ਮੁੰਬਈ : ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ’ਚ ਕਿਸਾਨਾਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਖਰਾਬ ਫਸਲ, ਕਰਜ਼ ਚੁਕਾਉਣ ਦਾ ਦਬਾਅ ਅਤੇ ਖਰਾਬ ਮਾਲੀ ਹਾਲਤ ਦੇ ਚਲਦੇ ਇੱਥੇ ਸਾਲ 2023 ’ਚ ਹੀ 685 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਅੰਕੜਾ 31 ਅਗਸਤ ਤੱਕ ਦਾ ਹੈ, ਜਿਸ ਨਾਲ ਅਧਿਕਾਰੀਆਂ ਅਤੇ ਸਰਕਾਰ ਦੀ ਚਿੰਤਾ ਵਧ ਗਈ ਹੈ। ਇਕ ਰਿਪੋਰਟ ਮੁਤਾਬਕ ਮੌਤਾਂ ਦਾ ਸਭ ਤੋਂ ਜ਼ਿਆਦਾ ਅੰਕੜਾ ਬੀੜ ਜ਼ਿਲ੍ਹੇ ਤੋਂ ਹੈ, ਜਿੱਥੇ ਹੁਣ ਤੱਕ 186 ਕਿਸਾਨ ਮੌਤ ਨੂੰ ਗਲੇ ਲਾ ਚੁੱਕੇ ਹਨ। ਬੀੜ ਮਹਾਰਾਸ਼ਟਰ ਦੇ ਮੌਜੂਦਾ ਖੇਤੀ ਮੰਤਰੀ ਧਨੰਜੈ ਮੁੰਡੇ ਦਾ ਗ੍ਰਹਿ ਜ਼ਿਲ੍ਹਾ ਹੈ। ਮੁੰਡੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਅਜੀਤ ਪਵਾਰ ਗੁੱਟ ਦਾ ਹਿੱਸਾ ਹਨ, ਜਿਸ ਨੇ ਹਾਲ ਹੀ ’ਚ ਸ਼ਰਦ ਪਵਾਰ ਦੀ ਅਗਵਾਈ ਨੂੰ ਠੁਕਰਾ ਕੇ ਮੁੱਖ ਮੰਤਰੀ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। ਮੁੰਡੇ ਨੂੰ ਇਸ ਦੇ ਦੋ ਹਫ਼ਤੇ ਬਾਅਦ ਹੀ ਸ਼ਿੰਦੇ ਸਰਕਾਰ ’ਚ ਖੇਤੀ ਮੰਤਰਾਲੇ ਦੀ ਜ਼ਿੰਮੇਵਾਰੀ ਮਿਲ ਗਈ ਸੀ।
ਜ਼ਿਕਰਯੋਗ ਹੈ ਕਿ ਮੱਧ ਮਹਾਰਾਸ਼ਟਰ ਦੇ ਇਸ ਖੁਸ਼ਕ ਖੇਤਰ ’ਚ ਅੱਠ ਜ਼ਿਲ੍ਹੇ ਔਰੰਗਾਬਾਦ, ਜਾਲਾਨਾ, ਬੀੜ, ਨੰਦੇੜ, ਉਸਮਾਨਾਬਾਦ, ਹਿੰਗੋਲੀ ਅਤੇ ਲਾਤੂਰ ਹਨ। ਇੱਥੋਂ ਦੇ ਡਵੀਜ਼ਨਲ ਕਮਿਸ਼ਨਰ ਦੇ ਦਫ਼ਤਰ ਦੀ ਰਿਪੋਰਟ ਮੁਤਾਬਕ ਇੱਕ ਜਨਵਰੀ 2023 ਤੋਂ 31 ਅਗਸਤ 2023 ਵਿਚਾਲੇ ਮਰਾਠਾਵਾੜਾ ’ਚ 685 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਮਰਾਠਵਾੜਾ ’ਚ ਸਭ ਤੋਂ ਜ਼ਿਆਦਾ ਕਿਸਾਨਾਂ ਨੇ ਬੀੜ ’ਚ ਜਾਨ ਦਿੱਤੀ। ਇਸ ਤੋਂ ਇਲਾਵਾ 2023 ’ਚ ਹੁਣ ਤੱਕ ਉਸਮਾਨਾਬਾਦ ’ਚ 113, ਨੰਦੇੜ ’ਚ 110, ਔਰੰਗਾਬਾਦ ’ਚ 95, ਪਰਭਨੀ ’ਚ 58, ਲਾਤੂਰ ’ਚ 51, ਜਾਲਾਨਾ ’ਚ 50 ਅਤੇ ਹਿੰਗੋਲੀ ’ਚ 22 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਇਨ੍ਹਾਂ ’ਚੋਂ 294 ਨੇ ਆਪਣੀ ਜਾਨ ਮਾਨਸੂਨ ਦੇ ਮਹੀਨੇ ਜੂਨ ਤੋਂ ਅਗਸਤ ਵਿਚਾਲੇ ਦਿੱਤੀ। ਮਹਾਰਾਸ਼ਟਰ ਦਾ ਮਰਾਠਵਾੜਾ ਖੇਤਰ ਇਸ ਸਾਲ ਵੀ ਬਾਰਿਸ਼ ਦੀ ਕਮੀ ਨਾਲ ਜੂਝ ਰਿਹਾ ਹੈ। ਇੱਥੇ ਇਸ ਮਾਨਸੂਨ ਸੀਜ਼ਨ ’ਚ 20.7 ਫੀਸਦੀ ਤੱਕ ਘੱਟ ਬਾਰਿਸ਼ ਹੋਈ।