ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ (ਐੱਸ ਅੱੈਸ ਓ ਸੀ) ਨੇ ਮੰਗਲਵਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਮਾਇਤ ਵਾਲੇ ਫਿਰੌਤੀ ਰੈਕੇਟ ਦਾ ਪਰਦਾ ਫਾਸ਼ ਕਰਦਿਆਂ ਗਰੋਹ ਦੇ ਦੋ ਮੁੱਖ ਕਾਰਕੁਨਾਂ ਨੂੰ ਗਿ੍ਰਫਤਾਰ ਕਰ ਕੇ ਇਨ੍ਹਾਂ ਕੋਲੋਂ ਦੋ .32 ਬੋਰ ਦੇ ਪਿਸਤੌਲ ਸਮੇਤ ਦੋ ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਦੀ ਪਛਾਣ ਤਰਲੋਚਨ ਸਿੰਘ ਉਰਫ ਰਾਹੁਲ ਚੀਮਾ ਵਾਸੀ ਸੈਕਟਰ 26 ਚੰਡੀਗੜ੍ਹ ਅਤੇ ਹਰੀਸ਼ ਉਰਫ ਹੈਰੀ ਉਰਫ ਬਾਬਾ ਪਿੰਡ ਬੁਪਾਨੀਆ ਜ਼ਿਲ੍ਹਾ ਝੱਜਰ, ਹਰਿਆਣਾ ਵਜੋਂ ਹੋਈ ਹੈ। ਏ ਆਈ ਜੀ ਐੱਸ ਐੱਸ ਓ ਸੀ ਮੁਹਾਲੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਉਨ੍ਹਾ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਬਿਸ਼ਨੋਈ ਗਰੋਹ ਦੇ ਕੁਝ ਮੈਂਬਰ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਦੇ ਕਾਰੋਬਾਰੀਆਂ ਅਤੇ ਰਸੂਖ਼ਦਾਰ ਵਿਅਕਤੀਆਂ ਨੂੰ ਫਿਰੌਤੀ ਲਈ ਧਮਕੀ ਭਰੀਆਂ ਕਾਲਾਂ ਕਰ ਰਹੇ ਹਨ ਅਤੇ ਇਲਾਕੇ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਵੀ ਬਣਾ ਰਹੇ ਹਨ। ਪੁਲਸ ਟੀਮਾਂ ਨੇ ਸੋਮਵਾਰ ਮੁਲਜ਼ਮ ਤਰਲੋਚਨ ਸਿੰਘ ਨੂੰ ਦੋ ਕਾਰਤੂਸਾਂ ਅਤੇ ਇੱਕ ਪਿਸਤੌਲ ਸਮੇਤ ਗਿ੍ਰਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਮੁਲਜ਼ਮ ਹਰੀਸ਼ ਉਰਫ਼ ਹੈਰੀ ਨੂੰ ਵੀ ਇੱਕ ਪਿਸਤੌਲ ਸਮੇਤ ਗਿ੍ਰਫ਼ਤਾਰ ਕਰ ਲਿਆ ਗਿਆ। ਏ ਆਈ ਜੀ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਪ੍ਰਸਿੱਧੀ ਪ੍ਰਾਪਤ ਕਰਨਾ ਚਾਹੁੰਦੇ ਸਨ। ਉਹਨਾ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪ੍ਰੋਫਾਈਲ ਬਣਾਏ ਸਨ, ਜਿੱਥੇ ਉਹ ਨੌਜਵਾਨਾਂ ਨੂੰ ਭਰਮਾਉਣ ਲਈ ਹਥਿਆਰਾਂ ਅਤੇ ਗੋਲੀ-ਸਿੱਕੇ ਦਾ ਪ੍ਰਦਰਸ਼ਨ ਕਰਦੇ ਸਨ, ਗਰੋਹ ਲਈ ਕੰਮ ਕਰਨ ਲਈ ਉਕਸਾਉਂਦੇ ਸਨ ਅਤੇ ਚੰਗੀ ਰਕਮ ਦੇਣ ਦਾ ਵਾਅਦਾ ਕਰਕੇ ਉੱਚ ਪੱਧਰੀ ਜੀਵਨ ਸ਼ੈਲੀ ਦੇਣ ਦੀ ਪੇਸ਼ਕਸ਼ ਕਰਦੇ ਸਨ। ਦੋਵਾਂ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਤਿੰਨ ਦਿਨਾਂ ਦਾ ਰਿਮਾਂਡ ਲੈ ਲਿਆ ਹੈ।