ਫਿਰੋਜ਼ਪੁਰ (ਅਸ਼ੋਕ ਸ਼ਰਮਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੀ ਇਤਿਹਾਸਕ ਜੰਗ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ 21 ਸਿੱਖ ਸੂਰਮਿਆਂ ਦੀ ਯਾਦ ਵਿੱਚ ਬਣਨ ਵਾਲੀ ਯਾਦਗਾਰ ਦਾ ਨਿਰਮਾਣ ਕਾਰਜ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਐਲਾਨ ਕੀਤਾ। ਇੱਥੇ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਯਾਦਗਾਰ ਦੀ ਉਸਾਰੀ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਇਸ ਯਾਦਗਾਰ ਦਾ ਕੰਮ ਹਰ ਹਾਲ ’ਚ ਛੇ ਮਹੀਨਿਆਂ ’ਚ ਪੂਰਾ ਕਰ ਲਿਆ ਜਾਵੇਗਾ। ਸਾਰਾਗੜ੍ਹੀ ਜੰਗ ਦੌਰਾਨ ਸੈਨਿਕਾਂ ਦੀ ਸੂਰਮਗਤੀ ਅਤੇ ਕੁਰਬਾਨੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਨਿਸ਼ਕਾਮ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਜੰਗੀ ਯਾਦਗਾਰ ਦੇ ਕੰਮ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨਗੇ, ਤਾਂ ਕਿ ਇਸ ਨੂੰ ਛੇ ਮਹੀਨਿਆਂ ’ਚ ਮੁਕੰਮਲ ਕੀਤੇ ਜਾਣਾ ਯਕੀਨੀ ਬਣਾਇਆ ਜਾ ਸਕੇ। ਇਸ ਨੇਕ ਕਾਰਜ ’ਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਅਣਉਚਿਤ ਹੋਵੇਗੀ। ਉਨ੍ਹਾ ਕਿਹਾ ਕਿ ਇਸ ਯਾਦਗਾਰ ਦੇ ਨਿਰਮਾਣ ਮੌਕੇ ਮਿਆਰਤਾ ਦੇ ਪੈਮਾਨਿਆਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਉਹਨਾ ਕਿਹਾ ਕਿ ਨਿਰਮਾਣ ਦੌਰਾਨ ਕਿਸੇ ਵੀ ਤਰ੍ਹਾਂ ਦੇ ਭਿ੍ਰਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਅਜਿਹੀ ਹਰਕਤ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਪੰਜਾਬ ਦੇ ਇਤਿਹਾਸ ’ਚ ਬੇਹੱਦ ਮਹੱਤਵ ਰੱਖਦੇ ਇਸ ਸਥਾਨ ਨੂੰ ਅਣਗੌਲਿਆ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਸਖਤ ਨਿਖੇਧੀ ਕੀਤੀ। ਉਨ੍ਹਾ ਕਿਹਾ ਕਿ ਪਿਛਲੀ ਸਰਕਾਰ ਨੇ ਇਹ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਸਾਲ 2019 ’ਚ ਇੱਕ ਕਰੋੜ ਰੁਪਏ ਜਾਰੀ ਕੀਤੇ ਸਨ। ਇਹ ਕਿੰਨੇ ਦੁੱਖ ਦੀ ਗੱਲ ਹੈ ਕਿ ਇਸ ਯਾਦਗਾਰ ਦਾ ਕੰਮ ਕਦੇ ਵੀ ਸ਼ੁਰੂ ਨਹੀਂ ਹੋਇਆ, ਕਿਉਂ ਜੋ ਇਸ ਲਈ 25 ਲੱਖ ਰੁਪਏ ਹੋਰ ਲੋੜੀਂਦੇ ਸਨ, ਜੋ ਜਾਰੀ ਨਹੀਂ ਕੀਤੇ ਗਏ। ਮੁੱਖ ਮੰਤਰੀ ਨੇ ਫਿਰੋਜ਼ਪੁਰ ਜਿਲ੍ਹੇ ਨੂੰ ਸੂਬੇ ’ਚ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਠੋਸ ਉਪਰਾਲੇ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾ ਕਿਹਾ ਕਿ ਸਾਰਾਗੜ੍ਹੀ ਯਾਦਗਾਰ ਅਤੇ ਹੁਸੈਨੀਵਾਲਾ, ਜਿੱਥੇ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਇਸ ਜ਼ਿਲ੍ਹੇ ’ਚ ਪੈਂਦੀਆਂ ਹਨ। ਮਾਨ ਨੇ ਕਿਹਾ ਕਿ ਹੁਸੈਨੀਵਾਲਾ ਸਰਹੱਦ ਨਾਲ ਲੱਗਦੀਆਂ ਇਤਿਹਾਸਕ ਮਹੱਤਤਾ ਵਾਲੀਆਂ ਇਨ੍ਹਾਂ ਥਾਵਾਂ ਨੂੰ ਦੁਨੀਆ ਭਰ ਦੇ ਸੈਲਾਨੀਆਂ ਨੂੰ ਦਿਖਾਇਆ ਜਾਵੇਗਾ।