34.6 C
Jalandhar
Thursday, July 25, 2024
spot_img

ਪਰਨਾਲਾ ਉੱਥੇ ਦਾ ਉੱਥੇ

ਜੀ-20 ਸਿਖਰ ਸੰਮੇਲਨ ਦੇ ਐਲਾਨਨਾਮੇ ਵਿੱਚ ਦਰਜ ਸੰਕਲਪਾਂ ਦੀ ਗੱਲ ਕਰੀਏ ਤਾਂ ਇਸ ‘ਤੇ ਇਹ ਕਹਾਵਤ ਪੂਰੀ ਢੱੁਕਦੀ ਹੈ ਕਿ ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ | ਵਾਤਾਵਰਨ ਸੁਰੱਖਿਆ ਬਾਰੇ ਇਸ ਦਾ ਹਾਲ ਇਹ ਹੈ ਕਿ ਇਸ ਦੇ ਹਰ ਸਿਖ਼ਰ ਸੰਮੇਲਨ ਤੋਂ ਬਾਅਦ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ | ਇਸ ਵਾਰ ਦੀ ਗਰਮੀ ਦੀ ਰੁੱਤ ਨੇ ਤਪਸ਼ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ |
ਭਾਰਤ, ਜਿਹੜਾ ਜੀ-20 ਸਿਖਰ ਸੰਮੇਲਨ ਦਾ ਮੇਜ਼ਬਾਨ ਸੀ, ਦੇ ਸੱਤਾਧਾਰੀਆਂ ਦੀ ਰਾਜਨੀਤੀ ਦਾ ਮੁੱਖ ਏਜੰਡਾ ਫਿਰਕੂ ਕਤਾਰਬੰਦੀ ਤੇ ਨਫ਼ਰਤ ਫੈਲਾ ਕੇ ਸਮਾਜ ਨੂੰ ਤੋੜਨਾ ਰਿਹਾ ਹੈ | ਸਾਰੇ ਜਨ ਪ੍ਰਚਾਰ ਸਾਧਨਾਂ ‘ਤੇ ਕਬਜ਼ਾ ਕਰਕੇ ਇਸ ਨੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਪੂਰੀ ਤਰ੍ਹਾਂ ਨਕੇਲ ਪਾਈ ਹੋਈ ਹੈ | ਇਸ ਦੇ ਉਲਟ ਸਿਖਰ ਸੰਮੇਲਨ ਵਿੱਚ ਢੋਲ-ਢਮੱਕੇ ਨਾਲ ਧਾਰਮਕ ਸਦਭਾਵਨਾ ਤੇ ਪ੍ਰਗਟਾਵੇ ਦੀ ਅਜ਼ਾਦੀ ਦੇ ਹੱਕ ਵਿੱਚ ਆਪਣੀ ਪ੍ਰਤੀਬੱਧਤਾ ਪ੍ਰਗਟ ਕੀਤੀ ਗਈ ਹੈ |
ਐਲਾਨਨਾਮੇ ਵਿੱਚ ਲਿਖਿਆ ਗਿਆ ਹੈ, ”ਅਸੀਂ ਸੰਯੁਕਤ ਰਾਸ਼ਟਰ ਦੇ ਮਤੇ, ਵਿਸ਼ੇਸ਼ ਰੂਪ ਵਿੱਚ ਧਾਰਮਿਕ ਤੇ ਸੱਭਿਆਚਾਰਕ ਵਖਰੇਵਿਆਂ, ਸੰਵਾਦ ਤੇ ਸਹਿਣਸ਼ੀਲਤਾ ਪ੍ਰਤੀ ਸਨਮਾਨ ਨੂੰ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ | ਅਸੀਂ ਇਸ ਗੱਲ ਉੱਤੇ ਜ਼ੋਰ ਦਿੰਦੇ ਹਾਂ ਕਿ ਧਰਮ ਜਾਂ ਆਸਥਾ ਦੀ ਅਜ਼ਾਦੀ, ਵਿਚਾਰ ਜਾਂ ਪ੍ਰਗਟਾਵੇ ਦੀ ਅਜ਼ਾਦੀ, ਸ਼ਾਂਤੀਪੂਰਨ ਇਕੱਠ ਦਾ ਅਧਿਕਾਰ ਤੇ ਮੇਲ-ਮਿਲਾਪ ਦੀ ਅਜ਼ਾਦੀ ਦਾ ਅਧਿਕਾਰ ਇੱਕ-ਦੂਜੇ ਦੇ ਪੂਰਕ ਤੇ ਆਪਸੀ ਤੌਰ ‘ਤੇ ਮਜ਼ਬੂਤ ਹਨ | ਅਸੀਂ ਉਸ ਭੂਮਿਕਾ ਉੱਤੇ ਜ਼ੋਰ ਦਿੰਦੇ ਹਾਂ, ਜਿਹੜੀ ਆਸਥਾ ਜਾਂ ਧਰਮ ਦੇ ਅਧਾਰ ‘ਤੇ ਭੇਦਭਾਵ ਵਿਰੁੱਧ ਨਿਭਾਈ ਜਾ ਸਕਦੀ ਹੈ |”
ਸਚਾਈ ਇਹ ਹੈ ਕਿ ਜਦੋਂ ਇਹ ਪ੍ਰਵਚਨ ਲਿਖੇ ਜਾ ਰਹੇ ਸਨ ਤਾਂ ਸੁਰੱਖਿਆ ਏਜੰਸੀ ਆਈ ਐੱਨ ਏ ਦੀਆਂ ਟੀਮਾਂ ਉੱਤਰ ਪ੍ਰਦੇਸ਼ ਦੇ ਬਨਾਰਸ ਸਮੇਤ ਦੂਜੇ ਸ਼ਹਿਰਾਂ ਵਿੱਚ ਭਗਤ ਸਿੰਘ ਸਟੂਡੈਂਟਸ ਮੋਰਚਾ ਦੇ ਅਹੁਦੇਦਾਰਾਂ ਦੇ ਦਫ਼ਤਰ ਤੇ ਘਰਾਂ ਉੱਤੇ ਛਾਪੇ ਮਾਰ ਰਹੀਆਂ ਸਨ | ਉਨ੍ਹਾਂ ਦਾ ਕਸੂਰ ਇਹ ਸੀ ਕਿ ਉਹ ਗਰੀਬਾਂ ਦੇ ਮਸਲਿਆਂ ਨੂੰ ਅਵਾਜ਼ ਦੇਣ ਦਾ ਗੁਨਾਹ ਕਰ ਰਹੇ ਸਨ |
ਸ਼ਾਇਦ ਕਿਸੇ ਨੂੰ ਇਹ ਸੱਚ ਲੱਗੇ, ਪਰ ਹਕੀਕਤ ਹੈ ਕਿ ਸੰਮੇਲਨ ਮੌਕੇ ਇੱਕ ਪੈਂਫਲਟ ‘ਭਾਰਤ ਲੋਕਤੰਤਰ ਦੀ ਮਾਂ’ ਵੰਡਿਆ ਗਿਆ ਸੀ | ਇਸ ਪੈਂਫਲਟ ਵਿੱਚ ਅਕਬਰ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਗਏ ਸਨ | ”ਚੰਗੇ ਪ੍ਰਸ਼ਾਸਨ ਲਈ ਧਰਮ ਦਾ ਖਿਆਲ ਕੀਤੇ ਬਿਨਾਂ ਸਭ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ | ਤੀਸਰੇ ਮੁਗਲ ਸ਼ਾਸਕ ਦਾ ਅਜਿਹਾ ਲੋਕਤੰਤਰ ਸੀ | ਉਸ ਨੇ ਇੱਕ ਅਜਿਹਾ ਪੂਜਾ ਘਰ ਬਣਾਇਆ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਬੈਠ ਕੇ ਪੂਜਾ ਕਰਦੇ ਸਨ |” ਮੋਦੀ ਹੈ ਤਾਂ ਸਭ ਮੁਮਕਿਨ ਹੈ | ਹਾਲੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਬੋਲਦਿਆਂ ਮੋਦੀ ਨੇ 1000 ਸਾਲਾਂ ਦੀ ਗੁਲਾਮੀ ਦੇ ਦੌਰ ਦੀ ਗੱਲ ਕਰਕੇ ਮੁਗਲ ਸ਼ਾਸਕਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ | ਜੀ-20 ਵਿੱਚ ਮੋਦੀ ਨੇ ਉਸੇ ਦੌਰ ਦੇ ਇੱਕ ਸ਼ਾਸਕ ਅਕਬਰ ਨੂੰ ਆਪਣੇ ਆਦਰਸ਼ ਦੇ ਤੌਰ ‘ਤੇ ਪੇਸ਼ ਕਰ ਦਿੱਤਾ ਸੀ |
ਸੰਮੇਲਨ ਦੇ ਐਲਾਨਨਾਮੇ ਵਿੱਚ ਦਰਜ ਗੱਲਾਂ ਤੋਂ ਤਾਂ ਏਦਾਂ ਲਗਦਾ ਹੈ ਕਿ ਇਸ ਨੇ ‘ਨਫ਼ਰਤ ਦੇ ਬਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲ੍ਹਣ’ ਦੀ ਤਾਈਦ ਕਰ ਦਿੱਤੀ ਹੈ | ਹਕੀਕਤ ਇਹ ਹੈ ਕਿ ਮੋਦੀ ਤੇ ਆਰ ਐੱਸ ਐੱਸ ਦੀ ਤਾਂ ਸਾਰੀ ਰਾਜਨੀਤੀ ਹੀ ਲਵ ਜੇਹਾਦ, ਅਬਾਦੀ ਜੇਹਾਦ ਤੇ ਵੋਟ ਜੇਹਾਦ ਦੇ ਨਾਅਰਿਆਂ ਹੇਠ ਮੁਸਲਮਾਨ ਵਿਰੋਧੀ ਰਹੀ ਹੈ | ਪ੍ਰਗਟਾਵੇ ਦੀ ਅਜ਼ਾਦੀ ਪ੍ਰਤੀ ਤਾਂ ਮੋਦੀ ਨੂੰ ਏਨੀ ਨਫ਼ਰਤ ਹੈ ਕਿ ਉਹ ਕਿਸੇ ਪੱਤਰਕਾਰ ਦੇ ਮੱਥੇ ਵੀ ਲੱਗ ਕੇ ਰਾਜ਼ੀ ਨਹੀਂ |
ਅਸਲ ਵਿੱਚ ਨਵੀਂ ਦਿੱਲੀ ਸਿਖ਼ਰ ਸੰਮੇਲਨ ਕੁਝ ਅਮੀਰ ਦੇਸ਼ਾਂ ਦੀ ਇੱਕ ਕਲੱਬ ਤੋਂ ਵੱਧ ਕੁਝ ਨਹੀਂ ਹੈ, ਜਿਸ ਵਿੱਚ ਗੱਲਾਂ ਵਧੀਆ ਕੀਤੀਆਂ ਜਾਂਦੀਆਂ ਹਨ, ਪਰ ਅਮਲ ਉਲਟ ਕੀਤਾ ਜਾਂਦਾ ਹੈ |

Related Articles

LEAVE A REPLY

Please enter your comment!
Please enter your name here

Latest Articles