰਤ ਕਰਨਾ ਚਾਹੁੰਦੀ ਹੈ। ਰਾਹੁਲ ਨੇ ਕਿਹਾਆਰ ਐੱਸ ਐੱਸ ਤੇ ਭਾਜਪਾ ਭਾਰਤ ’ਚ ਘੱਟ ਗਿਣਤੀਆਂ ਤੋਂ ਇਲਾਵਾ ਹੇਠਲੀਆਂ ਤੇ ਪੱਛੜੀਆਂ ਜਾਤਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਅਜਿਹਾ ਭਾਰਤ ਨਹੀਂ ਚਾਹੁੰਦਾ, ਜਿੱਥੇ ਲੋਕਾਂ ਨਾਲ ਬਦਸਲੂਕੀ ਹੁੰਦੀ ਹੋਵੇ।