ਜੈਪੁਰ : ਰਾਜਸਥਾਨ ਦੇ ਕੋਟਾ ‘ਚ ਖੁਦਕੁਸ਼ੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ | ਖ਼ਬਰ ਇਹ ਹੈ ਕਿ 16 ਸਾਲਾ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ | ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਨੀਟ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ | ਖੁਦਕੁਸ਼ੀ ਕਰਨ ਵਾਲੀ ਵਿਦਿਆਰਥਣ ਝਾਰਖੰਡ ਦੀ ਰਾਜਧਾਨੀ ਰਾਂਚੀ ਦੀ ਰਹਿਣ ਵਾਲੀ ਹੈ | ਮਿ੍ਤਕ ਦਾ ਨਾਂਅ ਰਿਚਾ ਸਿੰਘ ਹੈ | ਉਹ ਰੋਡ ਨੰਬਰ ਇੱਕ ਬਲੇਜ ਹਾਸਟਲ ਇਲੈਕਟ੍ਰਾਨਿਕ ਕੰਪਲੈਕਸ ‘ਚ ਰਹਿ ਕੇ ਪੜ੍ਹਾਈ ਕਰ ਰਹੀ ਸੀ | ਫਿਲਹਾਲ ਕੋਟਾ ਸ਼ਹਿਰ ਦੇ ਵਿਗਿਆਨ ਨਗਰ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ | ਵਿਦਿਆਰਥਣ ਮਈ ਮਹੀਨੇ ‘ਚ ਹੀ ਹਾਸਟਲ ‘ਚ ਰਹਿਣ ਲਈ ਆਈ ਸੀ | ਮੰਗਲਵਾਰ ਦੇਰ ਸ਼ਾਮ ਜਦ ਵਿਦਿਆਰਥਣ ਆਪਣੇ ਕਮਰੇ ਤੋਂ ਬਾਹਰ ਨਾ ਆਈ ਤਾਂ ਉਸ ਦੀ ਦੋਸਤ ਨੇ ਕਮਰੇ ਦਾ ਗੇਟ ਖੜਕਾਇਆ, ਪਰ ਕੋਈ ਜਵਾਬ ਨਾ ਆਇਆ | ਜਿਸ ਤੋਂ ਬਾਅਦ ਉਸ ਦੀ ਸੂਚਨਾ ਹਾਸਟਲ ‘ਚ ਮੌਜੂਦ ਮੁਲਾਜ਼ਮਾਂ ਨੂੰ ਦਿੱਤੀ ਗਈ | ਮੌਕੇ ‘ਤੇ ਪਹੁੰਚੀ ਪੁਲਸ ਨੇ ਕਮਰੇ ਦੇ ਅੰਦਰ ਵਿਦਿਆਰਥਣ ਦੀ ਲਾਸ਼ ਬਰਾਮਦ ਕੀਤੀ | ਫਿਲਹਾਲ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ | ਜਿਕਰਯੋਗ ਹੈ ਕਿ ਬੀਤੇ 8 ਮਹੀਨਿਆਂ ‘ਚ ਕੋਟਾ ਵਿੱਚ ਖੁਦਕੁਸ਼ੀ ਦਾ ਇਹ 25ਵਾਂ ਮਾਮਲਾ ਸਾਹਮਣੇ ਆ ਚੁੱਕਾ ਹੈ | ਰਾਜਸਥਾਨ ਪੁਲਸ ਨੇ ਪਿਛਲੇ ਅੱਠ ਮਹੀਨੇ ਦੇ ਡਾਟਾ ਤੋਂ ਇਹ ਖੁਲਾਸਾ ਕੀਤਾ ਹੈ | ਮਤਲਬ ਕਿ ਹਰ ਮਹੀਨੇ ਔਸਤਨ ਤਿੰਨ ਵਿਦਿਆਰਥੀਆਂ ਨੇ ਪੜ੍ਹਾਈ ਦੇ ਦਬਾਅ ‘ਚ ਆ ਕੇ ਖੁਦਕੁਸ਼ੀ ਕੀਤੀ ਹੈ |